ਸਕਾਟਲੈਂਡ ਦੀ 7ਵੀਂ ਸੰਸਦ ਲਈ 7 ਮਈ 2026 ਨੂੰ ਕੁੱਲ 129 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਇਨ੍ਹਾਂ ਚੋਣਾਂ ਵਿਚ ਸਕਾਟਲੈਂਡ ਦੀਆਂ 29 ਰਾਜਨੀਤਕ ਪਾਰਟੀਆਂ ਦੇ 686 ਤੇ 35 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 721 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਚੋਣਾਂ 'ਚ 42,66,700 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। 1997 ਵਿਚ ਉਦੋਂ ਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਸਕਾਟਿਸ਼ ਸੰਸਦ ਦੇ ਗਠਨ ਲਈ ਰਾਏਸ਼ੁਮਾਰੀ ਕਰਵਾਈ ਸੀ, ਜਿਸ ਦੇ ਪੱਖ 'ਚ 74 ਫ਼ੀਸਦੀ ਤੇ ਵਿਰੋਧ 'ਚ 26 ਫ਼ੀਸਦੀ ਲੋਕਾਂ ਨੇ ਵੋਟਾਂ ਪਾਈਆਂ ਸਨ। 6 ਮਈ 1999 ਨੂੰ ਪਹਿਲੀ ਵਾਰ ਸਕਾਟਿਸ਼ ਸੰਸਦ ਲਈ ਵੋਟਾਂ ਪਾਈਆਂ ਗਈਆਂ ਤੇ 12 ਮਈ 1999 ਨੂੰ ਪਹਿਲੀ ਸਰਕਾਰ ਬਣੀ। ਸਕਾਟਿਸ਼ ਪਾਰਲੀਮੈਂਟ ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਦੇ ਹੌਲੀਰੁੱਡ ਖੇਤਰ ਵਿਚ ਹੋਣ ਕਰਕੇ ਇਸ ਨੂੰ 'ਹੌਲੀਰੁੱਡ ਪਾਰਲੀਮੈਂਟ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਸਕਾਟਿਸ਼ ਸੰਸਦ ਵਿਚ ਕੁੱਲ 129 ਚੁਣੇ ਹੋਏ ਸਕਾਟਿਸ਼ ਸੰਸਦ ਮੈਂਬਰ ਬੈਠਦੇ ਹਨ।
ਸਕਾਟਿਸ਼ ਸੰਸਦ ਚੋਣਾਂ 'ਐਡੀਸ਼ਨਲ ਮੈਂਬਰ ਸਿਸਟਮ' ਅਨੁਸਾਰ ਕਰਵਾਈਆਂ ਜਾਂਦੀਆਂ ਹਨ। ਸਕਾਟਿਸ਼ ਸੰਸਦ ਲਈ ਵੋਟਰ ਕੋਲ ਦੋ ਵੋਟਾਂ ਪਾਉਣ ਦਾ ਅਧਿਕਾਰ ਹੁੰਦਾ ਹੈ। ਪਹਿਲੀ ਵੋਟ ਸਿੱਧੀ ਉਮੀਦਵਾਰ ਨੂੰ ਜਾਂਦੀ ਹੈ, ਜਿਸ ਨਾਲ 73 ਸੰਸਦ ਮੈਂਬਰਾਂ ਨੂੰ ਚੁਣਿਆ ਜਾਂਦਾ ਹੈ। ਦੂਜੀ ਵੋਟ ਖੇਤਰੀ ਮਤਦਾਨ (ਬੈਲਟ ਮਤਦਾਨ) ਰਾਹੀਂ ਆਪਣੀ ਪਸੰਦੀਦਾ ਪਾਰਟੀ ਨੂੰ ਪਾਈ ਜਾਂਦੀ ਹੈ। ਖੇਤਰੀ ਬੈਲਟ ਲਈ ਸਕਾਟਲੈਂਡ ਨੂੰ 8 ਖੇਤਰਾਂ ਸੈਂਟਰਲ ਸਕਾਟਲੈਂਡ, ਗਲਾਸਗੋ, ਹਾਈਲੈਂਡਜ਼ ਤੇ ਟਾਪੂ, ਲੋਥੀਅਨ, ਮੱਧ ਸਕਾਟਲੈਂਡ ਤੇ ਫਾਈਫ, ਉੱਤਰ ਪੂਰਬੀ ਸਕਾਟਲੈਂਡ, ਪੱਛਮੀ ਸਕਾਟਲੈਂਡ ਤੇ ਦੱਖਣੀ ਸਕਾਟਲੈਂਡ 'ਚ ਵੰਡਿਆ ਗਿਆ ਹੈ। 'ਐਡੀਸ਼ਨਲ ਮੈਂਬਰ ਸਿਸਟਮ' ਦੁਆਰਾ ਹਰ ਖੇਤਰ 'ਚੋਂ 7 ਮੈਂਬਰ ਤੇ ਕੁੱਲ 56 ਮੈਂਬਰ ਚੁਣੇ ਜਾਂਦੇ ਹਨ। ਪਰ ਖੇਤਰੀ ਮਤਦਾਨ 'ਚ ਜਿੱਤ ਪ੍ਰਾਪਤ ਕਰਨ ਲਈ ਪਾਰਟੀ ਨੂੰ ਕੁੱਲ ਵੋਟਾਂ 'ਚੋਂ ਘੱਟੋ-ਘੱਟ 6 ਫ਼ੀਸਦੀ ਲੈਣੀਆਂ ਜ਼ਰੂਰੀ ਹਨ। ਕੁੱਲ 129 ਸੀਟਾਂ 'ਚੋਂ ਸਰਕਾਰ ਬਣਾਉਣ ਲਈ ਘੱਟੋ-ਘੱਟ 65 ਸੀਟਾਂ ਦਾ ਬਹੁਮਤ ਲੈਣਾ ਜ਼ਰੂਰੀ ਹੈ। ਸਭ ਤੋਂ ਵੱਧ ਸੀਟਾਂ ਲੈਣ ਵਾਲੀ ਪਾਰਟੀ ਸਹਿਯੋਗੀ ਪਾਰਟੀਆਂ ਜਾਂ ਆਜ਼ਾਦ ਉਮੀਦਵਾਰਾਂ ਨਾਲ ਬਹੁਮਤ ਹਾਸਲ ਕਰਕੇ ਸਰਕਾਰ ਬਣਾ ਸਕਦੀ ਹੈ। ਸਰਕਾਰ ਚਲਾਉਣ ਲਈ ਮੈਂਬਰ ਪਹਿਲਾ ਮੰਤਰੀ (ਫ਼ਸਟ ਮਨਿਸਟਰ) ਚੁਣਦੇ ਹਨ, ਜੋ ਸਰਕਾਰ ਦਾ ਮੁਖੀ ਹੁੰਦਾ ਹੈ ਤੇ ਉਹ ਮੰਤਰੀ ਮੰਡਲ ਚੁਣ ਕੇ ਵਿਭਾਗਾਂ ਦੀ ਵੰਡ ਕਰਦਾ ਹੈ। ਸਕਾਟਲੈਂਡ ਸਰਕਾਰ ਸਿੱਖਿਆ, ਸਿਹਤ ਸੇਵਾਵਾਂ, ਵਾਤਾਵਰਨ, ਨਿਆਂ, ਹਾਊਸਿੰਗ ਤੇ ਟਰਾਂਸਪੋਰਟ ਸੰਬੰਧੀ ਨੀਤੀਆਂ ਘੜਦੀ ਹੈ ਤੇ ਸੰਸਦ 'ਚ ਬਿੱਲ ਪਾਸ ਕਰਕੇ ਕਾਨੂੰਨ ਬਣਾਉਣ ਦਾ ਅਧਿਕਾਰ ਰੱਖਦੀ ਹੈ, ਜਦਕਿ ਯੂ.ਕੇ. ਸਰਕਾਰ (ਸੈਂਟਰ ਸਰਕਾਰ) ਇਮੀਗ੍ਰੇਸ਼ਨ, ਪੈਨਸ਼ਨ, ਵਿਦੇਸ਼ ਨੀਤੀ, ਸੁਰੱਖਿਆ ਆਦਿ ਦੇ ਅਧਿਕਾਰ ਆਪਣੇ ਕੋਲ ਰੱਖਦੀ ਹੈ।
