08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਾਂਗਰਸ ਹਾਈਕਮਾਨ ਨੇ ਅਨੁਸ਼ਾਸਨਹੀਣਤਾ ਵਿਰੁੱਧ ਲਿਆ ਸਖ਼ਤ ਫ਼ੈਸਲਾ

Ad Position 21
No active advertisement
ਅਜੀਤ ਡੈਸਕ 23-04-2026

ਹਰਿਆਣਾ 'ਚ ਰਾਜ ਸਭਾ ਚੋਣਾਂ ਦੌਰਾਨ ਕ੍ਰਾਸ ਵੋਟਿੰਗ ਕਰਨ ਵਾਲੇ ਕਾਂਗਰਸ ਦੇ 5 ਵਿਧਾਇਕਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਹਰਿਆਣਾ ਕਾਂਗਰਸ ਕਮੇਟੀ, ਸੂਬਾ ਅਨੁਸ਼ਾਸਨ ਕਮੇਟੀ, ਵਿਧਾਇਕ ਦਲ ਤੇ ਰਾਸ਼ਟਰੀ ਅਨੁਸ਼ਾਸਨ ਕਮੇਟੀ ਦੀਆਂ ਸਿਫਾਰਸ਼ਾਂ ਦੇ ਬਾਅਦ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਇਨ੍ਹਾਂ 5 ਵਿਧਾਇਕਾਂ ਦੀ ਮੁਅੱਤਲੀ 'ਤੇ ਮੋਹਰ ਲਗਾ ਦਿੱਤੀ ਹੈ। ਪਾਰਟੀ ਤੋਂ ਮੁਅੱਤਲ ਕੀਤੇ ਗਏ ਇਨ੍ਹਾਂ ਵਿਧਾਇਕਾਂ ਵਿਚ ਨਰਾਇਣਗੜ੍ਹ ਤੋਂ ਵਿਧਾਇਕ ਸ਼ੈਲੀ ਚੌਧਰੀ, ਸਢੌਰਾ ਦੀ ਵਿਧਾਇਕ ਰੇਨੂ ਬਾਲਾ, ਫਿਰੋਜ਼ਪੁਰ ਝਿਰਕਾ ਤੋਂ ਵਿਧਾਇਕ ਮੁਹੰਮਦ ਇਲਿਆਸ, ਹਥੀਨ ਦੇ ਵਿਧਾਇਕ ਮੁਹੰਮਦ ਇਸਰਾਈਲ ਤੇ ਰਤੀਆ ਦੇ ਵਿਧਾਇਕ ਸ. ਜਰਨੈਲ ਸਿੰਘ ਸ਼ਾਮਿਲ ਹਨ। ਇਨ੍ਹਾਂ ਵਿਧਾਇਕਾਂ ਨੂੰ ਪਾਰਟੀ ਤੋਂ ਮੁਅੱਤਲ ਕਰਨ ਦੀ ਜਾਣਕਾਰੀ ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ ਨੇ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹੁਣ ਇਨ੍ਹਾਂ 5 ਵਿਧਾਇਕਾਂ ਦੀ ਵਿਧਾਨ ਸਭਾ ਤੋਂ ਮੈਂਬਰੀ ਖ਼ਤਮ ਕਰਨ ਦੇ ਲਈ ਸਪੀਕਰ ਸਾਹਮਣੇ ਪਟੀਸ਼ਨ ਵੀ ਦਾਇਰ ਕਰ ਸਕਦੀ ਹੈ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦੱਸਿਆ ਕਿ ਇਨ੍ਹਾਂ 5 ਵਿਧਾਇਕਾਂ ਨੂੰ ਮੁਅੱਤਲ ਕਰਕੇ ਕਾਂਗਰਸ ਹਾਈਕਮਾਨ ਨੇ ਅਨੁਸ਼ਾਸਨ ਨੂੰ ਪਹਿਲ ਦਿੱਤੀ ਹੈ। ਇਨ੍ਹਾਂ 5 ਵਿਧਾਇਕਾਂ ਨੇ 16 ਮਾਰਚ ਨੂੰ ਰਾਜ ਸਭਾ ਚੋਣਾਂ ਮੌਕੇ ਕਾਂਗਰਸੀ ਉਮੀਦਵਾਰ ਕਰਮਵੀਰ ਬੋਧ ਨੂੰ ਵੋਟ ਪਾਉਣ ਦੀ ਬਜਾਏ ਕ੍ਰਾਸ ਵੋਟਿੰਗ ਕੀਤੀ ਸੀ, ਹਾਲਾਂਕਿ ਬੋਧ ਮਾਮੂਲੀ ਅੰਤਰ ਨਾਲ ਚੋਣ ਜਿੱਤ ਗਏ ਸਨ। ਕਾਂਗਰਸ ਵਲੋਂ ਇਨ੍ਹਾਂ ਮੁਅੱਤਲ ਵਿਧਾਇਕਾਂ ਨੂੰ ਪਾਰਟੀ 'ਚ ਕੋਈ ਵੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ, ਉਂਝ ਵੀ ਇਹ 5 ਵਿਧਾਇਕ ਲਗਾਤਾਰ ਭਾਜਪਾ ਨੇਤਾਵਾਂ ਦੇ ਸੰਪਰਕ 'ਚ ਹਨ।
ਵਿਧਾਇਕਾਂ ਦੇ ਆਪੋ-ਆਪਣੇ ਤਰਕ
ਇਨ੍ਹਾਂ ਮੁਅੱਤਲ ਕਾਂਗਰਸੀ ਵਿਧਾਇਕਾਂ 'ਚੋਂ ਇਕ ਮੁਹੰਮਦ ਇਲਿਆਸ ਕਈ ਵਾਰ ਵਿਧਾਇਕ ਤੇ ਮੰਤਰੀ ਵੀ ਰਹਿ ਚੁੱਕਾ ਹੈ, ਉਸ ਦਾ ਕਹਿਣਾ ਹੈ ਕਿ ਵੋਟਿੰਗ ਵਾਲੇ ਦਿਨ ਉਹ ਬਿਮਾਰ ਸੀ ਤੇ ਉਸ ਨੂੰ ਨਹੀਂ ਪਤਾ ਕਿ ਕ੍ਰਾਸ ਵੋਟਿੰਗ ਜਿਹਾ ਕੁਝ ਹੋਇਆ ਹੈ। ਜਦਕਿ ਮੁਹੰਮਦ ਇਸਰਾਈਲ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਸ ਨੂੰ ਕਾਂਗਰਸੀ ਉਮੀਦਵਾਰ ਵਜੋਂ ਕਰਮਵੀਰ ਬੋਧ ਪਸੰਦ ਨਹੀਂ ਸੀ ਤੇ ਉਸ ਨੇ ਆਪਣੀ ਅੰਤਰਆਤਮਾ ਦੀ ਆਵਾਜ਼ 'ਤੇ ਵੋਟ ਪਾਈ ਹੈ। ਉਹ ਅੱਗੇ ਕੋਈ ਵੀ ਫ਼ੈਸਲਾ ਆਪਣੇ ਸਮਰਥਕਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਲਵੇਗਾ। ਸ਼ੈਲੀ ਚੌਧਰੀ ਤੇ ਜਰਨੈਲ ਸਿੰਘ ਉਨ੍ਹਾਂ ਵਿਧਾਇਕਾਂ 'ਚ ਸ਼ਾਮਿਲ ਹਨ, ਜੋ ਕਈ ਵਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਜਨਤਕ ਤੌਰ 'ਤੇ ਸ਼ਲਾਘਾ ਕਰ ਚੁੱਕੇ ਹਨ, ਜਦਕਿ ਰੇਨੂ ਬਾਲਾ ਨੇ ਕ੍ਰਾਸ ਵੋਟਿੰਗ ਕਰਨ ਦੇ ਦੋਸ਼ਾਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਜਰਨੈਲ ਸਿੰਘ ਦਾ ਕਹਿਣਾ ਹੈ, ਉਨ੍ਹਾਂ ਪਾਰਟੀ ਵਲੋਂ ਮਿਲੇ ਨੋਟਿਸ ਦਾ ਲਿਖਤੀ ਜਵਾਬ ਅਨੁਸ਼ਾਸਨੀ ਕਮੇਟੀ ਨੂੰ ਦੇ ਦਿੱਤਾ ਸੀ, ਪਰ ਮੁਅੱਤਲ ਕਰਨ ਤੋਂ ਪਹਿਲਾਂ ਮੈਨੂੰ ਆਪਣਾ ਪੱਖ ਰੱਖਣ ਲਈ ਨਹੀਂ ਬੁਲਾਇਆ ਗਿਆ ਤੇ ਇਕਪਾਸੜ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਅੱਤਲ ਕੀਤੇ ਗਏ ਇਨ੍ਹਾਂ 5 ਵਿਧਾਇਕਾਂ 'ਚੋਂ ਸ਼ੈਲੀ ਚੌਧਰੀ ਤੇ ਰੇਨੂ ਬਾਲਾ ਦੋਵੇਂ ਕਾਂਗਰਸ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਦੀਆਂ ਸਮਰਥਕ ਹਨ, ਜਦਕਿ ਬਾਕੀ ਦੇ ਤਿੰਨੋਂ ਵਿਧਾਇਕ ਭੁਪਿੰਦਰ ਸਿੰਘ ਦੇ ਸਮਰਥਕ ਮੰਨੇ ਜਾਂਦੇ ਹਨ। ਇਹ 5 ਵਿਧਾਇਕ ਮੁਅੱਤਲ ਕੀਤੇ ਜਾਣ ਦੇ ਬਾਵਜੂਦ ਕਾਂਗਰਸ ਪਾਰਟੀ ਦੀ ਵਿਪ੍ਹ ਮਾਣਨ ਲਈ ਪਾਬੰਦ ਹੋਣਗੇ, ਜਦਕਿ ਰਾਜ ਸਭਾ ਚੋਣਾਂ 'ਚ ਵੋਟਿੰਗ ਮੌਕੇ ਪਾਰਟੀ ਵਿਪ੍ਹ ਲਾਗੂ ਨਹੀਂ ਹੁੰਦਾ। ਹੁਣ ਇਨ੍ਹਾਂ ਵਿਧਾਇਕਾਂ ਕੋਲ ਆਪਣਾ ਆਜ਼ਾਦ ਰੁਖ਼ ਬਣਾਈ ਰੱਖਣ ਜਾਂ ਕਾਂਗਰਸ 'ਚ ਵਾਪਸੀ ਲਈ ਕੋਸ਼ਿਸ਼ ਕਰਨ ਦਾ ਬਦਲ ਬਣਿਆ ਰਹੇਗਾ। ਭਾਵੇਂ ਇਨ੍ਹਾਂ 'ਚੋਂ ਬਹੁਤੇ ਵਿਧਾਇਕ ਪਹਿਲਾਂ ਤੋਂ ਲਗਾਤਾਰ ਭਾਜਪਾ ਦੇ ਸੰਪਰਕ 'ਚ ਹਨ, ਪਰ ਜੇ ਇਹ ਭਾਜਪਾ ਜਾਂ ਕਿਸੇ ਹੋਰ ਪਾਰਟੀ 'ਚ ਸ਼ਾਮਿਲ ਹੁੰਦੇ ਹਨ ਤਾਂ ਉਨ੍ਹਾਂ 'ਤੇ 'ਦਲ-ਬਦਲ' ਕਾਨੂੰਨ ਲਾਗੂ ਹੋ ਜਾਵੇਗਾ।
ਕਾਂਗਰਸ ਹਾਈਕਮਾਨ ਦਾ ਕਰੜਾ ਸੰਦੇਸ਼
ਇਨ੍ਹਾਂ 5 ਵਿਧਾਇਕਾਂ ਨੂੰ ਮੁਅੱਤਲ ਕਰਕੇ ਹਰਿਆਣਾ 'ਚ ਕਈ ਧੜਿਆਂ 'ਚ ਵੰਡੇ ਕਾਂਗਰਸੀ ਨੇਤਾਵਾਂ ਨੂੰ ਹਾਈਕਮਾਨ ਨੇ ਇਕ ਕਰੜਾ ਸੰਦੇਸ਼ ਦਿੰਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ 'ਚ ਧੜੇਬੰਦੀ, ਖਿੱਚੋਤਾਣ ਤੇ ਅਨੁਸ਼ਾਸਨਹੀਣਤਾ ਕਰਨ ਵਾਲਿਆਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਏਗੀ। ਇਨ੍ਹਾਂ 5 ਵਿਧਾਇਕਾਂ ਦੀ ਮੁਅੱਤਲੀ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਖੜਗੇ ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ 'ਚ ਕਿਸੇ ਵੀ ਨੇਤਾ ਦੀ ਮਨਮਰਜ਼ੀ ਨਹੀਂ ਸੀ ਚੱਲਣ ਦਿੱਤੀ। ਪਾਰਟੀ ਹਾਈਕਮਾਨ ਨੇ ਇਨ੍ਹਾਂ ਵਿਧਾਇਕਾਂ ਨੂੰ ਮੁਅੱਤਲ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਅਨੁਸ਼ਾਸਨਹੀਣਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਚਾਹੇ ਪਾਰਟੀ ਨੂੰ ਰਾਜਨੀਤਕ ਤੌਰ 'ਤੇ ਕਿੰਨਾ ਵੀ ਨੁਕਸਾਨ ਕਿਉਂ ਨਾ ਉਠਾਉਣਾ ਪੈ ਜਾਵੇ। ਜਦੋਂ ਕਾਂਗਰਸ ਨੇ ਕਰਮਵੀਰ ਬੋਧ ਨੂੰ ਪਾਰਟੀ ਉਮੀਦਵਾਰ ਬਣਾਇਆ ਸੀ ਤਾਂ ਜ਼ਿਆਦਾਤਰ ਕਾਂਗਰਸੀ ਵਿਧਾਇਕ ਉਸ ਨੂੰ ਜਾਣਦੇ ਤੱਕ ਨਹੀਂ ਸਨ, ਉਸ ਨੂੰ ਕਾਂਗਰਸ ਹਾਈਕਮਾਨ ਵਲੋਂ ਹੀ ਉਮੀਦਵਾਰ ਬਣਾਇਆ ਗਿਆ ਸੀ। ਹਾਈਕਮਾਨ ਦੇ ਫ਼ੈਸਲੇ ਨੂੰ ਮੰਨਦਿਆਂ ਸੂਬਾ ਕਾਂਗਰਸ ਪ੍ਰਧਾਨ ਰਾਓ ਨਰਿੰਦਰ ਸਿੰਘ, ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਨਾਰਾਜ਼ ਵਿਧਾਇਕਾਂ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ, ਜਦਕਿ ਪਾਰਟੀ ਨੇ ਕ੍ਰਾਸ ਵੋਟਿੰਗ ਹੋਣ ਦੇ ਸ਼ੱਕ ਕਾਰਨ ਹਰਿਆਣਾ ਦੇ ਕਾਂਗਰਸ ਇੰਚਾਰਜ ਬੀ.ਕੇ. ਹਰੀਪ੍ਰਸਾਦ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਹੁੱਡਾ ਨੂੰ ਚੋਣ ਏਜੰਟ ਬਣਾਇਆ ਸੀ। ਪਰ ਇਸ ਦੇ ਬਾਵਜੂਦ 5 ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ ਤੇ 4 ਵਿਧਾਇਕਾਂ ਦੀਆਂ ਵੋਟਾਂ ਰੱਦ ਹੋ ਗਈਆਂ। ਜਿਹੜੇ ਵਿਧਾਇਕਾਂ ਦੀਆਂ ਵੋਟਾਂ ਰੱਦ ਹੋਈਆਂ ਸਨ, ਪਾਰਟੀ ਨੇ ਅਜੇ ਤੱਕ ਉਨ੍ਹਾਂ ਦੇ ਨਾਂਅ ਜਨਤਕ ਨਹੀਂ ਕੀਤੇ ਤੇ ਨਾ ਹੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਹੈ। ਹਾਲਾਂਕਿ ਹਰਿਆਣਾ ਕਾਂਗਰਸ ਪ੍ਰਧਾਨ ਰਾਓ ਨਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰਵਾਉਣ 'ਚ ਕਾਮਯਾਬ ਹੋ ਗਏ, ਜੋ ਇਕ ਦਹਾਕੇ ਤੋਂ ਨਹੀਂ ਹੋਈਆਂ ਸਨ। ਹਰਿਆਣਾ ਕਾਂਗਰਸ 'ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਹੁੱਡਾ ਦਾ ਸਭ ਤੋਂ ਵੱਡਾ ਧੜਾ ਹੈ, ਕੁਮਾਰੀ ਸੈਲਜ਼ਾ, ਰਣਦੀਪ ਸੂਰਜੇਵਾਲਾ, ਸਾਬਕਾ ਕੇਂਦਰੀ ਮੰਤਰੀ ਵਿਰੇਂਦਰ ਸਿੰਘ ਤੋਂ ਇਲਾਵਾ ਸਾਬਕਾ ਮੰਤਰੀ ਕੈਪਟਨ ਅਜੈ ਯਾਦਵ ਦੇ ਵੀ ਵੱਖੋ-ਵੱਖ ਧੜੇ ਹਨ।
ਕਾਂਗਰਸ ਤੇ ਭਾਜਪਾ ਆਹਮੋ-ਸਾਹਮਣੇ
