ਭਾਰਤੀ ਰੇਲਵੇ ਦੇਸ਼ ਲਈ ਕੇਵਲ ਆਵਾਜਾਈ ਦਾ ਸਾਧਨ ਨਹੀਂ ਰਹੀ। ਜਿੱਥੇ ਵੀ ਰੇਲ ਸੰਪਰਕ ਪਹੁੰਚਦਾ ਹੈ, ਉੱਥੇ ਉਦਯੋਗ ਲੱਗਦੇ ਹਨ, ਵਪਾਰ ਫੈਲਦਾ ਹੈ, ਸੈਰ-ਸਪਾਟਾ ਵਧਣ-ਫੁੱਲਣ ਨਾਲ ਕਈ ਕਿੱਤਿਆਂ ਦੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਆਉਂਦਾ ਹੈ। ਹੁਣ ਪੰਜਾਬ ਵੀ ਇਸ ਬਦਲਾਅ ਦਾ ਗਵਾਹ ਬਣ ਰਿਹਾ ਹੈ, ਕਿਉਂਕਿ ਰੇਲਵੇ ਨੈੱਟਵਰਕ ਸੂਬੇ ਦੀ ਆਰਥਿਕ ਤੇ ਸਮਾਜਿਕ ਸੋਚ ਨੂੰ ਨਵੀਂ ਦਿਸ਼ਾ ਦੇਵੇਗਾ। ਦਹਾਕਿਆਂ ਤੱਕ ਪੰਜਾਬ ਨੂੰ ਅਣਡਿੱਠਤਾ ਦਾ ਸਾਹਮਣਾ ਕਰਨਾ ਪਿਆ ਹੈ, ਕਿਉਂਕਿ ਕਈ ਅਹਿਮ ਰੇਲਵੇ ਯੋਜਨਾਵਾਂ ਦੀਆਂ ਫਾਈਲਾਂ ਦਫ਼ਤਰੀ ਰੁਕਾਵਟਾਂ, ਆਪਸੀ ਤਾਲਮੇਲ ਦੀ ਘਾਟ ਤੇ ਸਿਆਸੀ ਇਰਾਦੇ ਦੀ ਕਮੀ ਕਾਰਨ ਸਾਲਾਂ ਤੱਕ ਰੁਕੀਆਂ ਰਹੀਆਂ ਹਨ। ਲੋਕਾਂ ਦੀ ਲਗਾਤਾਰ ਮੰਗ ਦੇ ਬਾਵਜੂਦ ਮਾਲਵਾ ਖੇਤਰ, ਸਰਹੱਦੀ ਜ਼ਿਲ੍ਹੇ, ਉਦਯੋਗਿਕ ਇਲਾਕੇ ਤੇ ਧਾਰਮਿਕ ਅਸਥਾਨ ਆਧੁਨਿਕ ਰੇਲ ਢਾਂਚੇ ਤੋਂ ਵਾਂਝੇ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਪੂਰੇ ਮਾਲਵਾ ਖੇਤਰ ਨਾਲ ਕਿਸੇ ਆਧੁਨਿਕ ਰੇਲ ਮਾਰਗ ਰਾਹੀਂ ਸਿੱਧਾ ਸੰਪਰਕ ਨਹੀਂ ਸੀ। ਰਾਜਪੁਰਾ ਤੋਂ ਮੋਹਾਲੀ ਰੇਲ ਲਿੰਕ ਬਣਾਉਣ ਬਾਰੇ ਪਹਿਲੀ ਵਾਰ 1970 ਦੇ ਦਹਾਕੇ ਵਿਚ ਸੋਚਿਆ ਗਿਆ ਸੀ, ਪਰ ਲੋਕ ਪ੍ਰਤੀਨਿਧੀਆਂ ਤੇ ਨੇਤਾਵਾਂ ਦੇ ਯਤਨਾਂ ਦੇ ਬਾਵਜੂਦ ਇਹ ਕੰਮ ਦਹਾਕਿਆਂ ਤੱਕ ਲੰਬਿਤ ਰਿਹਾ। ਇਸੇ ਤਰ੍ਹਾਂ ਕਾਦੀਆਂ-ਬਿਆਸ ਰੇਲ ਲਾਈਨ ਵੀ ਜ਼ਮੀਨ ਹਾਸਿਲ ਕਰਨ ਤੇ ਪ੍ਰਸ਼ਾਸਕੀ ਦੇਰੀ ਕਾਰਨ ਸਾਲਾਂ ਤੱਕ ਠੱਪ ਪਈ ਰਹੀ।
ਹਾਲਾਤ 'ਚ ਬਦਲਾਅ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਦੂਰਅੰਦੇਸ਼ ਅਗਵਾਈ ਹੇਠ ਸ਼ੁਰੂ ਹੋਇਆ, ਜਦੋਂ ਢਾਂਚਾਗਤ ਵਿਕਾਸ ਤੇ ਖੇਤਰੀ ਸੰਤੁਲਨ ਬਾਰੇ ਉਨ੍ਹਾਂ ਦੀ ਸੋਚ ਸਦਕਾ ਪੰਜਾਬ ਦੇ ਰੇਲਵੇ ਵਿਕਾਸ ਨੂੰ ਤਰਜੀਹ ਮਿਲੀ। ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਨੀ ਵੈਸ਼ਣਵ ਜੀ ਦਾ ਲਗਾਤਾਰ ਸਹਿਯੋਗ ਮਿਲਣ ਨਾਲ ਪੰਜਾਬ ਦੀਆਂ ਲੰਬੇ ਸਮੇਂ ਤੋਂ ਰੁਕੀਆਂ ਉਮੀਦਾਂ ਅਸਲ ਯੋਜਨਾਵਾਂ 'ਚ ਬਦਲ ਗਈਆਂ ਹਨ। ਮੈਂ ਰੇਲ ਰਾਜ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਬਾਅਦ ਪੰਜਾਬ ਨਾਲ ਸੰਬੰਧਿਤ ਹਰ ਅਹਿਮ ਲੰਬਿਤ ਰੇਲਵੇ ਯੋਜਨਾ ਦੀ ਨਿੱਜੀ ਤੌਰ 'ਤੇ ਸਮੀਖਿਆ ਕਰਕੇ ਮੰਡਲ ਪੱਧਰ ਤੋਂ ਲੈ ਕੇ ਰੇਲਵੇ ਬੋਰਡ ਦੇ ਮੁੱਖ ਦਫ਼ਤਰ ਤੱਕ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਕਈ ਯੋਜਨਾਵਾਂ ਸੂਬਾ ਸਰਕਾਰ ਦੀ ਲਾਗਤ ਸਾਂਝ, ਜ਼ਮੀਨੀ ਵਿਵਾਦਾਂ ਤੇ ਲੰਬੀਆਂ ਦਫ਼ਤਰੀ ਦੇਰੀਆਂ ਕਾਰਨ ਬੰਦ ਹੋਈਆਂ ਸਨ। ਪੰਜਾਬ ਦੀ ਮਾਲੀ ਹਾਲਤ ਨੂੰ ਸਮਝਦਿਆਂ ਮੈਂ ਭਾਰਤੀ ਰੇਲਵੇ ਨੂੰ ਖੁਦ ਯੋਜਨਾਵਾਂ ਦੀ ਲਾਗਤ ਝੱਲ ਕੇ ਵਿਕਾਸ ਦਾ ਕੰਮ ਅੱਗੇ ਵਧਾਉਣ ਲਈ ਕਿਹਾ ਅਤੇ ਲਗਾਤਾਰ ਪੈਰਵੀ ਤੇ ਮੰਡਲਾਂ, ਜ਼ੋਨਲ ਰੇਲਵੇ ਤੇ ਰੇਲਵੇ ਬੋਰਡ ਵਿਚਕਾਰ ਤਾਲਮੇਲ ਤੋਂ ਬਾਅਦ ਕਈ ਸਾਲਾਂ ਤੋਂ ਰੁਕੀਆਂ ਯੋਜਨਾਵਾਂ ਨੂੰ ਮੁੜ ਚਾਲੂ ਕਰਵਾ ਕੇ ਤੇਜ਼ੀ ਨਾਲ ਅੱਗੇ ਵਧਾਇਆ ਹੈ।
ਅੱਜ ਪੰਜਾਬ ਲਈ ਰੇਲਵੇ ਬਜਟ ਵਧ ਕੇ 2026-27 'ਚ 5,673 ਕਰੋੜ ਰੁਪਏ ਹੋ ਗਿਆ ਹੈ, ਜੋ 2009-14 ਨਾਲੋਂ 25 ਗੁਣਾ ਵੱਧ ਹੈ। ਇਸ ਵੇਲੇ ਸੂਬੇ ਭਰ ਵਿਚ 26,000 ਕਰੋੜ ਰੁਪਏ ਤੋਂ ਵੱਧ ਦੀਆਂ ਰੇਲਵੇ ਯੋਜਨਾਵਾਂ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਅਹਿਮ ਯੋਜਨਾਵਾਂ ਵਿਚ 13,770 ਕਰੋੜ ਰੁਪਏ ਦੀ ਭਾਨੂਪੱਲੀ-ਬੇਰੀ ਨਵੀਂ ਰੇਲ ਲਾਈਨ, 842 ਕਰੋੜ ਰੁਪਏ ਦੀ ਕਾਦੀਆਂ-ਬਿਆਸ ਨਵੀਂ ਲਾਈਨ, 443 ਕਰੋੜ ਰੁਪਏ ਦੀ ਰਾਜਪੁਰਾ-ਮੋਹਾਲੀ ਰੇਲ ਲਾਈਨ, 300 ਕਰੋੜ ਰੁਪਏ ਦੀ ਫਿਰੋਜ਼ਪੁਰ-ਪੱਟੀ ਨਵੀਂ ਲਾਈਨ ਤੇ 449 ਕਰੋੜ ਰੁਪਏ ਦੀ ਰਾਮਾਂ-ਮੌੜ ਰੇਲਵੇ ਲਾਈਨ ਸ਼ਾਮਿਲ ਹਨ। ਲੁਧਿਆਣਾ-ਕਿਲਾ ਰਾਏਪੁਰ ਤੇ ਲੁਧਿਆਣਾ-ਮੁੱਲਾਂਪੁਰ ਵਰਗੀਆਂ ਅਹਿਮ ਰੇਲਵੇ ਲਾਈਨਾਂ ਦੇ ਦੋਹਰੀਕਰਨ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਦਕਿ 2312 ਕਰੋੜ ਰੁਪਏ ਦੀ ਲਾਗਤ ਵਾਲੀ ਨੰਗਲ ਡੈਮ-ਤਲਵਾੜਾ ਯੋਜਨਾ ਵੀ ਖੇਤਰੀ ਜੋੜ ਨੂੰ ਮਜ਼ਬੂਤ ਕਰਨ ਵਾਲੀ ਇੱਕ ਇਤਿਹਾਸਕ ਪਹਿਲ ਹੈ। ਸਭ ਤੋਂ ਇਤਿਹਾਸਕ ਉਪਲਬਧੀ ਤਲਵੰਡੀ ਸਾਬੋ ਤੱਕ ਰੇਲ ਸੰਪਰਕ ਨੂੰ ਮਨਜ਼ੂਰੀ ਮਿਲਣਾ ਹੈ, ਜਿੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਥਿਤ ਹੈ। ਦਹਾਕਿਆਂ ਤੋਂ ਸਿੱਖ ਧਰਮ ਦੇ ਪੰਜਾਂ ਤਖ਼ਤਾਂ ਨੂੰ ਰੇਲ ਮਾਰਗ ਨਾਲ ਜੋੜਨ ਦੀ ਉਮੀਦ ਦਾ ਸੁਪਨਾ ਸਾਕਾਰ ਹੋਣ ਵੱਲ ਤੇਜ਼ੀ ਨਾਲ ਵਧ ਰਿਹਾ ਹੈ।
ਪੰਜਾਬ ਵਿਚ ਯਾਤਰੀ ਸਹੂਲਤਾਂ ਦੇ ਨਵੀਨੀਕਰਨ ਲਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਹੇਠ 30 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਇਸ ਵਿਚ ਮਾਝੇ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਤੇ ਮਾਲਵੇ ਦੇ ਬਠਿੰਡਾ ਤੋਂ ਇਲਾਵਾ ਲੁਧਿਆਣਾ, ਜਲੰਧਰ, ਮੋਹਾਲੀ, ਅਨੰਦਪੁਰ ਸਾਹਿਬ ਤੇ ਮੁਕਤਸਰ ਵਰਗੇ ਅਹਿਮ ਸਟੇਸ਼ਨ ਵੀ ਸ਼ਾਮਿਲ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ 462 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਹੁਣ ਪੰਜਾਬ ਵਿਚ 6 ਜੋੜੀਆਂ 'ਵੰਦੇ ਭਾਰਤ ਐਕਸਪ੍ਰੈੱਸ' ਟ੍ਰੇਨਾਂ ਤੇ 1 ਜੋੜੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਟਰੇਨਾਂ ਚੱਲ ਰਹੀਆਂ ਹਨ। ਫਿਰੋਜ਼ਪੁਰ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਮਾਲਵਾ ਖੇਤਰ ਲਈ ਬਹੁਤ ਅਹਿਮ ਹੈ। ਮੈਂ ਨਿੱਜੀ ਤੌਰ 'ਤੇ ਇਸ ਯੋਜਨਾ ਦੀ ਪੈਰਵੀ ਕੀਤੀ ਹੈ, ਇਹ ਟ੍ਰੇਨ ਪੰਜਾਬ ਲਈ ਇਕ ਕੀਮਤੀ ਤੋਹਫ਼ਾ ਬਣ ਚੁੱਕੀ ਹੈ।
