ਵਿਸ਼ਵ ਕਿਤਾਬ ਦਿਵਸ 'ਤੇ ਵਿਸ਼ੇਸ਼
ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਿਤਾਬਾਂ ਪੜ੍ਹਨ ਵਾਲੇ ਔਸਤਨ ਲੋਕਾਂ ਨਾਲੋਂ ਜ਼ਿਆਦਾ ਲੰਬੀ ਉਮਰ ਭੋਗਦੇ ਹਨ। ਟਾਈਮ ਰਸਾਲੇ ਦੀ ਰਿਪੋਰਟ ਅਨੁਸਾਰ ਜੇਕਰ ਅਸੀਂ ਰੋਜ਼ਾਨਾ ਸਿਰਫ਼ 25 ਮਿੰਟ ਪੜ੍ਹਨ ਦੀ ਆਦਤ ਬਣਾ ਲਈਏ ਤਾਂ ਇਕ ਸਾਲ 'ਚ ਕੁੱਲ 9,125 ਮਿੰਟ ਮਤਲਬ 152 ਘੰਟੇ ਪੜ੍ਹ ਚੁੱਕੇ ਹੋਵਾਂਗੇ, ਹੁਣ ਸੋਚ ਕੇ ਦੇਖੋ ਕਿ ਇੰਨੇ ਸਮੇਂ ਵਿਚ ਅਸੀਂ ਕਿੰਨੀਆਂ ਕਿਤਾਬਾਂ ਪੜ੍ਹ ਸਕਦੇ ਹਾਂ। ਚੰਗੀਆਂ ਕਿਤਾਬਾਂ ਚੰਗਾ ਤੇ ਨਰੋਆ ਸਮਾਜ ਸਿਰਜਣ ਦੀ ਤਾਕਤ ਰੱਖਦੀਆਂ ਹਨ, ਸਮਾਜ ਨੂੰ ਚੰਗਾ ਤੇ ਨਰੋਆ ਬਣਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ, ਕਿਉਂਕਿ ਸਮਾਜ ਸਭ ਨਾਗਰਿਕਾਂ ਲਈ ਜ਼ਰੂਰੀ ਹੈ। ਕਿਤਾਬਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ, ਕਿਤਾਬਾਂ ਪੜ੍ਹ ਕੇ ਅਨੇਕਾਂ ਲੋਕਾਂ ਦੇ ਜੀਵਨ 'ਚ ਅਜਿਹੇ ਬਦਲਾਅ ਆਏ ਹਨ, ਕਿ ਉਨ੍ਹਾਂ ਨੇ ਦੁਨੀਆ ਦੇ ਜਿਊਣ ਦੇ ਤੌਰ-ਤਰੀਕੇ ਹੀ ਬਦਲ ਦਿੱਤੇ। ਜੇਕਰ ਅਸੀਂ ਕਿਤਾਬਾਂ ਨਾ ਪੜ੍ਹਨ ਦੇ ਸ਼ੌਂਕ ਨੂੰ ਆਪਣੀ ਜ਼ਿੰਦਗੀ ਦਾ ਇਕ ਵੱਡਾ ਔਗੁਣ ਮੰਨ ਲਈਏ ਤਾਂ ਇਹ ਗ਼ਲਤ ਨਹੀਂ ਹੋਵੇਗਾ, ਜੇਕਰ ਪਰਿਵਾਰ ਵਿਚ ਆਧੁਨਿਕ ਜ਼ਮਾਨੇ ਦੀਆਂ ਸਭ ਸੁੱਖ ਸਹੂਲਤਾਂ ਹੋਣ ਪਰ ਘਰ ਵਿਚ ਕੋਈ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਨਾ ਹੋਵੇ ਤਾਂ ਅਜਿਹੇ ਘਰ ਨੂੰ ਬੌਧਿਕ ਤੌਰ 'ਤੇ ਸੱਖਣਾ ਕਹਿਣਾ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਅਸੀਂ ਪੱਛਮੀ ਸਮਾਜ ਦੀ ਆਪਣੇ ਕੱਪੜਿਆਂ ਤੋਂ ਲੈ ਕੇ ਰਹਿਣ-ਸਹਿਣ ਤੇ ਖਾਣ-ਪੀਣ ਤੱਕ ਨਕਲ ਕਰਦੇ ਹਾਂ, ਪਰ ਇਹ ਨਹੀਂ ਜਾਣਦੇ ਕਿ ਉਸ ਪੱਛਮੀ ਸਮਾਜ 'ਚ ਸਾਹਿਤ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਸਥਾਨ ਦਿੱਤਾ ਜਾਂਦਾ ਹੈ। ਕੋਈ ਤਿਉਹਾਰ ਹੋਵੇ ਜਾਂ ਫਿਰ ਖੁਸ਼ੀ ਦਾ ਕੋਈ ਮੌਕਾ ਤਾਂ ਤੋਹਫ਼ੇ ਵਜੋਂ ਕਿਤਾਬਾਂ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਕਿਤਾਬਾਂ ਸਾਨੂੰ ਦੁਨੀਆ ਦੇ ਵਿਦਵਾਨਾਂ ਦੇ ਅਨੁਭਵਾਂ ਤੇ ਦੇਸ਼-ਦੁਨੀਆ ਦੇ ਹਰ ਪੱਖ ਤੋਂ ਹਰ ਵਿਸ਼ੇ 'ਤੇ ਭਰਪੂਰ ਗਿਆਨ ਦੇ ਕੇ ਜ਼ਿੰਦਗੀ ਜਿਊਣ ਦੇ ਢੰਗ ਦੱਸਦੀਆਂ ਹਨ। ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਰਾਬਰਟ ਸਾਊਥੇ ਨੇ ਕਿਹਾ ਸੀ, 'ਪੁਸਤਕਾਂ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ, ਜੋ ਹਮੇਸ਼ਾ ਦੁੱਖ ਵਿਚ ਮੈਨੂੰ ਸਹਾਰੇ ਦੇ ਕੇ ਦਰਦ ਵਿਚ ਆਰਾਮ ਦਾ ਅਹਿਸਾਸ ਕਰਾਉਂਦੀਆਂ ਹਨ।' ਹੁਣ ਜੇ ਅਸੀਂ ਆਪਣੇ ਸਮਾਜ ਦੀ ਗੱਲ ਕਰੀਏ ਤਾਂ ਅਸੀਂ ਆਪਣੀ ਪੜ੍ਹਨ ਵਾਲੀ ਰੁਚੀ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ, ਇੱਥੋਂ ਤੱਕ ਕੇ ਸਾਡੇ ਵਿਦਿਆਰਥੀ ਆਪਣੇ ਸਿਲੇਬਸ ਦੀਆਂ ਕਿਤਾਬਾਂ ਪੜ੍ਹਨ ਵੇਲੇ ਬਹੁਤ ਔਖ ਮਹਿਸੂਸ ਕਰਦੇ ਹਨ ਤਾਂ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਪੜ੍ਹਨਾ ਤਾਂ ਉਨ੍ਹਾਂ ਦੇ ਵੱਸ ਦੀ ਗੱਲ ਹੀ ਨਹੀਂ ਹੈ। ਸ਼ਾਇਦ ਇਸੇ ਕਾਰਨ ਸਾਡੇ ਪੰਜਾਬੀ ਸੱਭਿਆਚਾਰ ਵਿਚ ਲਾਇਬ੍ਰੇਰੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਪ੍ਰਸਿੱਧ ਲੇਖਕ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਬਹੁਤ ਸਹੀ ਲਿਖਿਆ ਸੀ- 'ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ ਆਦਿ ਮਨੁੱਖ ਦੀ ਜਹਾਲਤ ਤੇ ਮੂਰਖਤਾ 'ਚੋਂ ਉਪਜੀਆਂ ਸੰਸਥਾਵਾਂ ਹਨ। ਸਹੀ ਅਰਥਾਂ ਵਿਚ ਸਮਾਜ ਉਦੋਂ ਉੱਨਤੀ ਕਰੇਗਾ ਜਦੋਂ ਅਦਾਲਤਾਂ, ਥਾਣਿਆਂ ਤੇ ਜੇਲ੍ਹਾਂ ਨਾਲੋਂ ਸਾਡੀਆਂ ਲਾਈਬ੍ਰੇਰੀਆਂ ਵੱਡੀਆਂ ਤੇ ਵਧੇਰੇ ਹੋਣਗੀਆਂ'। ਹੁਣ ਲਾਇਬ੍ਰੇਰੀਆਂ ਤਾਂ ਹੀ ਵੱਡੀਆਂ ਹੋਣਗੀਆਂ ਜਦੋਂ ਪੜ੍ਹਨ ਵਾਲੇ ਵਧੇਰੇ ਲੋਕ ਹੋਣਗੇ। ਕਿਤਾਬਾਂ ਬਾਰੇ ਬਾਲ ਗੰਗਾਧਰ ਤਿਲਕ ਨੇ ਕਿਹਾ ਸੀ- 'ਮੈਂ ਨਰਕ ਵਿਚ ਵੀ ਚੰਗੀਆਂ ਪੁਸਤਕਾਂ ਦਾ ਸਵਾਗਤ ਕਰਾਂਗਾ, ਕਿਉਂਕਿ ਉਨ੍ਹਾਂ ਵਿਚ ਇਹ ਸ਼ਕਤੀ ਹੈ ਕਿ ਇਹ ਜਿੱਥੇ ਵੀ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਏਗਾ।' ਪਰ ਸਾਡੇ ਤਾਂ ਇੱਥੇ ਘਰਾਂ ਵਿਚ ਲੋਕ ਅਖ਼ਬਾਰਾਂ ਵੀ ਬਹੁਤ ਘੱਟ ਹੀ ਪੜ੍ਹਦੇ ਹਨ।
ਦੁਨੀਆ ਭਰ ਵਿਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਯੁਨੈਸਕੋ ਨੇ 1995 ਤੋਂ 23 ਅਪ੍ਰੈਲ ਨੂੰ 'ਵਿਸ਼ਵ ਪੁਸਤਕ ਦਿਵਸ' ਜਾਂ ਪੁਸਤਕ ਪ੍ਰਕਾਸ਼ਨ ਅਧਿਕਾਰ ਦੇ ਤੌਰ 'ਤੇ ਮਨਾਉਣਾ ਸ਼ੁਰੂ ਕੀਤਾ ਸੀ। ਪਹਿਲੀ ਵਾਰ ਪੁਸਤਕ ਦਿਹਾੜਾ 23 ਅਪ੍ਰੈਲ 1923 ਨੂੰ ਸਪੇਨ ਵਿਚ ਮਨਾਇਆ ਗਿਆ ਸੀ, ਇਸ ਤੋਂ ਪਹਿਲਾਂ ਇਹ ਦਿਨ 'ਗੁਲਾਬ ਦਿਵਸ' ਵਜੋਂ ਮਨਾਇਆ ਜਾਂਦਾ ਸੀ ਅਤੇ ਇਸ ਦਿਨ ਲੋਕ ਇਕ-ਦੂਜੇ ਨੂੰ ਗੁਲਾਬ ਦਾ ਫੁੱਲ ਦਿੰਦੇ ਸਨ। ਇਸੇ ਦਿਨ ਸਪੇਨ ਦੇ ਪ੍ਰਸਿੱਧ ਲੇਖਕ ਮਿਗੁਏਲ ਦੇ ਸਰਵਾਂਤੇਸ ਦੀ ਮੌਤ ਹੋ ਗਈ ਤਾਂ ਸਪੇਨ ਦੇ ਲੋਕਾਂ ਨੇ ਇਹ ਦਿਨ ਉਸ ਨੂੰ ਸ਼ਰਧਾਂਜਲੀ ਦੇਣ ਵਜੋਂ ਇਕ-ਦੂਜੇ ਨੂੰ ਪੁਸਤਕਾਂ ਦੇ ਕੇ ਮਨਾਇਆ ਸੀ, ਜੋ ਵਿਸ਼ਵ ਭਰ ਵਿਚ ਪੁਸਤਕ ਦਿਵਸ ਮਨਾਉਣ ਦਾ ਪ੍ਰੇਰਨਾ ਸ੍ਰੋਤ ਬਣ ਗਿਆ। ਹੁਣ 'ਵਿਸ਼ਵ ਪੁਸਤਕ ਦਿਵਸ' ਪੜ੍ਹਨ ਤੇ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੌ ਤੋਂ ਵੱਧ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਦੋਸਤੋ! ਚੰਗੀ ਕਿਤਾਬ ਰੂਹ ਦੀ ਖੁਰਾਕ ਹੁੰਦੀ ਹੈ, ਭਾਵੇਂ ਅੱਜਕੱਲ੍ਹ ਇੰਟਰਨੈੱਟ ਦੇ ਜ਼ਮਾਨੇ ਵਿਚ ਹਰ ਵਿਸ਼ੇ 'ਤੇ ਜਾਣਕਾਰੀ ਪ੍ਰਾਪਤ ਕਰਨਾ ਬੜਾ ਸੌਖਾ ਹੋ ਗਿਆ ਹੈ, ਪਰ ਪੁਸਤਕ ਪੜ੍ਹਨ ਦਾ ਆਪਣਾ ਹੀ ਸੁਆਦ ਹੈ। ਪੁਸਤਕਾਂ ਸਾਨੂੰ ਬਹੁਰੰਗੀ ਦੁਨੀਆ ਦੇ ਰੂ-ਬ-ਰੂ ਕਰਵਾਉਂਦੀਆਂ ਹਨ। ਕਿਤਾਬਾਂ ਨਾਲ ਜੁੜਨ ਲਈ 4 ਗੱਲਾਂ ਧਿਆਨ ਵਿਚ ਰੱਖੀਆਂ ਜਾ ਸਕਦੀਆਂ ਹਨ: ਹਮੇਸ਼ਾ ਜਾਣਕਾਰੀ ਭਰਪੂਰ ਨਵੀਆਂ-ਪੁਰਾਣੀਆਂ ਦਿਲਚਸਪ ਕਿਤਾਬਾਂ ਪੜ੍ਹਨ ਨੂੰ ਤਰਜੀਹ ਦਿਓ। ਸਫ਼ਰ ਕਰਦੇ ਸਮੇਂ ਆਪਣੇ ਕੋਲ ਕੋਈ ਛੋਟੀ ਕਿਤਾਬ ਜਾਂ ਈ-ਬੁੱਕ ਆਪਣੇ ਮੋਬਾਈਲ ਵਿਚ ਜ਼ਰੂਰ ਰੱਖੋ ਤਾਂ ਕਿ ਜਦ ਵੀ ਥੋੜ੍ਹੀ ਵਿਹਲ ਮਿਲੇ ਤਾਂ ਤੁਸੀਂ ਉਸ ਨੂੰ ਪੜ੍ਹ ਸਕੋ। ਤੁਹਾਡਾ ਮਨ ਜੋ ਵੀ ਪੜ੍ਹਨ ਮਤਲਬ ਨਾਵਲ, ਕਹਾਣੀ, ਕਵਿਤਾ ਪੜ੍ਹਨ ਲਈ ਕਰੇ, ਹਮੇਸ਼ਾ ਉਹੀ ਪੜ੍ਹੋ, ਪਰ ਪੜ੍ਹਨ ਦੀ ਆਦਤ ਜ਼ਰੂਰ ਪਾਓ। ਕਿਤਾਬ ਪੜ੍ਹਨ ਤੋਂ ਸ਼ੁਰੂਆਤ ਕਰਨ ਲਈ ਕਿਸੇ ਵਿਸ਼ਾ-ਮਾਹਿਰ ਦੀ ਸਲਾਹ ਲੈਣ ਵਿਚ ਵੀ ਕੋਈ ਹਰਜ਼ ਨਹੀਂ ਹੈ। ਸੋ ਆਉ! ਕੋਸ਼ਿਸ਼ ਕਰੀਏ ਕਿ ਆਪਣੀ ਮਨਪਸੰਦ ਕਿਸੇ ਵੀ ਵਿਸ਼ੇ ਦੀ ਕੋਈ ਕਿਤਾਬ ਖ਼ਰੀਦ ਕੇ ਪੜ੍ਹਨਾ ਸ਼ੁਰੂ ਕਰੀਏ, ਸ਼ਾਇਦ ਮਨ 'ਤੇ ਕੋਈ ਅਸਰ ਹੋ ਜਾਵੇ।
-ਮਾਝਾ ਵਰਲਡਵਾਈਡ,
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।