ਇਸ ਦੌਰਾਨ ਹਰਿਆਣਾ ਸਥਾਨਕ ਸ਼ਹਿਰੀ ਨਿਗਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਪੰਚਕੂਲਾ, ਅੰਬਾਲਾ ਤੇ ਸੋਨੀਪਤ ਵਿਚ ਨਗਰ ਨਿਗਮ ਚੋਣਾਂ ਤੋਂ ਇਲਾਵਾ ਨਗਰ ਪ੍ਰੀਸ਼ਦਾਂ ਤੇ ਨਗਰ ਪਾਲਿਕਾਵਾਂ ਲਈ 10 ਮਈ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਵਿਚਾਲੇ ਸਿੱਧੀ ਟੱਕਰ ਹੋਣ ਦੇ ਆਸਾਰ ਹਨ। ਕਾਂਗਰਸ ਨੇ ਇਨ੍ਹਾਂ 3 ਨਿਗਮ (ਕਾਰਪੋਰੇਸ਼ਨ) ਚੋਣਾਂ ਲਈ ਮੇਅਰ ਤੇ ਕੌਂਸਲਰਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਇਸ ਵਾਰ ਕਾਂਗਰਸ ਨੇ ਇਹ ਚੋਣਾਂ ਪਾਰਟੀ ਚੋਣ ਨਿਸ਼ਾਨ 'ਤੇ ਲੜਨ ਦਾ ਫ਼ੈਸਲਾ ਕੀਤਾ ਹੈ। ਭਾਜਪਾ ਵੀ ਹਮੇਸ਼ਾ ਸਥਾਨਕ ਨਿਗਮ ਚੋਣਾਂ ਪਾਰਟੀ ਚੋਣ ਨਿਸ਼ਾਨ 'ਤੇ ਹੀ ਲੜਦੀ ਰਹੀ ਹੈ। ਉਪਰੋਕਤ ਤਿੰਨਾਂ ਨਿਗਮਾਂ ਦੇ ਮੇਅਰ ਦੇ ਅਹੁਦੇ 'ਤੇ ਭਾਜਪਾ ਦਾ ਕਬਜ਼ਾ ਹੈ। ਜਿੱਥੇ ਭਾਜਪਾ ਸਥਾਨਕ ਸ਼ਹਿਰੀ ਨਿਗਮ ਚੋਣਾਂ ਵਿਚ 'ਟ੍ਰਿਪਲ ਇੰਜਣ ਸਰਕਾਰ' ਦਾ ਨਾਅਰਾ ਦੇ ਕੇ ਚੋਣ ਮੈਦਾਨ 'ਚ ਉਤਰੇਗੀ, ਉੱਥੇ ਧੜੇਬੰਦੀ ਦਾ ਸ਼ਿਕਾਰ ਕਾਂਗਰਸ ਲਈ ਇਕਜੁੱਟ ਹੋ ਕੇ ਚੋਣਾਂ ਲੜਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਰਾਜ ਸਭਾ ਚੋਣਾਂ 'ਚ ਕ੍ਰਾਸ ਵੋਟਿੰਗ ਦੇ ਬਾਅਦ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਦਾ ਮਨੋਬਲ ਬਹੁਤ ਕਮਜ਼ੋਰ ਹੋਇਆ ਹੈ। ਭਾਵੇਂ ਇਨ੍ਹਾਂ ਚੋਣਾਂ ਦੌਰਾਨ ਇਨੈਲੋ, ਜਜਪਾ ਤੇ ਆਪ ਦੇ ਉਮੀਦਵਾਰ ਵੀ ਚੋਣ ਮੈਦਾਨ 'ਚ ਹੋਣਗੇ, ਪਰ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ।

-ਵਿਸ਼ੇਸ਼ ਪ੍ਰਤੀਨਿਧੀ
ਮੋਬਾਈਲ - 9855465946
ਈ-ਮੇਲ :
ramsinghbrar@gmail.com

Ad Position 22
No active advertisement
ਪਿਛਲੀ ਖ਼ਬਰ 23-04-26 ਅਗਲੀ ਖ਼ਬਰ ਜਿਊਣ ਲਈ ਪੁਸਤਕਾਂ ਨੂੰ ਸਾਥੀ ਬਣਾਓ!
Ad Position 24