ਪੰਜਾਬ ਨੇ 100 ਫ਼ੀਸਦੀ ਰੇਲਵੇ ਬਿਜਲੀਕਰਨ ਹਾਸਿਲ ਕਰ ਲਿਆ ਹੈ। ਸੈਂਕੜੇ ਕਿਲੋਮੀਟਰ ਨਵੀਆਂ ਰੇਲ ਪਟੜੀਆਂ ਵਿਛਾਈਆਂ ਗਈਆਂ ਹਨ, ਜਦਕਿ 400 ਤੋਂ ਵੱਧ ਆਰ.ਓ.ਬੀ ਅਤੇ ਆਰ.ਯੂ.ਬੀ. ਅੰਡਰਪਾਸ ਬਣ ਰਹੇ ਹਨ ਜਾਂ ਮਨਜ਼ੂਰ ਹੋ ਚੁੱਕੇ ਹਨ। ਮੈਂ ਨਿੱਜੀ ਤੌਰ 'ਤੇ ਦੋਰਾਹਾ ਤੇ ਧੂਰੀ ਰੇਲਵੇ ਓਵਰਬ੍ਰਿਜ ਜਿਹੀਆਂ ਲੰਬਿਤ ਯੋਜਨਾਵਾਂ ਵਿਚ ਦਖ਼ਲ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਵਿਕਾਸ ਸਿਆਸਤ ਤੋਂ ਉੱਪਰ ਹੋਣਾ ਚਾਹੀਦਾ ਹੈ। ਮੈਂ ਹੋਰ ਪਾਰਟੀਆਂ ਦੇ ਨੇਤਾਵਾਂ ਵਲੋਂ ਆਏ ਸੁਝਾਵਾਂ ਨੂੰ ਵੀ ਹਮੇਸ਼ਾ ਗੰਭੀਰਤਾ ਨਾਲ ਲਿਆ ਹੈ। ਪੰਜਾਬ ਦਾ ਰੇਲਵੇ ਬਦਲਾਅ ਸਿਰਫ਼ ਪਟੜੀਆਂ ਤੇ ਸਟੇਸ਼ਨਾਂ ਤੱਕ ਸੀਮਿਤ ਨਹੀਂ ਹੈ, ਇਹ ਨਵੇਂ ਮੌਕਿਆਂ ਦੀ ਸਿਰਜਣਾ ਹੈ। ਵਧੀਆ ਰੇਲ ਢਾਂਚਾ ਉਦਯੋਗਾਂ ਦੀ ਢੁਆਈ ਲਾਗਤ ਘਟਾਏਗਾ, ਸਰਹੱਦੀ ਖੇਤਰਾਂ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰੇਗਾ, ਸੈਰ-ਸਪਾਟੇ ਅਤੇ ਧਾਰਮਿਕ ਯਾਤਰਾਵਾਂ ਨੂੰ ਹੌਸਲਾ ਦੇਵੇਗਾ, ਖੇਤੀਬਾੜੀ ਵਪਾਰ ਨੂੰ ਮਦਦ ਦੇਵੇਗਾ ਅਤੇ ਰੋਜ਼ਗਾਰ ਪੈਦਾ ਕਰੇਗਾ।
ਮੈਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਦੂਰਅੰਦੇਸ਼ ਅਗਵਾਈ ਤੇ ਕੇਂਦਰੀ ਰੇਲ ਮੰਤਰੀ ਸ੍ਰੀ ਵੈਸ਼ਣਵ ਜੀ ਦੇ ਲਗਾਤਾਰ ਮਾਰਗਦਰਸ਼ਨ ਤੇ ਸਹਿਯੋਗ ਅਤੇ ਉਨ੍ਹਾਂ ਸਾਰੇ ਰੇਲਵੇ ਅਧਿਕਾਰੀਆਂ ਅਤੇ ਇੰਜੀਨੀਅਰਾਂ ਦਾ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਲਾਂ ਪੁਰਾਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ। ਪੰਜਾਬ ਦਾ ਰੇਲਵੇ ਜਾਗਰਣ ਸ਼ੁਰੂ ਹੋ ਚੁੱਕਾ ਹੈ। ਇਹ ਰੇਲ ਪਟੜੀਆਂ ਆਰਥਿਕ ਤਰੱਕੀ, ਸਮਾਜਿਕ ਉੱਚਾਈ, ਖੇਤਰੀ ਸੰਪਰਕ ਤੇ ਪੰਜਾਬ ਦੇ ਹਰ ਨਾਗਰਿਕ ਦੇ ਮਜ਼ਬੂਤ ਭਵਿੱਖ ਵੱਲ ਜਾਣ ਵਾਲੇ ਰਸਤੇ ਹਨ।
-ਲੇਖਕ (ਭਾਰਤ ਸਰਕਾਰ ