18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅਨਾਜ ਨੂੰ ਖ਼ਰਾਬ ਹੋਣ ਤੋਂ ਬਚਾਉਣ ਦੀ ਲੋੜ

Ad Position 21
No active advertisement
ਅਜੀਤ ਡੈਸਕ 20-04-2026

ਪੰਜਾਬ ਵਿਚ ਅਨਾਜ ਦੀ ਹਰ ਸਾਲ ਹੋਣ ਵਾਲੀ ਖਰਾਬੀ ਲਗਾਤਾਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਪਰ ਸਰਕਾਰਾਂ ਵਲੋਂ ਇਸ ਪਾਸੇ ਧਿਆਨ ਨਾ ਦੇਣ ਕਾਰਨ ਇਹ ਸਥਿਤੀ ਹੋਰ ਵੀ ਗੰਭੀਰ ਬਣਦੀ ਜਾ ਰਹੀ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਵਲੋਂ ਇਸ ਸੰਬੰਧੀ ਜਾਰੀ ਕੀਤੀ ਗਈ ਇਕ ਰਿਪੋਰਟ ਇਸ ਸਚਾਈ ਨੂੰ ਖੁੱਲ੍ਹੇ ਤੌਰ 'ਤੇ ਸਾਹਮਣੇ ਲਿਆਉਂਦੀ ਹੈ। ਇਸ ਰਿਪੋਰਟ ਅਨੁਸਾਰ ਪੰਜਾਬ ਵਿਚ ਹਰ ਸਾਲ ਔਸਤਨ ਸਾਢੇ 12 ਲੱਖ ਮੀਟ੍ਰਿਕ ਟਨ ਅਨਾਜ ਕਿਸੇ ਨਾ ਕਿਸੇ ਤਰ੍ਹਾਂ ਖਰਾਬ ਹੋ ਜਾਂਦਾ ਹੈ। ਇਸ ਦੇ ਲਈ ਕਈ ਕਾਰਨ ਜ਼ਿੰਮੇਵਾਰ ਪਾਏ ਗਏ ਹਨ, ਜਿਨ੍ਹਾਂ 'ਚ ਵਰਤਮਾਨ ਸਮੇਂ ਅੰਨ ਭੰਡਾਰ ਦੇ ਤਰੀਕੇ ਤੇ ਅਨਾਜ ਦੀ ਢੋਆ-ਢੁਆਈ ਮੁੱਖ ਕਾਰਨ ਮੰਨੇ ਗਏ ਹਨ। ਬਾਰਦਾਨੇ ਦੀ ਕਮੀ ਵੀ ਇਸ ਖਰਾਬੀ ਦਾ ਕਾਰਨ ਮੰਨੀ ਜਾਂਦੀ ਹੈ। ਬਾਰਦਾਨੇ ਦੀ ਕਮੀ ਕਾਰਨ ਖੁੱਲ੍ਹੇ ਵਿਚ ਹੀ ਪਏ ਕਣਕ ਤੇ ਝੋਨੇ ਦੇ ਢੇਰ ਮੀਂਹ ਤੇ ਧੁੱਪ ਕਰਕੇ ਖਰਾਬ ਹੁੰਦੇ ਰਹਿੰਦੇ ਹਨ। ਇਸ ਪੂਰੇ ਮਾਮਲੇ 'ਚ ਇਕ ਸਭ ਤੋਂ ਵੱਧ ਤ੍ਰਾਸਦੀ ਵਾਲਾ ਪੱਖ ਇਹ ਵੀ ਹੈ ਕਿ ਇਹ ਅਨਾਜ ਖਰਾਬ ਹੋਣ ਦੀ ਸਥਿਤੀ 'ਚ ਪਸ਼ੂਆਂ ਦੇ ਖਾਣ ਯੋਗ ਵੀ ਨਹੀਂ ਰਹਿੰਦਾ।
ਇਸ ਰਿਪੋਰਟ ਦੇ ਇਕ ਹੋਰ ਅੰਕੜੇ ਅਨੁਸਾਰ ਪੰਜਾਬ ਵਿਚ ਹਰ ਸਾਲ ਜਿੰਨੀ ਕਣਕ ਤੇ ਝੋਨੇ ਦੀ ਖਰਾਬੀ ਹੁੰਦੀ ਹੈ, ਉਸ ਨਾਲ ਹਿਮਾਚਲ ਵਰਗੇ ਇਕ ਸੂਬੇ ਦੀ ਕੁੱਲ ਅਨਾਜ ਦੀ ਮੰਗ ਪੂਰੀ ਕੀਤੀ ਜਾ ਸਕਦੀ ਹੈ। ਸੂਬੇ ਵਿਚ ਹਰ ਸਾਲ ਕਣਕ ਦੀ 150 ਲੱਖ ਮੀਟ੍ਰਿਕ ਟਨ ਅਤੇ ਝੋਨੇ ਦੀ 175 ਲੱਖ ਮੀਟ੍ਰਿਕ ਟਨ ਕੁੱਲ ਪੈਦਾਵਾਰ ਹੁੰਦੀ ਹੈ। ਇਸ ਵਿਚੋਂ 6.82 ਲੱਖ ਮੀਟ੍ਰਿਕ ਟਨ ਕਣਕ ਤੇ 5.48 ਲੱਖ ਮੀਟ੍ਰਿਕ ਟਨ ਝੋਨਾ ਖਰਾਬ ਹੋ ਜਾਣਾ ਕੋਈ ਛੋਟੀ ਗੱਲ ਨਹੀਂ ਹੈ। ਇਹ ਸਥਿਤੀ ਉਦੋਂ ਹੋਰ ਗੰਭੀਰ ਹੋ ਜਾਂਦੀ ਹੈ, ਜਦੋਂ ਇਹ ਪਤਾ ਲਗਦਾ ਹੈ ਕਿ ਦੇਸ਼ ਵਿਚ ਅੱਜ ਅਨਾਜ ਦੀ ਆਤਮਨਿਰਭਰਤਾ ਦੇ ਬਾਵਜੂਦ ਕਈ ਸੂਬਿਆਂ 'ਚ ਅਨਾਜ ਦੀ ਕਮੀ ਕਾਰਨ ਭੁੱਖਮਰੀ ਵਰਗੇ ਹਾਲਾਤ ਪੈਦਾ ਹੁੰਦੇ ਰਹਿੰਦੇ ਹਨ। ਪੰਜਾਬ ਦੇ ਕੁੱਲ ਕਣਕ ਉਤਪਾਦਨ 'ਚੋਂ 130 ਲੱਖ ਮੀਟ੍ਰਿਕ ਟਨ ਕੇਂਦਰ ਨੇ ਖਰੀਦ ਕਰਨੀ ਹੁੰਦੀ ਹੈ ਪਰ ਇਸ ਖਰੀਦ ਦੌਰਾਨ ਅਨੇਕਾਂ ਅੜਿੱਕੇ ਪੈਂਦੇ ਰਹਿੰਦੇ ਹਨ। ਖਰਾਬ ਮੌਸਮ, ਤੇਜ਼ ਹਵਾਵਾਂ, ਮੀਂਹ ਤੇ ਗੜੇਮਾਰੀ ਕਾਰਨ ਹਰ ਸਾਲ ਖੇਤਾਂ ਤੇ ਮੰਡੀਆਂ ਵਿਚ ਵੱਡੇ ਪੱਧਰ 'ਤੇ ਕਣਕ ਖਰਾਬ ਹੋ ਜਾਂਦੀ ਹੈ। ਮੰਡੀਆਂ ਤੋਂ ਕਣਕ ਦੀ ਢੁਆਈ, ਬਾਰਦਾਨੇ ਦੀ ਸਮੱਸਿਆ ਤੇ ਭੰਡਾਰਨ ਦੀ ਸਹੀ ਵਿਵਸਥਾ ਨਾ ਹੋਣ ਨਾਲ ਵੀ ਅਨਾਜ ਦੀ ਬਰਬਾਦੀ ਹੁੰਦੀ ਹੈ। ਬੇਮੌਸਮੇ ਮੀਂਹਾਂ ਨਾਲ ਦਾਣੇ ਵਿਚ ਵੱਧ ਨਮੀ ਦੀ ਮਾਤਰਾ ਵੀ ਅਨਾਜ ਖਰਾਬ ਹੋਣ ਦਾ ਕਾਰਨ ਬਣਦੀ ਹੈ। ਨਮੀ ਵਾਲਾ ਦਾਣਾ ਖਰਾਬ ਵੀ ਜਲਦੀ ਹੋਣ ਲਗਦਾ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਦੋਹਰੀ ਮਾਰ ਸਹਿਣੀ ਪੈਂਦੀ ਹੈ। ਕੁਦਰਤੀ ਆਫ਼ਤਾਂ ਦੀ ਮਾਰ ਹੋਵੇ ਜਾਂ ਅੰਨ ਭੰਡਾਰ ਦੀ ਸਮੱਸਿਆ ਕਾਰਨ ਪੈਦਾ ਹੋਇਆ ਸੰਕਟ ਹੋਵੇ, ਇਸ ਦਾ ਨੁਕਸਾਨ ਤੇ ਦਰਦ ਤਾਂ ਕਿਸਾਨਾਂ ਨੂੰ ਹੀ ਸਹਿਣਾ ਪੈਂਦਾ ਹੈ। ਸਰਕਾਰਾਂ ਸਮੇਂ ਸਮੇਂ 'ਤੇ ਕਿਸਾਨਾਂ ਦੀ ਮਦਦ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੀਆਂ ਹਨ ਪਰ ਇਹ ਸਭ ਹੰਝੂ ਪੂੰਝਣ ਤੱਕ ਹੀ ਸੀਮਤ ਰਹਿੰਦਾ ਹੈ।
