08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਜੰਗ ਦੀ ਸਮਾਪਤੀ ਵਿਚ ਰੁਕਾਵਟਾਂ

Ad Position 21
No active advertisement
ਅਜੀਤ ਡੈਸਕ 23-04-2026

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਨ ਆਖ਼ਰੀ ਸਮੇਂ 'ਤੇ ਈਰਾਨ 'ਤੇ ਮੁੜ ਹਮਲੇ ਸ਼ੁਰੂ ਕਰਨ ਦੀ ਬਜਾਏ ਆਪਣੇ ਵਲੋਂ ਕੀਤੀ ਜੰਗਬੰਦੀ ਨੂੰ ਅਨਿਸਚਿਤ ਸਮੇਂ ਲਈ ਵਧਾ ਦਿੱਤਾ ਹੈ। ਇਸ ਨਾਲ ਇਕ ਵਾਰ ਫਿਰ ਦੱਖਣੀ ਏਸ਼ੀਆ ਦੇ ਦੇਸ਼ਾਂ ਅਤੇ ਖ਼ਾਸ ਤੌਰ 'ਤੇ ਖਾੜੀ ਦੇਸ਼ਾਂ ਨੇ ਸੁੱਖ ਦਾ ਸਾਹ ਲਿਆ ਹੈ, ਪਰ ਇਸ ਐਲਾਨ ਤੋਂ ਬਾਅਦ ਵੀ ਜੰਗ ਦੇ ਬੱਦਲ ਅਜੇ ਛਟਦੇ ਦਿਖਾਈ ਨਹੀਂ ਦਿੰਦੇ। 28 ਫਰਵਰੀ ਨੂੰ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ 'ਤੇ ਬੰਬਾਰੀ ਸ਼ੁਰੂ ਕੀਤੀ ਸੀ। ਈਰਾਨ ਤੋਂ ਸਹਾਇਤਾ ਪ੍ਰਾਪਤ ਹਿਜ਼ਬੁੱਲਾ, ਜਿਸ ਦੇ ਗੁਆਂਢੀ ਦੇਸ਼ ਲਿਬਨਾਨ ਵਿਚ ਅੱਡੇ ਹਨ, ਨੇ ਵੀ ਇਸ ਦੇ ਪ੍ਰਤੀਕਰਮ ਵਜੋਂ ਇਜ਼ਰਾਈਲ 'ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਇਜ਼ਰਾਈਲ ਵਿਰੁੱਧ ਲੜਾਈ ਲੜ ਰਹੇ ਖਾੜਕੂ ਸੰਗਠਨਾਂ ਹਿਜ਼ਬੁੱਲਾ, ਹਮਾਸ ਅਤੇ ਹੂਤੀਆਂ, ਜਿਨ੍ਹਾਂ ਨੇ ਯਮਨ ਦੇ ਇਕ ਵੱਡੇ ਇਲਾਕੇ 'ਤੇ ਕਬਜ਼ਾ ਕੀਤਾ ਹੋਇਆ ਹੈ, ਨੂੰ ਪਿਛਲੇ ਕਈ ਦਹਾਕਿਆਂ ਤੋਂ ਈਰਾਨ ਹਰ ਤਰ੍ਹਾਂ ਦੀ ਮਦਦ ਦਿੰਦਾ ਆ ਰਿਹਾ ਹੈ। ਇਸ ਤਰ੍ਹਾਂ ਨਾਲ ਇਸ ਖਿੱਤੇ ਵਿਚ ਮਾਮਲਾ ਬੇਹੱਦ ਗੁੰਝਲਦਾਰ ਬਣ ਚੁੱਕਾ ਹੈ।
ਪਿਛਲੇ ਸੱਤ ਹਫ਼ਤਿਆਂ ਵਿਚ ਈਰਾਨ ਵਿਚ 4 ਹਜ਼ਾਰ ਦੇ ਲਗਭਗ ਲਿਬਨਾਨ, ਵਿਚ ਢਾਈ ਹਜ਼ਾਰ ਦੇ ਲਗਭਗ ਅਤੇ ਇਜ਼ਰਾਈਲ ਵਿਚ ਤਿੰਨ ਦਰਜਨ ਲੋਕਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਹਨ। ਪੂਰੇ ਖੇਤਰ ਵਿਚ ਹੁਣ ਤੱਕ 13 ਅਮਰੀਕੀ ਫ਼ੌਜੀ ਵੀ ਮਾਰੇ ਜਾ ਚੁੱਕੇ ਹਨ। ਪਾਕਿਸਤਾਨ ਅਤੇ ਤੁਰਕੀ ਆਦਿ ਦੇਸ਼ਾਂ ਨੇ ਇਸ ਲੜਾਈ ਨੂੰ ਖ਼ਤਮ ਕਰਵਾਉਣ ਲਈ ਵੱਡੇ ਯਤਨ ਜ਼ਰੂਰ ਕੀਤੇ ਹਨ। ਇਨ੍ਹਾਂ ਕਰਕੇ ਹੀ ਅਮਰੀਕਾ ਅਤੇ ਈਰਾਨ ਦੇ ਵੱਡੇ ਅਧਿਕਾਰੀਆਂ ਦੀ ਇਸਲਾਮਾਬਾਦ ਵਿਚ ਪਹਿਲਾਂ 11 ਅਤੇ 12 ਅਪ੍ਰੈਲ ਨੂੰ ਵਿਸਥਾਰਤ ਗੱਲਬਾਤ ਹੋਈ ਸੀ, ਜਿਸ 'ਚੋਂ ਕੋਈ ਸਿੱਟਾ ਨਹੀਂ ਸੀ ਨਿਕਲਿਆ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 8 ਅਪ੍ਰੈਲ ਨੂੰ 2 ਹਫ਼ਤਿਆਂ ਲਈ ਜੰਗਬੰਦੀ ਦਾ ਐਲਾਨ ਕਰ ਦਿੱਤਾ ਸੀ। ਪਹਿਲੀ ਗੱਲਬਾਤ ਬੇਨਤੀਜਾ ਹੋਣ ਤੋਂ ਬਾਅਦ ਦੂਸਰੀ ਗੱਲਬਾਤ ਲਈ ਵੱਡੇ ਯਤਨ ਕੀਤੇ ਗਏ। ਇਹ ਦੂਸਰੀ ਮੀਟਿੰਗ ਜੰਗਬੰਦੀ ਦੀ ਐਲਾਨੀ ਤਾਰੀਖ ਤੋਂ ਪਹਿਲਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਈਰਾਨ ਦੇ ਇਨਕਾਰ ਕਰਨ ਤੋਂ ਬਾਅਦ ਇਹ ਮੀਟਿੰਗ ਨਹੀਂ ਹੋ ਸਕੀ, ਇਸ ਦਾ ਕਾਰਨ ਇਹ ਬਣਿਆ ਕਿ ਜੰਗਬੰਦੀ ਦੇ ਸਮੇਂ ਦੌਰਾਨ ਹੀ ਅਮਰੀਕੀ ਨੌਸੈਨਾ ਨੇ ਈਰਾਨ ਦੇ ਚੀਨ ਤੋਂ ਆਉਣ ਵਾਲੇ ਇਕ ਵਪਾਰਕ ਸਮੁੰਦਰੀ ਜਹਾਜ਼ 'ਤੇ ਗੋਲਾਬਾਰੀ ਕਰਕੇ ਅਮਲੇ ਸਮੇਤ ਉਸ ਨੂੰ ਕਬਜ਼ੇ ਵਿਚ ਲੈ ਲਿਆ ਸੀ। ਪਰ ਇਸ ਤੋਂ ਬਾਅਦ ਟਰੰਪ ਨੇ ਆਪਣੀਆਂ ਪਹਿਲੀਆਂ ਧਮਕੀਆਂ ਤੋਂ ਫਿਰਦਿਆਂ ਅਨਿਸਚਿਤ ਕਾਲ ਲਈ ਆਪਣੇ ਤੌਰ 'ਤੇ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ ਪਰ ਇਸ ਨਾਲ ਜੰਗ ਦੇ ਖ਼ਤਮ ਹੋਣ ਦੀ ਸੰਭਾਵਨਾ ਨਹੀਂ ਬਣ ਸਕੀ।
ਈਰਾਨ ਨੇ ਹੋਰਮੁਜ਼ ਜਲਡਮਰੂ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਉਸ ਨੇ ਇਕ ਤਰ੍ਹਾਂ ਨਾਲ ਇਸ ਜਲਮਾਰਗ ਤੋਂ ਅੰਤਰਰਾਸ਼ਟਰੀ ਜਹਾਜ਼ਾਂ ਦੀ ਆਵਾਜਾਈ ਰੋਕੀ ਹੋਈ ਹੈ, ਜਿਸ ਨਾਲ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਣ ਤੋਂ ਇਲਾਵਾ ਹੋਰ ਹਰ ਤਰ੍ਹਾਂ ਦਾ ਵਪਾਰਕ ਆਦਾਨ-ਪ੍ਰਦਾਨ ਵੀ ਰੁਕ ਗਿਆ ਹੈ, ਜਿਸ ਕਾਰਨ ਬਹੁਤੇ ਦੇਸ਼ਾਂ ਦੀ ਆਰਥਿਕਤਾ 'ਤੇ ਵੱਡੀ ਸੱਟ ਲੱਗ ਰਹੀ ਹੈ। ਅਮਰੀਕਾ ਨੇ ਵੀ ਈਰਾਨ ਦੀਆਂ ਬੰਦਰਗਾਹਾਂ ਦੀ ਨਾਕਾਬੰਦੀ ਕੀਤੀ ਹੋਈ ਹੈ, ਜਿਸ ਕਾਰਨ ਈਰਾਨ ਦਾ ਦੂਸਰੇ ਦੇਸ਼ਾਂ ਨਾਲ ਵਪਾਰ ਬੰਦ ਹੋ ਗਿਆ ਹੈ। ਉਸ ਨੂੰ ਪੈ ਰਿਹਾ ਅਰਬਾਂ ਡਾਲਰਾਂ ਦਾ ਘਾਟਾ, ਉਸ ਲਈ ਬਹੁਤੀ ਦੇਰ ਤੱਕ ਬਰਦਾਸ਼ਤ ਕਰ ਸਕਣਾ ਬੇਹੱਦ ਮੁਸ਼ਕਿਲ ਹੋਵੇਗਾ। ਦੂਸਰੇ ਪਾਸੇ ਇਜ਼ਰਾਈਲ ਨੇ ਲਿਬਨਾਨ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਆਪਣੀ ਬੰਬਾਰੀ ਜਾਰੀ ਰੱਖੀ ਹੋਈ ਹੈ ਅਤੇ ਦੇਸ਼ ਦੇ ਵੱਡੇ ਹਿੱਸੇ ਦੇ ਦੱਖਣੀ ਭਾਗ ਨੂੰ ਵੱਡੀ ਹੱਦ ਤੱਕ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਈਰਾਨ ਅੰਦਰ ਵੀ ਰੈਵੋਲਿਊਸ਼ਨਰੀ ਗਾਰਡ ਨੇ ਪੂਰੀ ਤਰ੍ਹਾਂ ਸੱਤਾ 'ਤੇ ਕਬਜ਼ਾ ਕਰ ਲਿਆ ਹੈ, ਜਿਸ ਨਾਲ ਕਿਸੇ ਸੰਭਾਵੀ ਸ਼ਾਂਤੀ ਵਾਰਤਾ ਦੇ ਆਸਾਰ ਹੋਰ ਵੀ ਮੱਧਮ ਪੈ ਚੁੱਕੇ ਹਨ। ਜੇਕਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਹਮਲੇ ਕਾਰਨ ਦੁਨੀਆ ਭਰ ਵਿਚ ਆਲੋਚਨਾ ਹੋ ਰਹੀ ਹੈ ਤਾਂ ਦੂਸਰੇ ਪਾਸੇ ਹੋਰਮੁਜ਼ ਜਲਡਮਰੂ ਨੂੰ ਰੋਕਣ ਕਾਰਨ ਅੱਜ ਬਹੁਤੇ ਦੇਸ਼ ਈਰਾਨ ਦੇ ਵੀ ਖ਼ਿਲਾਫ਼ ਖੜ੍ਹੇ ਨਜ਼ਰ ਆ ਰਹੇ ਹਨ। ਇਥੋਂ ਤੱਕ ਕਿ ਉਸ ਦੇ ਸਾਥੀ ਚੀਨ ਨੇ ਵੀ ਇਸ ਅੰਤਰਰਾਸ਼ਟਰੀ ਸਮੁੰਦਰੀ ਆਵਾਜਾਈ ਨੂੰ ਬੰਦ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ। ਅਜਿਹੇ ਮਾਹੌਲ ਵਿਚ ਹੁਣ ਛੇਤੀ ਕੀਤਿਆਂ ਜੰਗਬੰਦੀ ਹੋਣ ਦੀਆਂ ਸੰਭਾਵਨਾਵਾਂ ਮੱਧਮ ਪੈ ਗਈਆਂ ਹਨ। ਸਥਿਤੀ ਨੂੰ ਸੰਭਾਲਣ ਅਤੇ ਸੁਧਾਰਨ ਲਈ ਹੁਣ ਕੌਮਾਂਤਰੀ ਪੱਧਰ 'ਤੇ ਹੋਰ ਵੀ ਵੱਡੇ ਯਤਨ ਕੀਤੇ ਜਾਣ ਦੀ ਜ਼ਰੂਰਤ ਹੈ।

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ ਘਾਤਕ ਸਿੱਧ ਹੋਣਗੀਆਂ ਭਾਰਤੀ ਸਮਾਜ ਵਿਚ ਵਧ ਰਹੀਆਂ ਤਰੇੜਾਂ ਅਗਲੀ ਖ਼ਬਰ ਲੜਾਈ ਝਗੜੇ ਦੌਰਾਨ ਸੋਚ ਹਮੇਸ਼ਾ ਲੁਪਤ ਹੋ ਜਾਂਦੀ ਹੈ। ਪੁਸ਼ਕਿਨ
Ad Position 24