1999 ਤੇ 2003 ਦੀਆਂ ਪਹਿਲੀਆਂ ਤੇ ਦੂਜੀਆਂ ਸਕਾਟਿਸ਼ ਸੰਸਦੀ ਚੋਣਾਂ ਵਿਚ ਜਿੱਤ ਪ੍ਰਾਪਤ ਕਰਕੇ ਲੇਬਰ ਪਾਰਟੀ ਨੇ ਸਰਕਾਰ ਬਣਾਈ ਸੀ। ਲੇਬਰ ਪਾਰਟੀ ਦੇ ਡੋਨਾਲਡ ਡੇਵਾਰ (1999-2000) ਪਹਿਲੀ ਵਾਰ ਸਕਾਟਲੈਂਡ ਦੇ 'ਫ਼ਸਟ ਮਨਿਸਟਰ' ਬਣੇ ਸਨ। ਲੇਬਰ ਪਾਰਟੀ ਦੇ ਹੀ ਹੈਨਰੀ ਮੈਕਲਿਸ਼ (2000-2001) ਦੂਜੇ ਤੇ ਜੈਕ ਮੈਕਨੀਲ (2001-2007) ਤੀਜੇ ਫ਼ਸਟ ਮਨਿਸਟਰ ਰਹੇ। 2007, 2011 ਤੇ 2016 ਦੀਆਂ ਚੋਣਾਂ ਜਿੱਤ ਕੇ ਸਕਾਟਲੈਂਡ ਦੀ ਖੇਤਰੀ ਪਾਰਟੀ ਸਕਾਟਿਸ਼ ਨੈਸ਼ਨਲ ਪਾਰਟੀ ਨੇ ਸਰਕਾਰ ਬਣਾਈ। 2007 ਤੋਂ 2014 ਤੱਕ ਸਕਾਟਿਸ਼ ਨੈਸ਼ਨਲ ਪਾਰਟੀ ਦੇ ਐਲਕ ਸਾਲਮੰਡ ਫ਼ਸਟ ਮਨਿਸਟਰ ਰਹੇ। ਐਲਕ ਸਾਲਮੰਡ ਨੇ 2014 'ਚ ਸਕਾਟਲੈਂਡ ਦੀ ਆਜ਼ਾਦੀ ਦੇ ਪਹਿਲੇ ਜਨਮਤ ਵਿਚ ਹਾਰਨ ਮਗਰੋਂ ਅਸਤੀਫ਼ਾ ਦੇ ਦਿੱਤਾ, ਕਿਉਂਕਿ ਸਕਾਟਿਸ਼ ਨੈਸ਼ਨਲ ਪਾਰਟੀ ਦੀਆਂ ਚੋਣਾਂ 'ਚ ਸਕਾਟਲੈਂਡ ਦੀ ਆਜ਼ਾਦੀ ਹਮੇਸ਼ਾ ਮੁੱਖ ਮੁੱਦਾ ਰਿਹਾ ਹੈ। 2014 ਤੋਂ 2023 ਤੱਕ ਸਕਾਟਿਸ਼ ਨੈਸ਼ਨਲ ਪਾਰਟੀ ਦੀ ਨਿਕੋਲਾ ਸਟਰਜਨ ਸਭ ਤੋਂ ਵੱਧ ਤਿੰਨ ਵਾਰ ਤੇ ਸਭ ਤੋਂ ਵੱਧ ਸਮਾਂ ਲਗਭਗ 9 ਸਾਲ ਸਕਾਟਲੈਂਡ ਦੀ ਫ਼ਸਟ ਮਨਿਸਟਰ ਰਹੀ। 29 ਮਾਰਚ 2023 ਨੂੰ ਇਕ ਅਚਾਨਕ ਫ਼ੈਸਲੇ ਨਾਲ ਨਿਕੋਲਾ ਸਟਰਜਨ ਨੇ ਸਿਆਸਤ ਤੋਂ ਸੰਨਿਆਸ ਲੈ ਲਿਆ। 29 ਮਾਰਚ 2023 ਤੋਂ 7 ਮਈ 2024 ਤੱਕ ਏਸ਼ਿਆਈ ਮੂਲ ਦੇ ਹਮਜ਼ਾ ਯੂਸਫ਼ ਸਕਾਟਲੈਂਡ ਦੇ ਫ਼ਸਟ ਮਨਿਸਟਰ ਰਹੇ ਤੇ ਯੂਸਫ਼ ਤੋਂ ਬਾਅਦ ਸਕਾਟਿਸ਼ ਨੈਸ਼ਨਲ ਪਾਰਟੀ ਦੇ ਹੀ ਜੌਹਨ ਸਵਿਨੀ ਸਕਾਟਲੈਂਡ ਦੇ ਪਹਿਲੇ ਮੰਤਰੀ ਹਨ।
ਸਾਰੀਆਂ ਪਾਰਟੀਆਂ ਵਲੋਂ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਉਮੀਦਵਾਰ ਤੇ ਪਾਰਟੀ ਕਾਰਕੁੰਨ ਨੁੱਕੜ ਮੀਟਿੰਗਾਂ, ਪੋਸਟਰਾਂ ਅਤੇ ਮੀਡੀਆ ਰਾਹੀਂ ਸੰਪਰਕ ਕਰਕੇ ਵੋਟਰਾਂ ਦਾ ਧਿਆਨ ਆਪਣੀ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ।
ਸਕਾਟਲੈਂਡ ਦੀਆਂ ਮੁੱਖ ਪਾਰਟੀਆਂ ਦੇ ਆਗੂ ਜਿਨ੍ਹਾਂ 'ਚ ਸਕਾਟਿਸ਼ ਨੈਸ਼ਨਲ ਪਾਰਟੀ ਦੇ ਪ੍ਰਧਾਨ ਜੌਨ ਸਵਿਨੀ, ਸਕਾਟਿਸ਼ ਲੇਬਰ ਪਾਰਟੀ ਦੇ ਪ੍ਰਧਾਨ ਅਨਸ ਸਰਵਰ, ਸਕਾਟਿਸ਼ ਕੰਜ਼ਰਵੇਟਿਵ ਪਾਰਟੀ ਦੇ ਰਸਲ ਫਿੰਡਲੇ, ਗਰੀਨ ਪਾਰਟੀ ਦੇ ਰੌਸ ਗ੍ਰੀਰ, ਲਿਬਰਲ ਡੈਮੋਕ੍ਰਟਿਕ ਦੇ ਐਲੈਕਸ ਕੋਲ-ਹੈਮਿਲਟਨ ਅਤੇ ਰਿਫੌਰਮ ਯੂ.ਕੇ. ਦੇ ਮੈਲਕਮ ਆਫਰਡ ਆਪਣੇ ਚੋਣ ਮਨੋਰਥ ਪੱਤਰ ਜਾਂ ਮੁੱਦਿਆਂ ਰਾਹੀਂ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ। ਸਕਾਟਲੈਂਡ ਚੋਣਾਂ 'ਚ ਕਈ ਤਰ੍ਹਾਂ ਦੇ ਚੋਣ ਮੁਕਾਬਲੇ ਚੱਲ ਰਹੇ ਹਨ, ਜਿਨ੍ਹਾਂ 'ਚ ਸਕਾਟਿਸ਼ ਨੈਸ਼ਨਲ ਪਾਰਟੀ ਤੇ ਲੇਬਰ ਪਾਰਟੀ ਸਕਾਟਲੈਂਡ ਦੀ ਕੇਂਦਰੀ ਪੱਟੀ ਦੇ ਚੋਣ ਹਲਕਿਆਂ ਲਈ ਆਹਮੋ-ਸਾਹਮਣੇ ਹਨ। ਕੰਜ਼ਰਵੇਟਿਵ ਉੱਤਰ-ਪੂਰਬ ਤੇ ਦੱਖਣੀ ਸਰਹੱਦ ਦੇ ਨਾਲ-ਨਾਲ ਆਪਣੇ ਗੜ੍ਹਾਂ ਨੂੰ ਬਣਾਈ ਰੱਖਣ ਲਈ ਸਕਾਟਿਸ਼ ਨੈਸ਼ਨਲ ਪਾਰਟੀ ਨਾਲ ਲੜ ਰਹੇ ਹਨ। ਲਿਬਰਲ ਡੈਮੋਕਰੇਟ ਹਾਈਲੈਂਡਜ਼ ਅਤੇ ਟਾਪੂਆਂ ਤੇ ਰਾਜਧਾਨੀ ਐਡਨਬਰਾ 'ਚ ਆਪਣੇ ਗੜ੍ਹਾਂ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਗ੍ਰੀਨਜ਼ ਆਪਣੀਆਂ ਖੇਤਰੀ ਸੀਟਾਂ ਦੀ ਗਿਣਤੀ 'ਚ ਵਾਧਾ ਕਰਨ ਦੀ ਉਮੀਦ ਕਰ ਰਹੇ ਹਨ। ਰਿਫਾਰਮ ਯੂ.