08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਇਕ ਸੰਵਾਦ ਗੁਲਜ਼ਾਰ ਸਿੰਘ ਸੰਧੂ ਨਾਲ

Ad Position 21
No active advertisement
ਅਜੀਤ ਡੈਸਕ 06-05-2026

ਇਹ ਨਹੀਂ ਕਿ ਲਿਖਣ ਤੋਂ ਵੱਧ ਕੁਝ ਪਸੰਦ ਹੈ ਮੈਨੂੰ, ਬਸ ਜੇ ਮਨ ਭਾਰੀ ਹੋਵੇ ਤਾਂ ਕਲਮ ਹੋਰ ਵੀ ਭਾਰੀ ਹੋ ਜਾਂਦੀ ਹੈ। ਅੱਜਕੱਲ੍ਹ ਮਨ ਨੂੰ ਸੋਚਾਂ ਨੇ ਪੈਰਾਂ ਹੇਠ ਸੁੱਟਿਆ ਹੈ। ਹਰ ਪਾਸੇ ਦੁਨੀਆ ਦੀਆਂ ਤਸਵੀਰਾਂ ਤੇਜ਼ੀ ਨਾਲ ਬਦਲਦੀਆਂ ਨਜ਼ਰ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਤੱਕ ਅਮਨ-ਚੈਨ ਹੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਦਾਤ ਜਾਪਦਾ ਰਿਹਾ। ਖੈਰ, ਇਸ ਤੋਂ ਵੱਧ ਕੀਮਤੀ ਹੋਰ ਹੈ ਵੀ ਕੀ। ਘਰ ਵਿਚ ਹੀ ਜੇ ਦੋ ਜਣਿਆਂ ਦੀ ਖੜਕ ਜਾਏ, ਘਰ ਸਾਬਤਾ ਨਹੀਂ ਬਚਦਾ। ਮੁਲਕਾਂ ਦੀ ਤਾਕਤ ਅਜ਼ਮਾਈ ਜੇ ਜੰਗ ਦਾ ਰੂਪ ਅਖ਼ਤਿਆਰ ਕਰ ਲਵੇ ਤਾਂ ਉਸ ਦੀ ਲਪੇਟ ਵਿਚ ਅਵਾਮ ਹੀ ਨਹੀਂ, ਆਹਲਣਿਆਂ 'ਚ ਵਸਦੇ ਪਰਿੰਦੇ ਤੱਕ ਲੂਹੇ ਜਾਂਦੇ ਹਨ। ਫ਼ਿਜ਼ਾ ਵਿਚ ਖਿੱਲਰੀ ਪ੍ਰਦੂਸ਼ਿਤ ਹਵਾ ਹੀ ਜ਼ਹਿਰ ਤੋਂ ਘੱਟ ਨਹੀਂ। ਹੋਰ ਹਵਾਵਾਂ 'ਚ ਜ਼ਹਿਰ ਦੀ ਕੀ ਗੁੰਜਾਇਸ਼ ਹੈ ਭਲਾ।
ਇਹ ਸਾਰੇ ਸਿਲਸਿਲੇ, ਇਹ ਸਾਰੀਆਂ ਖ਼ਬਰਾਂ, ਸੋਚ ਨੂੰ ਸੁੰਨ ਕਰ ਦਿੰਦੀਆਂ ਹਨ। ਕਲਮ ਨੂੰ ਜਿਵੇਂ ਲਕਵਾ ਮਾਰ ਗਿਆ ਹੋਵੇ। ਪਰ ਮਨ ਵਿਚ ਕੁਝ ਕੁ ਅਹਿਸਾਸ ਉਹੋ ਜਿਹੇ ਹੀ ਰਹਿੰਦੇ ਹਨ, ਜਿਵੇਂ ਕਈ ਦਹਾਕੇ ਪਹਿਲਾਂ ਹੁੰਦੇ ਸਨ। ਨਿਛੋਹ, ਸੁੱਚੇ ਤੇ ਕੋਮਲ। ਅਤੀਤ ਦੀ ਇਕ ਖ਼ੂਬਸੂਰਤੀ ਇਹ ਵੀ ਹੈ ਕਿ ਉਸ ਦਾ ਕੋਈ ਕਠੋਰ ਰੂਪ ਯਾਦ ਘੱਟ ਰਹਿੰਦਾ ਹੈ। ਸਭ ਭਲਾ ਹੀ ਰਿਹਾ ਹੁੰਦਾ ਹੈ ਜਿਵੇਂ, ਮੇਰੇ ਲਈ ਉਹ ਲੋਕ ਬਹੁਤ ਕੀਮਤੀ ਹਨ, ਜਿਨ੍ਹਾਂ ਵਿਚ ਮੇਰਾ ਬਚਪਨ ਬੀਤਿਆ ਹੈ। ਉਨ੍ਹਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਉਨ੍ਹਾਂ ਵਿਚੋਂ ਇਕ ਹਨ ਸ. ਗੁਲਜ਼ਾਰ ਸਿੰਘ ਸੰਧੂ-ਅੰਕਲ ਗੁਲਜ਼ਾਰ ਜੋ ਨੇੜੇ ਹੀ ਰਹਿੰਦੇ ਹਨ। ਅਰਦਾਸ ਰਹਿੰਦੀ ਹੈ, ਕਦੇ ਦੂਰ ਨਾ ਜਾਣ। ਸਾਡੇ ਦਰਮਿਆਨ ਦੀ ਤੰਦ, ਮੇਰੇ ਪਿਤਾ ਤਾਂ 35 ਸਾਲ ਪਹਿਲਾਂ ਵਿਛੋੜਾ ਦੇ ਗਏ ਸਨ। ਅੰਕਲ ਢਿੱਲੇ ਸਨ, ਸੋ ਮੈਂ ਪਤਾ ਲੈਣ ਚਲੀ ਗਈ। ਦੋਵੇਂ ਜਣੇ ਬਾਹਰ ਕੁਰਸੀਆਂ 'ਤੇ ਬੈਠੇ ਉਡੀਕ ਰਹੇ ਸਨ। ਮੈਨੂੰ ਅੰਕਲ ਤੁਰਦੇ ਹੋਏ ਠੀਕ ਨਾ ਲੱਗੇ। ਮੈਂ ਹੱਕ ਜਿਹੇ ਨਾਲ ਕਿਹਾ, ਤਕੜੇ ਹੋਵੋ, ਤੁਹਾਡੀਆਂ ਬੜੀਆਂ ਲੋੜਾਂ ਹਨ। ਉਹ ਹੱਸ ਪਏ, ਉਵੇਂ ਹੀ ਜਿਵੇਂ ਕਿ ਤਕਰੀਬਨ 40-45 ਸਾਲ ਪਹਿਲਾਂ ਆਪਣੇ ਪੇਕੇ ਘਰ ਮੈਂ ਹੱਸਦੇ ਵਿੰਹਦੀ ਸਾਂ। ਮੇਰੇ ਪਿਤਾ ਨੇ ਕਦੇ ਸ਼ਰਾਬ ਛੋਹੀ ਵੀ ਨਹੀਂ ਸੀ। ਪਰ ਉਨ੍ਹਾਂ ਦੇ ਦੋਸਤਾਂ ਦੇ ਜ਼ਾਇਕੇ ਦੀ ਉਨ੍ਹਾਂ ਨੂੰ ਪੂਰੀ ਵਾਕਫ਼ੀਅਤ ਸੀ। ਘਰ ਦੇ ਮੁਲਾਜ਼ਮਾਂ ਨੂੰ ਵੀ ਉਹ ਡਰਾਇੰਗ ਰੂਮ ਵਿਚ ਟ੍ਰਾਲੀ ਲਗਾ ਕੇ ਮਹਿਮਾਨ ਮੁਤਾਬਿਕ ਸਾਮਾਨ ਲੈ ਆਉਂਦੇ। ਬੁੱਧੀਜੀਵੀ ਲੋਕਾਂ ਦਾ ਪੀਣਾ-ਖਾਣਾ ਸ਼ਾਇਦ ਨਿੰਦਿਆ ਨਹੀਂ ਜਾਂਦਾ। ਉਹ ਹਰ ਹਾਲ ਆਪਣੇ ਕਾਇਦੇ ਦੀ ਕੈਦ ਵਿਚ ਰਹਿੰਦੇ ਹਨ। ਅੰਕਲ ਕੋਲ ਦੋ-ਚਾਰ ਦੋਸਤ ਹੋਰ ਬੈਠੇ ਮਖ਼ੌਲ ਕਰ ਰਹੇ ਸਨ ਕਿ ਅਜੇ ਤਾਂ ਦੁਪਹਿਰ ਹੋਈ ਹੈ, ਬੋਤਲ ਨਾਲ ਲੈ ਜਾਨੇ ਹਾਂ, ਵਧੀਆ ਸਕਾਚ ਹੈ। ਅੰਕਲ ਕਹਿੰਦੇ, ਨਹੀਂ ਇਸ ਨੂੰ ਲੱਸੀ ਸਮਝ ਕੇ ਪੀਵੋ, ਮਾੜੀ ਨਹੀਂ ਰਹੇਗੀ। ਆਮ ਤੌਰ 'ਤੇ ਇਕ ਵਾਰ ਸਤਿ ਸ੍ਰੀ ਅਕਾਲ ਬੁਲਾ ਕੇ ਮੈਂ ਤਾਂ ਚਲੇ ਜਾਣਾ ਹੁੰਦਾ ਸੀ ਉੱਥੋਂ। ਸੋ, ਅੰਕਲ ਦੀ ਬਾਕੀ ਵਾਰਤਾਲਾਪ ਤੋਂ ਵਾਂਝੀ ਰਹੀ। ਫਿਰ ਇਕ ਦਿਨ ਘਰ ਆਏ ਤਾਂ ਪੁੱਛਿਆ ਮੈਂ ਕਿ ਅੰਕਲ ਐਡੀਟਰਸ਼ਿਪ ਕਿਵੇਂ ਚੱਲ ਰਹੀ ਹੈ? ਕਹਿਣ ਲੱਗੇ ਸਾਰੀ ਉਮਰ ਦੇ ਤਜਰਬੇ ਨੀਟ ਹੀ ਪੀਤੇ ਹਨ ਬੇਟਾ, ਕਾਗਜ਼ਾਂ 'ਤੇ ਡਾਈਲੂਟ ਕਰਕੇ ਉਤਾਰ ਛੱਡਦਾ ਹਾਂ। ਅਜਿਹੇ ਹੁੰਦੇ ਹਨ ਉਹ ਸ਼ਖ਼ਸ, ਜਿਨ੍ਹਾਂ ਨੇ ਜ਼ਿੰਦਗੀ ਦਾ ਅਸਲ ਲੁਤਫ਼ ਲਿਆ ਹੁੰਦਾ ਹੈ। ਅੰਗਰੇਜ਼ੀ ਦੇ ਪ੍ਰਮੁੱਖ ਅਖ਼ਬਾਰ ਵਿਚ ਮੈਂ ਕਾਲਮ-ਨਵੀਸ ਸਾਂ। ਮੇਰੇ ਐਡੀਟਰ ਸਾਹਿਬ ਦੱਖਣ ਭਾਰਤ ਤੋਂ ਸਨ। ਪੰਜਾਬੀ ਕਿੱਥੇ ਸਮਝਦੇ ਸਨ। ਸਾਰੀ ਵਾਰਤਾਲਾਪ ਅੰਗਰੇਜ਼ੀ 'ਚ ਹੁੰਦੀ ਸੀ। ਉਹ ਕਹਿਣ ਲੱਗੇ, 'ਉਹ ਵੀ ਦਿਨ ਸਨ' ਅੰਗਰੇਜ਼ੀ ਵਿਚ ਉਹ ਕਾਲਮ ਲਿਖ, ਜੋ ਕਿ ਉਸ ਪਾਸਿਓਂ ਆਏ ਲੋਕਾਂ 'ਤੇ ਹੋਵੇ, ਜਿਹੜੇ ਹੁਣ ਬਹੁਤ ਵੱਡੇ ਨਾਂਅ ਹਨ। ਕਈ ਜੱਜ ਸਨ, ਕਈ ਅਫ਼ਸਰ, ਮੰਤਰੀ, ਲੇਖਕ ਆਦਿ। ਐਡੀਟਰ ਸਾਹਿਬ ਅੰਗਰੇਜ਼ੀ 'ਚ ਮੈਨੂੰ ਕਹਿੰਦੇ, ਕੋਸ਼ਿਸ਼ ਕਰਨਾ ਬੇਟਾ ਨੱਬੇ ਤੋਂ ਉੱਪਰ ਹੀ ਹੋਣ, ਕਿਉਂਕਿ ਇਹ ਫਿਰ ਲੱਭਣੇ ਨਹੀਂ। ਮੀਟਿੰਗ ਵਿਚ ਅੰਕਲ ਵੀ ਆ ਗਏ ਸਨ, ਕਿਉਂਕਿ ਉਹ ਉਸੇ ਅਖ਼ਬਾਰ ਦੇ ਪੰਜਾਬੀ ਐਡੀਸ਼ਨ ਐਡੀਟਰ ਸਨ। ਮੈਨੂੰ ਪੰਜਾਬੀ 'ਚ ਕਹਿਣ ਲੱਗੇ, ਭਲਾ ਪੁੱਛਣ ਵਾਲਾ ਹੋਵੇ ਨੱਬੇ ਤੋਂ ਉੱਤੇ ਜਿਊਂਦੇ ਫਿਰਦੇ ਹੋਣਗੇ, ਗੱਲਾਂ ਸਾਂਭੀ, ਬਈ ਅਸੀਂ ਅਖ਼ਬਾਰ 'ਚ ਛਪਣਾ ਹੈ।' ਮੈਂ ਮੂੰਹ 'ਤੇ ਹਾਸਾ ਆਉਣ ਤੋਂ ਰੋਕਿਆ, ਕਿਉਂਕਿ ਸਲੀਕਾ ਨਹੀਂ ਸੀ। ਅੰਗਰੇਜ਼ੀ ਦੇ ਐਡੀਟਰ ਸਾਹਿਬ ਜ਼ੋਰ ਦੀ ਹੱਸ ਪਏ, 'ਮੈਂ ਸਭ ਸਮਝਤਾ ਹੈ ਸੰਧੂ, ਤੁਮ ਕਿਆ ਕਹਿ ਰਹਾ ਹੈ।'
ਅੱਜ ਮੇਰਾ ਜੀਅ ਕੀਤਾ ਅੰਕਲ ਨੂੰ ਕਹਿਣ ਦਾ, ਵੇਖੋ ਅੰਕਲ ਤੁਸੀਂ ਨੱਬੇ ਵਰ੍ਹੇ ਹੰਢਾਅ ਕੇ ਸਾਰੀਆਂ ਗੱਲਾਂ ਤਾਂ ਸਾਂਭੀ ਫਿਰਦੇ ਹੋ। ਸ਼ਾਲਾ! ਤੁਹਾਨੂੰ ਹੀ ਨਹੀਂ, ਸਾਰੇ ਪੰਜਾਬੀਆਂ ਨੂੰ ਤੁਹਾਡੇ ਨਾਂਅ ਨਾਲ ਵਾਕਫ਼ੀਅਤ ਹੈ। ਉਹ ਪੀੜ੍ਹੀ ਕੁਝ ਖ਼ਾਸ ਹੀ ਰਹੀ। ਰੱਬ ਨੇ ਵੀ ਜਿਵੇਂ ਉਨ੍ਹਾਂ ਵਿਚ ਕਿਸੇ ਕਿਸਮ ਦੀ ਮਿਲਾਵਟ ਤੋਂ ਗੁਰੇਜ ਰੱਖੀ। ਵਕਤ ਦੀ ਮੰਗ ਹੈ ਕਿ ਉਹ ਸ਼ਖ਼ਸੀਅਤਾਂ ਜਿਹੜੀਆਂ ਸਾਦੀ ਜ਼ਿੰਦਗੀ ਜੀਅ ਕੇ ਅਸਾਧਾਰਨ ਦੇਣ ਦੇ ਗਈਆਂ, ਉਨ੍ਹਾਂ ਨੂੰ ਅਸੀਂ ਪ੍ਰੇਰਨਾ ਸਰੋਤ ਵਜੋਂ ਜਾਣੀਏ।

ਈ-ਮੇਲ : bubbutir@yahoo.com

Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ਦਾ ਭਵਿੱਖ ਤੈਅ ਕਰਨਗੀਆਂ ਇਸ ਵਾਰ ਦੀਆਂ ਸੰਸਦੀ ਚੋਣਾਂ ਅਗਲੀ ਖ਼ਬਰ ਕੌਮਾਂਤਰੀ ਰਾਜਨੀਤਕ ਹਲਚਲ ਨੂੰ ਨਿਰਮਾਣ ਖੇਤਰ ਲਈ ਅਵਸਰ ਬਣਾਉਣ ਦੀ ਲੋੜ
Ad Position 24