12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਰਾਹੁਲ ਗਾਂਧੀ ਨੇ ਬਰਜੇਂਦਰ ਸਿੰਘ ਦਾ ਸਿਆਸੀ ਕੱਦ ਵਧਾਇਆ

Ad Position 21
No active advertisement
ਅਜੀਤ ਡੈਸਕ 14-05-2026

ਕਾਂਗਰਸ ਵਿਦੇਸ਼ ਸਹਿਯੋਗ ਵਿਭਾਗ ਦੇ ਸਹਿ-ਸੰਯੋਜਕ ਤੇ ਸਾਬਕਾ ਸੰਸਦ ਮੈਂਬਰ ਬਰਜੇਂਦਰ ਸਿੰਘ ਦੀ ਸਦਭਾਵਨਾ ਯਾਤਰਾ 'ਚ ਸ਼ਾਮਿਲ ਹੋ ਕੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਜਿੱਥੇ ਇਕ ਪਾਸੇ ਬਰਜੇਂਦਰ ਸਿੰਘ ਦਾ ਸਿਆਸੀ ਕੱਦ ਵਧਾਉਂਦਿਆ ਉਸ ਦੇ ਵਿਰੋਧੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸੂਬੇ 'ਚ ਕਾਫ਼ੀ ਸਮੇਂ ਤੋਂ ਚੱਲ ਰਹੀ ਬਰਜੇਂਦਰ ਸਿੰਘ ਦੀ ਇਹ ਸਦਭਾਵਨਾ ਯਾਤਰਾ ਹੁਣ ਆਪਣੇ ਅੰਤਿਮ ਪੜਾਅ 'ਤੇ ਹੈ, ਜਿਸ ਦੀ ਹਰਿਆਣਾ ਕਾਂਗਰਸ ਦੇ ਜ਼ਿਆਦਾਤਰ ਪ੍ਰਮੁੱਖ ਨੇਤਾਵਾਂ, ਸੰਸਦ ਮੈਂਬਰਾਂ, ਵਿਧਾਇਕਾਂ ਨੇ ਅਣਦੇਖੀ ਕਰਦਿਆਂ ਇਸ ਨੂੰ ਬਰਜੇਂਦਰ ਸਿੰਘ ਦੀ ਨਿੱਜੀ ਯਾਤਰਾ ਦੱਸਿਆ ਸੀ। ਹਾਲਾਂਕਿ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਤੇ ਸਿਰਸਾ ਤੋਂ ਲੋਕ ਸਭਾ ਮੈਂਬਰ ਕੁਮਾਰੀ ਸ਼ੈਲਜਾ, ਰਾਜ ਸਭਾ ਮੈਂਬਰ ਰਣਦੀਪ ਸੂਰਜੇਵਾਲਾ, ਸਾਬਕਾ ਕੇਂਦਰੀ ਮੰਤਰੀ ਵਿਰੇਂਦਰ ਸਿੰਘ, ਸਾਬਕਾ ਸਪੀਕਰ ਕੁਲਦੀਪ ਸਿੰਘ, ਸਾਬਕਾ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਅਤੇ ਸ਼ੈਲਜਾ-ਸੂਰਜੇਵਾਲਾ ਧੜੇ ਦੇ ਜ਼ਿਆਦਾਤਰ ਆਗੂ ਤੇ ਵਿਧਾਇਕ ਬਰਜੇਂਦਰ ਸਿੰਘ ਦੀ ਸਦਭਾਵਨਾ ਯਾਤਰਾ 'ਚ ਦਿਖਾਈ ਦਿੰਦੇ ਰਹੇ ਹਨ। ਪਰ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਤੇ ਸੂਬਾ ਕਾਂਗਰਸ ਪ੍ਰਧਾਨ ਰਾਉ ਨਰਿੰਦਰ ਸਿੰਘ ਨੇ ਇਸ ਸਦਭਾਵਨਾ ਯਾਤਰਾ ਤੋਂ ਲਗਾਤਾਰ ਪਾਸਾ ਵੱਟੀ ਰੱਖਿਆ ਹੈ। ਭਾਵੇਂ ਰਾਹੁਲ ਗਾਂਧੀ ਨੇ ਬਰਜੇਂਦਰ ਸਿੰਘ ਦੀ ਸਦਭਾਵਨਾ ਯਾਤਰਾ ਦਾ ਹਿੱਸਾ ਬਣ ਕੇ ਉਸ ਦੀ ਪਿੱਠ ਥਾਪੜੀ ਹੈ, ਇਸ ਦੇ ਬਾਵਜੂਦ ਹੁੱਡਾ ਧੜੇ ਦੇ ਚਾਰੇ ਸੰਸਦ ਮੈਂਬਰ- ਦਪਿੰਦਰ ਹੁੱਡਾ, ਜੈਪ੍ਰਕਾਸ਼ ਜੇ ਪੀ, ਵਰੁਣ ਮੁਲਾਨਾ, ਸਤਪਾਲ ਬ੍ਰਹਮਚਾਰੀ ਤੇ ਬਹੁਤੇ ਵਿਧਾਇਕ ਨਾ ਕਦੇ ਇਸ ਸਦਭਾਵਨਾ ਯਾਤਰਾ ਦਾ ਹਿੱਸਾ ਬਣੇ ਅਤੇ ਨਾ ਹੀ ਰਾਹੁਲ ਗਾਂਧੀ ਦੀ ਰੈਲੀ 'ਚ ਪਹੁੰਚੇ। ਬਿਨਾਂ ਸ਼ੱਕ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਸਭ ਤੋਂ ਵੱਡੇ ਨੇਤਾ ਹਨ ਅਤੇ ਪਾਰਟੀ ਪ੍ਰੋਟੋਕੋਲ ਦੇ ਚਲਦਿਆਂ ਹਰਿਆਣਾ ਦੇ ਕਾਂਗਰਸ ਇੰਚਾਰਜ ਬੀ.ਕੇ. ਹਰੀਪ੍ਰਸਾਦ, ਸੂਬਾ ਕਾਂਗਰਸ ਪ੍ਰਧਾਨ ਰਾਉ ਨਰਿੰਦਰ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ ਰਾਹੁਲ ਗਾਂਧੀ ਦੇ ਹਰਿਆਣਾ 'ਚ ਹੋਣ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਇਕ ਮਜਬੂਰੀ ਸੀ। ਬੀ.ਕੇ. ਹਰੀਪ੍ਰਸਾਦ ਤੇ ਸੂਬਾ ਕਾਂਗਰਸ ਪ੍ਰਧਾਨ ਰਾਉ ਨਰਿੰਦਰ ਸਿੰਘ ਤਾਂ ਸ਼ੁਰੂ ਤੋਂ ਇਸ ਸਦਭਾਵਨਾ ਯਾਤਰਾ ਨੂੰ ਬਰਜੇਂਦਰ ਸਿੰਘ ਦੀ ਨਿੱਜੀ ਯਾਤਰਾ ਦੱਸਦਿਆਂ ਕਹਿ ਰਹੇ ਸਨ ਕਿ ਇਹ ਹਰਿਆਣਾ ਕਾਂਗਰਸ ਦੀ ਅਧਿਕਾਰਤ ਯਾਤਰਾ ਨਹੀਂ ਹੈ। ਹਾਲਾਂਕਿ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਸੀ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੋਈ ਵੀ ਕਾਂਗਰਸੀ ਯਾਤਰਾਵਾਂ ਕੱਢ ਸਕਦਾ ਹੈ।
ਦਮਦਾਰ ਸੀ ਬਰਜੇਂਦਰ ਸਿੰਘ ਦਾ ਦਾਅਵਾ
ਦੂਜੇ ਪਾਸੇ ਬਰਜੇਂਦਰ ਸਿੰਘ ਦੇ ਸਮਰਥਕਾਂ ਦਾ ਦਾਅਵਾ ਸੀ ਕਿ ਇਹ ਸਦਭਾਵਨਾ ਯਾਤਰਾ ਰਾਹੁਲ ਗਾਂਧੀ ਦੇ ਅਸ਼ੀਰਵਾਦ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਉਹ ਇਸ ਯਾਤਰਾ ਦੇ ਅੰਤਿਮ ਪੜਾਅ 'ਤੇ ਹਰਿਆਣਾ ਆ ਕੇ ਇਸ 'ਚ ਸ਼ਾਮਿਲ ਹੋਣਗੇ। ਹੁਣ ਰਾਹੁਲ ਗਾਂਧੀ ਨੇ ਇਸ ਯਾਤਰਾ 'ਚ ਸ਼ਾਮਿਲ ਹੋ ਕੇ ਦਾਅਵਾ ਕੀਤਾ ਹੈ ਕਿ ਇਸ ਸਦਭਾਵਨਾ ਯਾਤਰਾ ਨੂੰ ਕਾਂਗਰਸ ਹਾਈਕਮਾਂਡ ਤੇ ਸੂਬਾ ਕਾਂਗਰਸ ਦਾ ਪੂਰਾ ਸਮਰਥਨ ਹਾਸਿਲ ਸੀ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ 'ਚ ਹਜ਼ਾਰਾਂ ਕਿਲੋਮੀਟਰ ਪੈਦਲ ਯਾਤਰਾ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਰਜੇਂਦਰ ਸਿੰਘ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਬਰਜੇਂਦਰ ਸਿੰਘ ਸਾਬਕਾ ਕੇਂਦਰੀ ਮੰਤਰੀ ਵਰਿੰਦਰ ਸਿੰਘ ਦਾ ਪੁੱਤਰ ਹੈ, ਜੋ ਆਈ.ਏ.ਐੱਸ. ਅਧਿਕਾਰੀ ਵਜੋਂ ਨੌਕਰੀ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਿਲ ਹੋ ਗਿਆ ਸੀ ਅਤੇ ਹਿਸਾਰ ਤੋਂ ਲੋਕ ਸਭਾ ਦੀ ਚੋਣ ਜਿੱਤ ਗਿਆ ਸੀ। ਫਿਰ ਉਹ ਸੰਸਦ ਮੈਂਬਰ ਹੁੰਦਿਆਂ ਲੋਕ ਸਭਾ ਤੋਂ ਅਸਤੀਫਾ ਦੇ ਕੇ ਕਾਂਗਰਸ 'ਚ ਸ਼ਾਮਿਲ ਹੋ ਗਿਆ ਸੀ। ਕਾਂਗਰਸ ਨੇ ਬਰਜੇਂਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ 'ਚ ਉਚਾਨਾ ਤੋਂ ਟਿਕਟ ਦਿੱਤੀ ਸੀ, ਪਰ ਉਹ ਸਿਰਫ਼ 32 ਵੋਟਾਂ ਨਾਲ ਚੋਣ ਹਾਰ ਗਏ ਸਨ। ਉਸ ਦੇ ਪਿਤਾ ਵਰਿੰਦਰ ਸਿੰਘ ਤੇ ਮਾਤਾ ਪ੍ਰੇਮਲਤਾ ਵੀ ਉਚਾਨਾ ਤੋਂ ਵਿਧਾਇਕ ਰਹਿ ਚੁੱਕੇ ਹਨ।
ਨਹੀਂ ਖ਼ਤਮ ਹੋਏ ਮਤਭੇਦ
ਰਾਹੁਲ ਗਾਂਧੀ ਦੇ ਬਰਜੇਂਦਰ ਸਿੰਘ ਦੀ ਸਦਭਾਵਨਾ ਯਾਤਰਾ 'ਚ ਸ਼ਾਮਿਲ ਹੋਣ ਤੋਂ ਮੰਨਿਆ ਜਾ ਰਿਹਾ ਸੀ ਕਿ ਹੁਣ ਸੂਬੇ 'ਚ ਕਾਂਗਰਸੀ ਨੇਤਾਵਾਂ ਦੇ ਆਪਸੀ ਮਤਭੇਦ ਖ਼ਤਮ ਹੋ ਜਾਣਗੇ ਅਤੇ ਕਾਂਗਰਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਜਾਣਗੇ। ਰਾਹੁਲ ਗਾਂਧੀ ਵਲੋਂ ਸਦਭਾਵਨਾ ਯਾਤਰਾ 'ਚ ਸ਼ਾਮਿਲ ਹੋਣ ਤੇ ਬਰਜੇਂਦਰ ਸਿੰਘ ਦੀ ਪਿੱਠ ਥਾਪੜਨ ਦੇ ਬਾਵਜੂਦ ਕਾਂਗਰਸੀ ਅਜੇ ਵੀ ਇਕਜੁੱਟ ਨਹੀਂ ਹੋਏ। ਦਰਅਸਲ ਬਰਜੇਂਦਰ ਸਿੰਘ ਵਲੋਂ ਇਸ ਯਾਤਰਾ ਦੌਰਾਨ ਹੁੱਡਾ ਧੜੇ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਲਗਾਤਾਰ ਨਿਸ਼ਾਨੇ 'ਤੇ ਲੈਣ ਕਰਕੇ ਹੁੱਡਾ ਧੜੇ ਦੇ ਕਾਂਗਰਸੀ ਬਰਜੇਂਦਰ ਸਿੰਘ ਨਾਲ ਨਾਰਾਜ਼ਗੀ ਰੱਖਦੇ ਹਨ। ਭਾਵੇਂ ਬਰਜੇਂਦਰ ਸਿੰਘ ਆਪਣੀ ਯਾਤਰਾ ਦੌਰਾਨ ਸੂਬੇ ਦੇ ਕਾਂਗਰਸੀ ਨੇਤਾਵਾਂ ਨੂੰ ਨਸੀਹਤ ਦਿੰਦੇ ਰਹੇ ਹਨ ਕਿ ਭਾਜਪਾ ਨਾਲ ਮੁਕਾਬਲਾ ਕਰਨ ਲਈ ਸਾਰੇ ਕਾਂਗਰਸੀਆਂ ਨੂੰ ਇਕਜੁੱਟ ਹੋਣਾ ਪਵੇਗਾ, ਕਿਉਂਕਿ ਆਪਸ 'ਚ ਉਲਝੇ ਰਹਿਣ ਨਾਲ ਭਾਜਪਾ ਨੂੰ ਹਰਾਇਆ ਨਹੀਂ ਜਾ ਸਕਦਾ। ਦੱਸਣਯੋਗ ਹੈ ਕਿ ਬਰਜੇਂਦਰ ਸਿੰਘ ਨੇ ਪਿਛਲੇ ਸਾਲ 5 ਅਕਤੂਬਰ ਨੂੰ ਆਪਣੀ ਸਦਭਾਵਨਾ ਯਾਤਰਾ ਸ਼ੁਰੂ ਕੀਤੀ ਸੀ ਅਤੇ ਉਸ ਨੇ ਸੂਬੇ ਦੇ 90 ਵਿਧਾਨ ਸਭਾ ਹਲਕਿਆਂ 'ਚੋਂ 86 ਖੇਤਰਾਂ ਨੂੰ ਕਵਰ ਕਰਨ ਦੇ ਬਾਅਦ ਗੁਰੂਗ੍ਰਾਮ ਦੇ ਪਿੰਡ ਖਾਂਡਸਾ 'ਚ ਸਦਭਾਵਨਾ ਯਾਤਰਾ ਸਮਾਗਮ ਆਯੋਜਿਤ ਕੀਤਾ ਸੀ, ਜਿਸ ਵਿਚ ਰਾਹੁਲ ਗਾਂਧੀ ਵੀ ਨੇ ਵੀ ਸ਼ਿਰਕਤ ਕੀਤੀ ਹੈ। ਜਦੋਂ ਰਾਹੁਲ ਗਾਂਧੀ ਦੇ ਇਸ ਸਮਾਗਮ 'ਚ ਸ਼ਾਮਿਲ ਹੋਣ ਦੀ ਪੁਸ਼ਟੀ ਹੋਈ ਤਾਂ ਹਰਿਆਣਾ ਕਾਂਗਰਸ ਦੇ ਪ੍ਰਧਾਨ ਰਾਉ ਨਰਿੰਦਰ ਸਿੰਘ ਨੇ ਸੂਬੇ ਦੇ ਸਾਰੇ ਕਾਂਗਰਸ ਸੰਸਦ ਮੈਂਬਰਾਂ, ਵਿਧਾਇਕਾਂ ਤੇ ਹੋਰ ਸਭ ਅਹੁਦੇਦਾਰਾਂ ਨੂੰ ਪੱਤਰ ਲਿਖ ਕੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਕਿਹਾ ਸੀ। ਬਰਜੇਂਦਰ ਸਿੰਘ ਨੇ ਇਸ ਸਦਭਾਵਨਾ ਯਾਤਰਾ ਜ਼ਰੀਏ ਆਪਣੀ ਆਈ.ਏ.ਐੱਸ. ਅਧਿਕਾਰੀ ਤੋਂ ਵੱਖਰੀ ਸੂਬੇ ਦੇ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਇਕ ਨੇਤਾ ਵਾਲੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਹੁਲ ਗਾਂਧੀ ਦੇ ਬਰਜੇਂਦਰ ਸਿੰਘ ਵਲੋਂ ਕੱਢੀ ਗਈ ਯਾਤਰਾ 'ਚ ਸ਼ਾਮਿਲ ਹੋਣ ਨਾਲ ਯਕੀਨਨ ਉਸ ਦਾ ਕਾਂਗਰਸ 'ਚ ਕੱਦ ਵੱਡਾ ਹੋਇਆ ਹੈ।
ਕਰਮਚਾਰੀਆਂ ਦੀ ਹੜਤਾਲ
ਹਰਿਆਣਾ ਵਿਚ ਨਗਰ ਨਿਗਮਾਂ, ਨਗਰ ਪਾਲਿਕਾਵਾਂ ਤੇ ਨਗਰ ਪ੍ਰੀਸ਼ਦਾਂ ਦੇ ਫਾਇਰ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ।
ਪਿਛਲੇ ਕਈ ਦਿਨਾਂ ਤੋਂ ਨਿਰੰਤਰ ਚੱਲ ਰਹੀ ਇਸ ਹੜਤਾਲ ਕਾਰਨ ਸੂਬੇ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਹੈ ਤੇ ਵੱਖ-ਵੱਖ ਸ਼ਹਿਰਾਂ 'ਚ ਥਾਂ-ਥਾਂ ਕੂੜੇ ਤੇ ਗੰਦਗੀ ਦੇ ਢੇਰ ਲੱਗ ਗਏ ਹਨ। ਭਾਵੇਂ ਸਰਕਾਰ ਨੇ ਸ਼ੁਰੂ 