28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕੀਤਾ ਸੀ, ਜਿਸ ਵਿਚ ਈਰਾਨ ਦੇ ਬਹੁਤ ਸਾਰੇ ਵੱਡੇ ਆਗੂ ਅਤੇ ਜਰਨੈਲ ਮਾਰੇ ਗਏ ਸਨ। ਲਗਾਤਾਰ ਅਮਰੀਕੀ ਬੰਬਾਰੀ ਕਾਰਨ ਈਰਾਨ ਦਾ ਵੱਡੀ ਪੱਧਰ 'ਤੇ ਨੁਕਸਾਨ ਹੋ ਚੁੱਕਾ ਹੈ। 10 ਹਫ਼ਤਿਆਂ ਤੋਂ ਹੋ ਰਹੀ ਇਸ ਲੜਾਈ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਫਿਕਰ ਵਿਚ ਪਾ ਦਿੱਤਾ ਹੈ। ਪੱਛਮੀ ਏਸ਼ੀਆ ਦੀ ਇਸ ਲੜਾਈ ਵਿਚ ਖਾੜੀ ਦੇਸ਼ਾਂ ਦਾ ਬਹੁਤ ਨੁਕਸਾਨ ਹੋਇਆ ਹੈ। ਈਰਾਨ ਨੇ ਉੱਥੇ ਸਥਾਪਿਤ ਅਮਰੀਕੀ ਅੱਡਿਆਂ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਦੇ ਤੇਲ ਭੰਡਾਰਾਂ 'ਤੇ ਵੀ ਹਮਲੇ ਕੀਤੇ ਹਨ। ਇਸ ਦੇ ਨਾਲ ਹੀ ਉਸ ਨੇ ਪ੍ਰਭਾਵਸ਼ਾਲੀ ਢੰਗ ਨਾਲ ਹੋਰਮੁਜ਼ ਦੇ ਸਮੁੰਦਰੀ ਰਸਤੇ 'ਤੇ ਵੀ ਕਬਜ਼ਾ ਕੀਤਾ ਹੋਇਆ ਹੈ, ਜਿਸ ਰਾਹੀਂ ਦੁਨੀਆ ਦਾ 20 ਫ਼ੀਸਦੀ ਵਪਾਰ ਹੁੰਦਾ ਹੈ। ਉਸ ਰਸਤੇ ਰਾਹੀਂ ਖਾੜੀ ਦੇਸ਼ਾਂ ਦੇ ਕੱਚੇ ਤੇਲ ਅਤੇ ਗੈਸ ਦੀ ਆਵਾਜਾਈ ਵੀ ਹੁੰਦੀ ਹੈ। ਅਮਰੀਕਾ ਵੱਡੇ ਯਤਨਾਂ ਦੇ ਬਾਵਜੂਦ ਵੀ ਹੁਣ ਤੱਕ ਈਰਾਨ ਦੇ ਹੋਰਮੁਜ਼ 'ਤੇ ਕਬਜ਼ੇ ਨੂੰ ਹਟਾ ਨਹੀਂ ਸਕਿਆ। ਇਸ ਨਾਲ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਕੌਮਾਂਤਰੀ ਪੱਧਰ 'ਤੇ ਹੁਣ ਤੱਕ 50 ਫ਼ੀਸਦੀ ਤੱਕ ਵਾਧਾ ਹੋ ਚੁੱਕਾ ਹੈ।
ਪਿਛਲੇ ਲਗਭਗ ਡੇਢ ਮਹੀਨੇ ਤੋਂ ਭਾਰਤ ਦੇ 5 ਰਾਜਾਂ ਵਿਚ ਚੋਣਾਂ ਦੀ ਸਰਗਰਮੀ ਚਲਦੀ ਰਹੀ ਹੈ। ਇਸ ਸਮੇਂ ਵਿਚ ਸਰਕਾਰ ਨੇ ਭਾਰੀ ਆਰਥਿਕ ਦਬਾਅ ਦੇ ਬਾਵਜੂਦ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ। ਖੇਤੀ ਲਈ ਜ਼ਰੂਰੀ ਖਾਦਾਂ ਬਾਹਰੋਂ ਮੰਗਵਾਉਣ ਦੇ ਨਾਲ-ਨਾਲ ਇਨ੍ਹਾਂ ਦੀਆਂ ਕੀਮਤਾਂ ਨੂੰ ਕੰਟਰੋਲ ਵਿਚ ਰੱਖਣ ਲਈ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਸਬਸਿਡੀ (ਰਾਹਤ) ਵੀ ਦਿੱਤੀ ਜਾ ਰਹੀ ਹੈ। ਚੋਣਾਂ ਖ਼ਤਮ ਹੋਣ ਦੇ ਨਾਲ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਿਛਲੇ ਐਤਵਾਰ ਅਤੇ ਸੋਮਵਾਰ ਨੂੰ ਤੇਲੰਗਾਨਾ ਤੇ ਵਡੋਦਰਾ ਵਿਚ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਦੇਸ਼ 'ਤੇ ਇਸ ਲੰਮੀ ਹੁੰਦੀ ਲੜਾਈ ਕਾਰਨ ਮੰਡਰਾ ਰਹੇ ਆਰਥਿਕ ਸੰਕਟ ਦੇ ਬੱਦਲਾਂ ਦਾ ਜ਼ਿਕਰ ਕਰਦੇ ਹੋਏ ਦੇਸ਼ਵਾਸੀਆਂ ਨੂੰ ਇਕ ਤਰ੍ਹਾਂ ਦੀ ਵੱਡੀ ਚਿਤਾਵਨੀ ਦਿੱਤੀ ਹੈ ਅਤੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਹਰ ਖੇਤਰ ਵਿਚ ਸੰਜਮ ਦੀ ਵਰਤੋਂ ਕਰਨ। ਉਹ ਆਪਣੇ ਵਾਹਨਾਂ ਲਈ ਵੱਧ ਤੇਲ ਵਰਤਣ ਤੋਂ ਗੁਰੇਜ਼ ਕਰਨ। ਵਿਦੇਸ਼ੀ ਯਾਤਰਾਵਾਂ ਤੋਂ ਬਚਣ ਅਤੇ ਇਨ੍ਹਾਂ ਤੋਂ ਵੀ ਉੱਤੇ ਸੋਨੇ ਦੀ ਖ਼ਰੀਦ ਨੂੰ ਹਰ ਸੂਰਤ ਵਿਚ ਘਟਾਉਣ। ਜਿੱਥੋਂ ਤੱਕ ਭਾਰਤੀਆਂ ਵਲੋਂ ਸੋਨੇ ਦੀ ਖ਼ਰੀਦ ਦਾ ਸੰਬੰਧ ਹੈ, ਦੇਸ਼ ਵਿਚ ਇਕ ਅੰਦਾਜ਼ੇ ਅਨੁਸਾਰ ਹਰ ਵਰ੍ਹੇ 600 ਤੋਂ 700 ਟਨ ਸੋਨੇ ਦੀ ਦਰਾਮਦ ਹੁੰਦੀ ਹੈ। ਇਕ ਅੰਦਾਜ਼ੇ ਅਨੁਸਾਰ ਭਾਰਤੀ ਘਰਾਂ ਵਿਚ 27 ਹਜ਼ਾਰ ਟਨ ਦੇ ਲਗਭਗ ਸੋਨਾ ਜਮ੍ਹਾਂ ਹੈ।
ਮਾਹਿਰਾਂ ਦਾ ਵਿਚਾਰ ਹੈ ਕਿ ਜੇਕਰ ਕੱਚੇ ਤੇਲ ਦੀ ਦਰਾਮਦ ਨੂੰ ਨਾ ਘਟਾਇਆ ਗਿਆ ਤਾਂ ਦੇਸ਼ ਵਿਚ ਵਿਦੇਸ਼ੀ ਮੁਦਰਾ ਦੇ ਭੰਡਾਰ ਘਟਣ ਦੇ ਨਾਲ-ਨਾਲ ਰੁਪਏ ਦੀ ਕੀਮਤ ਵਿਚ ਹੋਰ ਵੀ ਗਿਰਾਵਟ ਆਉਣ ਦਾ ਖਦਸ਼ਾ ਬਣ ਜਾਵੇਗਾ। ਪਿਛਲੇ ਦੋ ਮਹੀਨੇ ਤੋਂ ਤੇਲ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ। ਇਕ ਅੰਦਾਜ਼ੇ ਅਨੁਸਾਰ ਹਰ ਮਹੀਨੇ ਤੇਲ ਕੰਪਨੀਆਂ ਨੂੰ 30 ਹਜ਼ਾਰ ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ। ਇਕ ਪਾਸੇ ਪ੍ਰਧਾਨ ਮੰਤਰੀ ਆਉਣ ਵਾਲੇ ਸੰਕਟ ਦੀ ਚਿਤਾਵਨੀ ਦੇ ਰਹੇ ਹਨ, ਦੂਸਰੇ ਪਾਸੇ ਹਾਲੇ ਤੱਕ ਵੀ ਸਰਕਾਰ ਨੇ ਯੋਜਨਾਬੱਧ ਢੰਗ ਨਾਲ ਇਸ ਖੇਤਰ ਵਿਚ ਆਪਣੀ ਤਰਤੀਬ ਅਤੇ ਹੌਸਲੇ ਨੂੰ ਕਾਇਮ ਰੱਖਿਆ ਹੋਇਆ ਹੈ। ਤੇਲ ਸਕੱਤਰ ਨੀਰਜ ਮਿੱਤਲ ਨੇ ਕਿਹਾ ਹੈ ਕਿ ਭਾਰਤ ਕੋਲ ਹੁਣ ਵੀ 60 ਦਿਨ ਦਾ ਊਰਜਾ ਭੰਡਾਰ ਹੈ ਅਤੇ ਗੈਸ ਦਾ ਭੰਡਾਰ 45 ਦਿਨ ਦਾ ਰਾਖਵਾਂ ਪਿਆ ਹੈ, ਭਾਵੇਂ ਕਿ ਪਿਛਲੇ 67 ਦਿਨਾਂ ਤੋਂ ਇਸ ਖੇਤਰ ਦੇ ਬਾਜ਼ਾਰਾਂ ਵਿਚ ਬੇਹੱਦ ਗੜਬੜ ਹੁੰਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਪੱਛਮੀ ਏਸ਼ੀਆ ਦੀ ਇਸ ਲੜਾਈ ਦੇ ਹਾਲੇ ਖ਼ਤਮ ਹੋਣ ਦੀ ਆਸ ਨਹੀਂ ਹੈ। ਜੇਕਰ ਆਉਂਦੇ ਸਮੇਂ ਤੱਕ ਇਹ ਸਥਿਤੀ ਅਨਿਸਚਿਤ ਬਣੀ ਰਹਿੰਦੀ ਹੈ ਤਾਂ ਬਿਨਾਂ ਸ਼ੱਕ ਦੇਸ਼ ਨੂੰ ਗਹਿਰੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਪ੍ਰਧਾਨ ਮੰਤਰੀ ਦੇ ਉਪਰੋਕਤ ਬਿਆਨ ਵੀ ਆਉਣ ਵਾਲੇ ਇਸੇ ਸੰਕਟ ਵੱਲ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ।
ਅਜਿਹੀ ਸਥਿਤੀ ਸਰਕਾਰ ਲਈ ਤਾਂ ਇਕ ਵੱਡੀ ਚੁਣੌਤੀ ਬਣੇਗੀ ਹੀ, ਨਾਲ ਹੀ ਦੇਸ਼ ਵਾਸੀਆਂ ਨੂੰ ਵੀ ਇਕ ਵਾਰ ਫਿਰ ਵੱਡੇ ਆਰਥਿਕ ਸੰਕਟ ਦੇ ਸੰਤਾਪ 'ਚੋਂ ਗੁਜ਼ਰਨਾ ਪੈ ਸਕਦਾ ਹੈ। ਦੇਸ਼ ਦੀਆਂ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਦੇ ਇਨ੍ਹਾਂ ਬਿਆਨਾਂ ਦੀ ਵੱਖ-ਵੱਖ ਢੰਗ ਨਾਲ ਆਲੋਚਨਾ ਕੀਤੀ ਹੈ ਅਤੇ ਇਨ੍ਹਾਂ ਨੂੰ ਸਰਕਾਰ ਦੇ ਪ੍ਰਬੰਧਾਂ ਦੀ ਨਾਕਾਮੀ ਕਿਹਾ ਹੈ, ਫਿਰ ਵੀ ਆਉਣ ਵਾਲੇ ਇਸ ਗੰਭੀਰ ਸੰਕਟ ਦਾ ਸਾਹਮਣਾ ਕਰਨ ਲਈ ਹਰ ਸੰਭਵ ਤਿਆਰੀ ਕਰਨ ਦੇ ਨਾਲ ਇਸ ਸੰਬੰਧੀ ਲੋਕਾਂ ਨੂੰ ਤਿਆਰ ਕਰਨਾ ਵੀ ਜ਼ਰੂਰੀ ਹੈ। ਸਰਕਾਰ ਨੂੰ ਵੀ ਇਸ ਲਈ ਹਰ ਤਰ੍ਹਾਂ ਦੀ ਆਲੋਚਨਾ ਸਹਿਣ ਕਰਨ ਵਾਸਤੇ ਤਿਆਰ ਰਹਿਣਾ ਪਵੇਗਾ।
-ਬਰਜਿੰਦਰ ਸਿੰਘ ਹਮਦਰਦ