ਕੁਦਰਤ ਦਾ ਦਸਤੂਰ ਹੈ ਕਿ ਪੰਛੀ ਤੇ ਜਾਨਵਰ ਹਮੇਸ਼ਾ ਪ੍ਰਵਾਸ ਕਰਦੇ ਹਨ, ਕਿਉਂਕਿ ਉਨ੍ਹਾਂ ਨੇ ਵਧੀਆ ਰਹਿਣ ਤੇ ਖਾਣ ਦੀ ਥਾਂ ਲੱਭਣੀ ਹੁੰਦੀ ਹੈ। ਕਈ ਵਾਰ ਮਾੜੇ ਮੌਸਮ ਜਾਂ ਸੋਕੇ ਤੋਂ ਬਚਣ ਦੀ ਮਜਬੂਰੀਵੱਸ ਵੀ ਉਨ੍ਹਾਂ ਨੂੰ ਪ੍ਰਵਾਸ ਕਰਨਾ ਪੈਂਦਾ ਹੈ, ਕਿਉਂਕਿ ਉਨ੍ਹਾਂ ਆਪਣੀ ਅੱਗੋਂ ਪੌਦ ਵੀ ਚਲਾਉਣੀ ਹੁੰਦੀ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਕੁਝ ਹਾਰਮੋਨਾਂ ਦੀ ਤਬਦੀਲੀ ਵੀ ਪੰਛੀਆਂ ਨੂੰ ਪ੍ਰਵਾਸ ਵੱਲ ਤੋਰ ਦਿੰਦੀ ਹੈ, ਮੱਛੀਆਂ ਵੀ ਸਮੁੰਦਰਾਂ 'ਚੋਂ ਤੇਜ਼ ਵਗਦੇ ਪਾਣੀ ਦੀਆਂ ਧਾਰਾਂ ਵੱਲ ਅੰਡੇ ਦੇਣ ਤੁਰ ਜਾਂਦੀਆਂ ਹਨ। ਜੇ ਮਨੁੱਖੀ ਸੁਭਾਅ ਦੀ ਗੱਲ ਕਰੀਏ ਤਾਂ 20 ਕੁ ਲੱਖ ਸਾਲਾਂ ਤੋਂ ਅਫਰੀਕਾ ਤੋਂ ਨਿਕਲ ਕੇ ਉਸ ਦਾ ਦੁਨੀਆ ਦੇ ਵੱਖੋ-ਵੱਖ ਹਿੱਸਿਆਂ 'ਚ ਪ੍ਰਵਾਸ ਹੋਣ ਬਾਰੇ ਪਤਾ ਲੱਗਿਆ ਹੈ। ਜਦਕਿ 70 ਕੁ ਹਜ਼ਾਰ ਸਾਲ ਪਹਿਲਾਂ ਵੱਡੀ ਗਿਣਤੀ 'ਚ ਮਨੁੱਖੀ ਪ੍ਰਵਾਸ ਬਾਰੇ ਇਤਿਹਾਸਕ ਤੱਥ ਮਿਲੇ ਹਨ, ਇਤਿਹਾਸਕਾਰਾਂ ਨੇ ਇਸ ਪ੍ਰਵਾਸ ਦਾ ਮੁੱਖ ਕਾਰਨ ਪਾਣੀ ਤੇ ਖਾਣੇ ਦੀ ਕਮੀ ਨੂੰ ਦੱਸਿਆ ਹੈ। ਕੁਝ ਲੋਕ ਵਪਾਰ ਜਾਂ ਕਮਾਈ ਦੇ ਸਾਧਨਾਂ ਲਈ ਨਿਕਲੇ, ਕਈ ਹੱਲਿਆਂ ਕਾਰਨ ਉੱਜੜੇ ਅਤੇ ਕੁਝ ਦੁਨੀਆ ਘੁੰਮਣ ਤੇ ਨਵੀਆਂ ਥਾਵਾਂ ਲੱਭਣ ਲਈ ਘਰ ਛੱਡ ਕੇ ਸਮੁੰਦਰ ਦੇ ਰਾਹ ਵੱਲ ਹੋ ਤੁਰੇ।
ਅੱਜ ਤੱਕ ਕਦੇ ਵੀ ਪ੍ਰਵਾਸ ਰੁਕਿਆ ਨਹੀਂ, ਇਨਸਾਨੀ ਫਿਤਰਤ ਹੀ ਅਜਿਹੀ ਹੈ। ਕਿ ਉਸ ਦੀ ਇਕ ਜਗ੍ਹਾ ਸੰਤੁਸ਼ਟੀ ਨਹੀਂ ਹੁੰਦੀ। ਹੋਰ ਜ਼ਿਆਦਾ ਪਾਉਣ ਦੀ ਲਾਲਸਾ ਉਸ ਨੂੰ ਆਪਣੀ ਜਨਮ ਭੂਮੀ ਤੋਂ ਕੋਹਾਂ ਦੂਰ ਲੈ ਜਾਂਦੀ ਹੈ। ਪੰਜਾਬੀਆਂ ਨੂੰ ਤਾਂ ਮੁੱਢ ਕਦੀਮ ਤੋਂ ਹੱਲਿਆਂ ਦਾ ਸਾਹਮਣਾ ਕਰਨ ਕਰਕੇ ਕਦੇ ਟਿਕਾਣਾ ਨਾ ਮਿਲਿਆ, ਉਨ੍ਹਾਂ ਲਈ ਜਾਨ ਬਚਾਉਣ ਤੇ ਕਦੇ ਦੁਸ਼ਮਣਾਂ 'ਤੇ ਵਾਰ ਕਰਨ ਲਈ ਆਪਣੇ ਘਰ-ਬਾਰ ਜਾਇਦਾਦਾਂ ਛੱਡਣੀਆਂ ਆਮ ਜਿਹੀ ਗੱਲ ਬਣ ਗਈ ਸੀ। ਇਸੇ ਲਈ ਜਾਇਦਾਦਾਂ ਇਕੱਠੀਆਂ ਕਰਨ ਦੀ ਬਜਾਏ ਉਨ੍ਹਾਂ ਨੇ ਜ਼ਿੰਦਗੀ ਪ੍ਰਤੀ ਜੀਣ ਦਾ ਨਜ਼ਰੀਆ ਹੀ ਬਦਲ ਲਿਆ ਖਾਧਾ ਪੀਤਾ ਲਾਹੇ ਦਾ! ਬਾਕੀ ਅਹਿਮਦ ਸ਼ਾਹੇ ਦਾ! ਉਨ੍ਹਾਂ ਲਈ ਹੱਸਣਾ, ਖੇਡਣਾ, ਨੱਚਣਾ, ਗੂੜ੍ਹੇ ਕੱਪੜੇ ਪਾ ਕੇ ਖੁਸ਼ੀ ਮਨਾਉਂਦਿਆਂ ਉਸ ਇਕ ਦਿਨ ਨੂੰ ਹੱਸ ਕੇ ਜੀ ਲੈਣ ਦਾ ਸੰਕੇਤ ਹੁੰਦਾ ਸੀ, ਕਿਉਂਕਿ ਪਤਾ ਨਹੀਂ ਸੀ ਕਿ ਕਲ੍ਹ ਨੂੰ ਰਹਿਣਾ ਹੈ ਜਾਂ ਨਹੀਂ, ਫਿਰ ਕਿਉਂ ਨਾ ਅੱਜ ਦੇ ਦਿਨ ਦੀ ਜ਼ਿੰਦਗੀ ਵਿਚ ਜਸ਼ਨ ਮਨਾ ਲਈਏ। ਜੇਕਰ ਤਿਉਹਾਰ ਤੇ ਲੋਕ ਗੀਤ ਪੰਜਾਬੀਆਂ ਦੀ ਜ਼ਿੰਦਗੀ 'ਚ ਮਹਤੱਵਪੂਰਨ ਸਨ ਤਾਂ ਜੂਝਣਾ ਉਨ੍ਹਾਂ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ, ਇਸੇ ਲਈ ਪ੍ਰਵਾਸ ਵਿਚ ਪੰਜਾਬੀਆਂ ਨੂੰ ਬਹੁਤੀ ਔਖਿਆਈ ਨਾ ਝੱਲਣੀ ਪਈ। ਪੰਜਾਬੀ ਔਖੇ ਤੋਂ ਔਖੇ ਹਾਲਾਤ ਵਿਚ ਵੀ ਲਹਿਲਹਾਉਂਦੀਆਂ ਫਸਲਾਂ ਤਿਆਰ ਕਰ ਲੈਂਦੇ ਹਨ ਤੇ ਰੁੱਖੀ-ਸੁੱਖੀ ਖਾ ਕੇ ਸ਼ੁਕਰਾਨਾ ਕਰਨਾ, ਉਨ੍ਹਾਂ ਲਈ ਇਕ ਆਮ ਜਿਹਾ ਰੁਝਾਨ ਸੀ।
ਹੁਣ ਗੱਲ ਕਰੀਏ ਪੰਜਾਬੀ ਔਰਤਾਂ ਦੀ! ਕੁਝ ਦੁਸ਼ਮਣਾਂ ਦੇ ਹੱਲਿਆਂ 'ਚ ਲਤਾੜੀਆਂ ਗਈਆਂ ਜਾਂ ਪੱਤ ਲੁਟਾ ਬੈਠੀਆਂ, ਕੁਝ ਪ੍ਰਵਾਸੀ ਪਤੀ ਨੂੰ ਉਡੀਕਦੀਆਂ ਪੂਰੀ ਜ਼ਿੰਦਗੀ ਇਕੱਲਿਆਂ ਲੰਘਾ ਜਾਂਦੀਆਂ ਹਨ ਤਾਂ ਕੁਝ ਪ੍ਰਵਾਸ ਦੌਰਾਨ ਪਤੀ ਨਾਲ ਮਿਲ ਕੇ ਸੰਘਰਸ਼ ਕਰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਸੱਧਰਾਂ ਦੱਬੀਆਂ ਜਾਣ ਕਾਰਨ ਲੋਕ-ਗੀਤਾਂ ਵਿਚ ਪਤੀ ਨਾਲ ਸ਼ਿਕਾਇਤਾਂ ਕਰਨ ਦਾ ਦੌਰ ਸ਼ੁਰੂ ਹੋਇਆ, ਸੱਸਾਂ ਤੇ ਨਨਾਣਾਂ ਦੇ ਮਿਹਣੇ ਅਤੇ ਉਡੀਕਾਂ ਦੇ ਗੀਤ ਵੀ ਪ੍ਰਚੱਲਿਤ ਹੋਏ। ਫਿਰ ਇਕ ਵੱਖਰੇ ਜਿਹੇ ਦੌਰ 'ਚ ਜਵਾਨ ਨੂੰਹ ਘਰ 'ਚ ਹੀ ਸਹੁਰੇ, ਜੇਠ ਜਾਂ ਦਿਉਰ ਦੀ ਜ਼ਬਰਦਸਤੀ ਦਾ ਸ਼ਿਕਾਰ ਹੋਈ ਤਾਂ ਜੋ ਉਹ ਸਰੀਰਕ ਲੋੜਾਂ ਦੇ ਚਲਦਿਆਂ ਘਰੋਂ ਬਾਹਰੀ ਨਾ ਹੋ ਜਾਵੇ। ਦਹਾਕਾ ਕੁ ਪਹਿਲਾਂ ਪੰਜਾਬ ਤੋਂ ਜ਼ਿਆਦਾਤਰ ਪ੍ਰਵਾਸ ਮੁੰਡਿਆਂ ਦਾ ਹੀ ਹੁੰਦਾ ਸੀ। ਪਰ ਜਦੋਂ ਲੜਕੀਆਂ ਪੜ੍ਹ-ਲਿਖ ਕੇ ਆਪਣੀ ਹੋਂਦ ਸਾਬਿਤ ਕਰਨ ਲੱਗੀਆਂ ਤਾਂ ਉਹ ਆਪਣੀ ਲਿਆਕਤ ਨਾਲ ਪ੍ਰਵਾਸ ਕਰਦਿਆਂ ਮੁੰਡਿਆਂ ਨੂੰ ਵੀ ਪਿਛਾਂਹ ਛੱਡ ਗਈਆਂ। ਉਨ੍ਹਾਂ 'ਚੋਂ ਬਹੁਤੀਆਂ ਚੰਗੇ ਭਵਿੱਖ ਦੀ ਚਾਹਤ ਤੇ ਨੌਕਰੀਆਂ ਲਈ ਤੇ ਕੁਝ ਦੁਨੀਆ ਘੁੰਮਣ ਲਈ ਘਰੋਂ ਬਾਹਰ ਨਿਕਲੀਆਂ। ਫਿਰ ਉਨ੍ਹਾਂ 'ਚੋਂ ਕੁਝ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਨ ਨੂੰ ਪਹਿਲ ਦੇਣੀ ਸ਼ੁਰੂ ਕਰਦਿਆਂ ਪੰਜਾਬੀ ਮੁੰਡਿਆਂ ਦੀ ਬਜਾਏ ਬਾਹਰਲਿਆਂ ਨੂੰ ਉਨ੍ਹਾਂ ਦੀ ਪੜ੍ਹਾਈ-ਲਿਖਾਈ, ਰੁਤਬੇ ਤੇ ਪੈਸਾ-ਧੇਲਾ ਵੇਖ ਕੇ ਜੀਵਨ ਸਾਥੀ ਬਣਾਉਣਾ ਸ਼ੁਰੂ ਕਰ ਦਿੱਤਾ।
ਦਰਅਸਲ ਪ੍ਰਵਾਸ ਨੇ ਦੁਨੀਆ ਦੇ ਅਗਾਂਹਵਧੂ ਮੁਲਕਾਂ ਦੇ ਢੰਗ-ਤਰੀਕਿਆਂ ਨੂੰ ਅਪਣਾਉਣ ਦਾ ਰਾਹ ਵੀ ਖੋਲ੍ਹਿਆ ਹੈ। ਇੰਝ ਉੱਥੋਂ ਦੇ ਸਾਹਿਤ, ਸੱਭਿਆਚਾਰ ਤੇ ਇਤਿਹਾਸ ਨੇ ਪੰਜਾਬੀ ਸੱਭਿਆਚਾਰ 'ਤੇ ਅਮਿੱਟ ਛਾਪ ਛੱਡੀ ਹੈ। ਕਈ ਤਾਂ ਉਥੋਂ ਦੇ ਸੱਭਿਆਚਾਰ 'ਚ ਰਲਗੱਡ ਹੋ ਗਏ, ਪਰ ਕੁਝ ਨੇ ਦੂਜੇ ਮੁਲਕਾਂ ਵਿਚ ਵੀ ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਸੰਭਾਲਦਿਆਂ ਆਪਣੀ ਵੱਖਰੀ ਪਛਾਣ ਨੂੰ ਕਾਇਮ ਰੱਖਿਆ। ਇਸ ਸਾਰੇ ਦੌਰ ਵਿਚ ਧਰਮ ਦੀ ਵੱਡੀ ਅਹਿਮੀਅਤ ਬਣੀ ਰਹੀ, ਕਿਉਂਕਿ ਔਖੇ ਸਮੇਂ 'ਚ ਕਿਸੇ ਦਾ ਸਾਥ ਨਾ ਮਿਲਣ, ਵੱਡਿਆਂ ਦਾ ਸਹਾਰਾ ਨਾ ਹੋਣ ਕਰਕੇ ਕੋਈ ਢੋਈ ਨਾ ਵੇਖਦਿਆਂ ਅਖੀਰ ਰੱਬ 'ਤੇ ਟੇਕ ਰੱਖ ਕੇ ਔਖਿਆਈ ਨਾਲ ਜੂਝਣਾ ਪੰਜਾਬੀਆਂ ਦਾ ਖਾਸਾ ਬਣ ਗਿਆ। ਇੰਝ ਕਿਤੇ ਨਾ ਕਿਤੇ ਪੰਜਾਬੀਪੁਣਾ ਸੰਭਲਦਾ ਵੀ ਤੇ ਪਨਪਦਾ ਵੀ ਰਿਹਾ। ਜੇਕਰ ਕੁਝ ਪੰਜਾਬੀਆਂ ਨੇ ਦੂਜੇ ਦੇਸ਼ਾਂ ਦੇ ਸੱਭਿਆਚਾਰਾਂ ਨੂੰ ਪੱਕੇ ਤੌਰ 'ਤੇ ਅਪਣਾ ਲਿਆ ਤਾਂ ਦੂਜੇ ਮੁਲਕਾਂ ਦੇ ਕਈ ਲੋਕ ਵੀ ਪੰਜਾਬੀ ਸੱਭਿਆਚਾਰ ਵੱਲ ਖਿੱਚੇ ਗਏ ਹਨ। ਭਾਵੇਂ ਪ੍ਰਵਾਸ ਦੌਰਾਨ ਜ਼ਬਾਨ ਦਾ ਬਚਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਨੌਕਰੀ ਲਈ ਦੂਜੇ ਮੁਲਕ ਦੀ ਜ਼ਬਾਨ ਬੋਲਣੀ ਜ਼ਰੂਰੀ ਹੋ ਜਾਂਦੀ ਹੈ। ਉਸ ਦੌਰ 'ਚ ਜ਼ਬਾਨ ਬਚਾਉਣ ਵਿਚ ਕਿਤਾਬਾਂ, ਅਖ਼ਬਾਰਾਂ ਤੇ ਰਸਾਲਿਆਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ।