ਕੇ. ਸਕਾਟਲੈਂਡ 'ਚ ਸੀਟਾਂ ਜਿੱਤ ਕੇ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ 'ਹੌਟ' ਸੀਟਾਂ ਹਨ, ਜਿਵੇਂ ਕਿ ਸਕਾਟਲੈਂਡ ਦੇ ਪਹਿਲੇ ਮੰਤਰੀ ਜੌਹਨ ਸਵਿਨੀ ਉੱਤਰੀ ਤੇਅਸਾਇਡ ਸੀਟ ਤੋਂ, ਸਕਾਟਿਸ਼ ਲੇਬਰ ਪਾਰਟੀ ਪ੍ਰਧਾਨ ਅਨਸ ਸਰਵਰ ਗਲਾਸਗੋ ਕੈਥਕਾਰਡ ਤੇ ਪੌਲਕ ਤੋਂ, ਲਿਬਰਲ ਡੈਮੋਕ੍ਰੇਟ ਪਾਰਟੀ ਪ੍ਰਧਾਨ ਐਲੈਕਸ ਕੋਲ ਹੈਮਿਲਟਨ ਐਡਨਬਰਾ ਉੱਤਰੀ ਤੋਂ, ਰਿਫੋਰਮ ਯੂ.ਕੇ. ਪਾਰਟੀ ਪ੍ਰਧਾਨ ਮੈਲਕਮ ਆਫਰਡ ਇਨਵਰਕਲਾਇਡ ਤੋਂ ਤੇ ਪੰਜਾਬੀ ਮੂਲ ਦੀ ਪਹਿਲੀ ਸਿੱਖ ਸਕਾਟਲੈਂਡ ਸੰਸਦ ਪੈਮ ਗੋਸਲ ਇਕ ਵਾਰ ਫਿਰ ਸਟਰੈਥਕੈਲਵਿਨ ਤੇ ਬੇਰਜਡਨ ਤੋਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ 'ਤੇ ਕਿਸਮਤ ਅਜ਼ਮਾ ਰਹੇ ਹਨ। ਕੰਜ਼ਰਵੇਟਿਵ ਪਾਰਟੀ ਨੇ ਹੀ ਪੰਜਾਬੀ ਮੂਲ ਦੀ ਸਤਬੀਰ ਕੌਰ ਗਿੱਲ ਨੂੰ ਪੇਜਲੀ ਤੋਂ ਟਿਕਟ ਦਿੱਤੀ ਹੈ। ਇਹ ਚੋਣਾਂ ਸਿਰਫ਼ ਸਰਕਾਰ ਬਣਾਉਣ ਲਈ ਨਹੀਂ, ਸਗੋਂ ਸਕਾਟਲੈਂਡ ਦਾ ਭਵਿੱਖ, ਦਿਸ਼ਾ, ਯੂ.ਕੇ. ਨਾਲ ਸੰਬੰਧ, ਆਰਥਿਕ ਤੇ ਸਮਾਜਿਕ ਨੀਤੀਆਂ ਵੀ ਤੈਅ ਕਰਨਗੀਆਂ। ਸਾਰੀਆਂ ਪਾਰਟੀਆਂ ਤੇ ਉਮੀਦਵਾਰ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਇਹ ਤਾਂ 7 ਮਈ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ ਤੇ ਵਿਰੋਧੀ ਪਾਰਟੀਆਂ ਸਕਾਟਿਸ਼ ਨੈਸ਼ਨਲ ਪਾਰਟੀ ਦੇ ਜੇਤੂ ਰੱਥ ਨੂੰ ਰੋਕਣ 'ਚ ਕਾਮਯਾਬ ਹੁੰਦੀਆਂ ਹਨ ਜਾਂ ਨਹੀਂ?
-ਅਜੀਤ ਪ੍ਰਤੀਨਿਧ,
ਗਲਾਸਗੋ, ਸਕਾਟਲੈਂਡ (ਯੂ.ਕੇ.)।
ਮੋਬਾਈਲ : 00447515937916
ਈਮੇਲ : jitascott@hotmail.co.uk