ਪੰਜਾਬ ਵਿਚ ਕਣਕ ਤੇ ਝੋਨੇ ਤੋਂ ਇਲਾਵਾ ਮੱਕਾ ਤੇ ਸਬਜ਼ੀਆਂ ਦੀ ਫ਼ਸਲ ਵੀ ਵੱਡੀ ਮਾਤਰਾ ਵਿਚ ਖਰਾਬ ਹੁੰਦੀ ਹੈ। ਚਾਲੂ ਸਾਲ ਵਿਚ ਸੂਬੇ 'ਚ ਮਟਰਾਂ ਦੀ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਦਾਲਾਂ ਤੇ ਹੋਰ ਫ਼ਸਲਾਂ ਦੇ ਉਤਪਾਦਨ ਨੂੰ ਹੋਣ ਵਾਲੇ ਨੁਕਸਾਨ ਦੀ ਸਥਿਤੀ ਵੀ ਲਗਭਗ ਅਜਿਹੀ ਹੀ ਹੈ। ਪੰਜਾਬ ਦੀ ਮੌਜੂਦਾ ਸਰਕਾਰ ਨੇ ਬੇਸ਼ੱਕ ਅਨਾਜ ਦੀ ਖਰਾਬੀ ਤੇ ਬਰਬਾਦੀ ਦੀ ਰੋਕਥਾਮ ਲਈ ਨਵੇਂ ਗੁਦਾਮ ਬਣਾਉਣ ਬਾਰੇ ਸਹਿਮਤੀ ਪ੍ਰਗਟਾਈ ਹੈ ਪਰ ਸੂਬੇ ਦੀ ਮੌਜੂਦਾ ਕਣਕ ਭੰਡਾਰਨ ਦੀ ਨੀਤੀ ਹੁਣ ਵੀ ਪਹਿਲਾਂ ਵਰਗੀ ਹੀ ਹੈ। ਸੂਬਾ ਸਰਕਾਰ ਨੇ ਇਸ ਲਈ ਕੇਂਦਰ ਦੀ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਹੈ ਪਰ ਕਣਕ ਤੇ ਝੋਨੇ ਦੀ ਸੰਭਾਵਿਤ ਨਵੀਂ ਫ਼ਸਲ ਨੂੰ ਅਜੇ ਵੀ ਖਰਾਬੀ ਦੀ ਮਾਰ ਝੱਲਣੀ ਪਵੇਗੀ। ਸੂਬੇ ਵਿਚ ਗੁਦਾਮਾਂ ਤੋਂ ਇਲਾਵਾ ਭੰਡਾਰਨ ਗ੍ਰਹਿ ਬਣਾਉਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਥੋੜ੍ਹੇ ਜਿਹੇ ਹੋਰ ਯਤਨਾਂ ਨਾਲ ਸੂਬੇ 'ਚ ਕਣਕ, ਝੋਨੇ ਅਤੇ ਹੋਰ ਫ਼ਸਲਾਂ ਦੇ ਉਤਪਾਦਾਂ ਨੂੰ ਵੱਡੇ ਪੱਧਰ 'ਤੇ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਲਈ ਕੇਂਦਰ ਤੇ ਸੂਬਾ ਸਰਕਾਰ ਦੇ ਸਾਂਝੇ ਯਤਨਾਂ ਦੀ ਲੋੜ ਹੋਵੇਗੀ। ਲੋੜ ਅਨੁਸਾਰ ਸਰਕਾਰੀ ਜਾਂ ਗੈਰ ਸਰਕਾਰੀ ਖੇਤਰ ਵਿਚ ਗੁਦਾਮ ਬਣਾਏ ਜਾਣੇ ਬਹੁਤ ਜ਼ਰੂਰੀ ਹਨ। ਇਸ ਤਰ੍ਹਾਂ ਖਰਾਬ ਹੋਣ ਤੋਂ ਬਚਾਇਆ ਗਿਆ ਅਨਾਜ ਦੇਸ਼ ਵਿਚ ਅਨਾਜ ਦੀ ਕਮੀ ਵਾਲੇ ਸੂਬਿਆਂ ਨੂੰ ਭੇਜਿਆ ਜਾ ਸਕਦਾ ਹੈ ਤੇ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਇਸ ਨਾਲ ਭੁੱਖਮਰੀ ਤੋਂ ਵੀ ਬਚਾਇਆ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਕਿੱਧਰ ਨੂੰ ਜਾ ਰਹੀ ਹੈ ਭਾਰਤੀ ਰਾਜਨੀਤੀ?-ਚੋਣਾਂ ਵਾਲੇ ਰਾਜਾਂ ਵਿਚ ਲੱਗੀ ਹੈ ਪੈਸੇ ਵੰਡਣ ਦੀ ਹੋੜ ਅਗਲੀ ਖ਼ਬਰ ਕੋਈ ਪਲ ਅਜਿਹਾ ਨਹੀਂ ਹੁੰਦਾ ਜਿਹੜਾ ਕਰਤੱਵ ਤੋਂ ਸੱਖਣਾ ਹੋਵੇ। -ਸਿਸਰੋ
Ad Position 24