'ਚ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਗੱਲਬਾਤ ਕਰਕੇ ਮੱਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਗੱਲਬਾਤ ਅਸਫਲ ਰਹਿਣ ਬਾਅਦ ਕਰਮਚਾਰੀਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਸੀ।
ਕਰਮਚਾਰੀਆਂ ਦੀ ਇਸ ਹੜਤਾਲ ਨੂੰ ਹਰਿਆਣਾ ਦੇ ਸਭ ਤੋਂ ਵੱਡੇ ਕਰਮਚਾਰੀ ਸੰਗਠਨ 'ਸਰਬ ਕਰਮਚਾਰੀ ਸੰਘ' ਸਮੇਤ ਕਈ ਹੋਰ ਸੰਗਠਨਾਂ ਦਾ ਸਮਰਥਨ ਪ੍ਰਾਪਤ ਹੈ, ਇਸ ਦੇ ਨਾਲ ਹੀ ਕਾਂਗਰਸ, ਇਨੈਲੋ, ਜੇ.ਜੇ.ਪੀ. ਅਤੇ ਹੋਰ ਪਾਰਟੀਆਂ ਦੇ ਵੱਡੇ ਆਗੂਆਂ ਨੇ ਵੀ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਸਰਕਾਰ ਨੂੰ ਇਸ ਮਾਮਲੇ ਦਾ ਗੱਲਬਾਤ ਨਾਲ ਜਲਦੀ ਨਿਪਟਾਰਾ ਕਰਨ ਅਤੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰਨ ਲਈ ਕਿਹਾ ਹੈ। ਕਈ ਸਮਾਜਿਕ ਸੰਗਠਨਾਂ ਨੇ ਸਰਕਾਰ ਨੂੰ ਕਰਮਚਾਰੀਆਂ ਨਾਲ ਮਾਮਲਾ ਸੁਲਝਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਥਾਂ-ਥਾਂ ਗੰਦਗੀ ਦੇ ਢੇਰ ਲੱਗਣ ਕਾਰਨ ਸੂਬੇ 'ਚ ਮਹਾਂਮਾਰੀ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 14 ਮਈ ਤੱਕ ਗੱਲਬਾਤ ਨਾਲ ਮਾਮਲੇ ਦਾ ਹੱਲ ਨਾ ਹੋਇਆ ਤਾਂ ਇਸ ਅੰਦੋਲਨ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਸਰਕਾਰ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਸਥਾਨਕ ਸ਼ਹਿਰੀ ਸਰਕਾਰਾਂ ਸੰਬੰਧੀ ਮੰਤਰੀ ਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਉਮੀਦ ਹੈ ਕਿ ਇਹ ਮਾਮਲਾ ਜਲਦੀ ਹੱਲ ਹੋ ਜਾਵੇਗਾ।

-ਵਿਸ਼ੇਸ਼ ਪ੍ਰਤੀਨਿਧੀ
ਮੋਬਾਈਲ -9855465946
ਈ-ਮੇਲ :ramsinghbrar@gmail.com

Ad Position 22
No active advertisement
ਪਿਛਲੀ ਖ਼ਬਰ 14-05-26 ਅਗਲੀ ਖ਼ਬਰ ਪੰਜਾਬ ਵਿਚ ਸ਼ੁਰੂ ਹੋ ਚੁੱਕਾ ਹੈ ਰੇਲ ਢਾਂਚੇ ਦਾ ਕਾਇਆ ਕਲਪ
Ad Position 24