ਅੱਜ ਪੂਰੀ ਦੁਨੀਆ ਇਕ ਵੱਡਾ ਪਿੰਡ ਬਣ ਚੁੱਕੀ ਹੈ, ਜਿੱਥੇ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਦੀ ਖ਼ਬਰ ਮਿੰਟਾਂ-ਸਕਿੰਟਾਂ 'ਚ ਸਭ ਨੂੰ ਪਤਾ ਲੱਗ ਜਾਂਦੀ ਹੈ। ਹੁਣ ਸੱਭਿਆਚਾਰ 'ਚੋਂ ਕੁਝ ਚੀਜ਼ਾਂ ਲੋਪ ਹੋਣ ਦਾ ਖ਼ਤਰਾ ਹੈ। ਹੁਣ ਉਮਰ ਭਰ ਪ੍ਰਵਾਸੀ ਪਤੀ ਨੂੰ ਉਡੀਕਣ ਦੇ ਗੀਤ ਤੇ ਤਰਸਦੀਆਂ ਅੱਖਾਂ 'ਚੋਂ ਨਿਕਲਦੀਆਂ ਸ਼ਿਕਾਇਤਾਂ ਸ਼ਾਇਦ ਲੋਕ ਗੀਤਾਂ 'ਚੋਂ ਵਿਸਾਰ ਦਿੱਤੀਆਂ ਜਾਣਗੀਆਂ। ਭਾਵੇਂ ਅਜੋਕਾ ਸੋਸ਼ਲ ਮੀਡੀਆ ਸਭ ਕੁਝ ਹੜੱਪਣ ਨੂੰ ਤਿਆਰ ਬੈਠਾ ਹੈ, ਪਰ ਕਿਤਾਬਾਂ ਤੇ ਰਸਾਲਿਆਂ ਦੀ ਅਹਿਮੀਅਤ ਉਵੇਂ ਹੀ ਬਣੀ ਰਹੇਗੀ, ਕਿਉਂਕਿ ਇਤਿਹਾਸ ਤੇ ਸੱਭਿਆਚਾਰ ਨੂੰ ਜੋੜਨ ਵਾਲੀਆਂ ਕੜੀਆਂ ਇਹੀ ਰਹਿਣ ਵਾਲੀਆਂ ਹਨ। ਹੁਣ ਤਾਂ ਸੋਸ਼ਲ ਮੀਡੀਆ ਤੋਂ ਮਿਲਦੇ ਢਹਿੰਦੀ ਕਲਾ ਦੇ ਬਿਰਤਾਂਤ ਸਦਕਾ ਬਹੁਤ ਸਾਰੇ ਨੌਜਵਾਨ ਸ਼ਾਂਤੀ ਨਾਲ ਬਹਿ ਕੇ ਕਿਤਾਬਾਂ ਪੜ੍ਹਨ ਨੂੰ ਤਰਜੀਹ ਦੇਣ ਲੱਗੇ ਹਨ। ਜਿਵੇਂ ਮਾਂ ਦੀਆਂ ਲੋਰੀਆਂ ਜਾਂ ਜੰਗ ਦੀਆਂ ਵਾਰਾਂ ਕਦੇ ਲੋਪ ਨਹੀਂ ਹੋਣਗੀਆਂ, ਉਵੇਂ ਹੀ ਉਮੀਦ ਕਰਦੇ ਹਾਂ ਕਿ ਪੰਜਾਬੀ ਕਿਤਾਬਾਂ ਤੇ ਰਸਾਲੇ ਵੀ ਆਪਣੀ ਹੋਂਦ ਕਾਇਮ ਰੱਖਣਗੇ।
ਬਸ ਅਖ਼ੀਰ ਵਿਚ ਸਿਰਫ਼ ਇੰਨੀ ਹੀ ਅਰਦਾਸ ਹੈ ਕਿ ਪੰਜਾਬੀ ਵਿਚ ਲਿਖਣ ਵਾਲੇ, ਕਿਤਾਬਾਂ ਛਾਪਣ ਵਾਲੇ, ਗਾਉਣ ਵਾਲੇ ਤੇ ਬੋਲਣ ਵਾਲਿਆਂ ਦੀ ਉਮਰ ਲੋਕ ਗੀਤਾਂ ਵਰਗੀ ਲੰਮੀ ਹੋ ਜਾਵੇ। ਆਮੀਨ!!!
ਪਟਿਆਲਾ।
0175-2216783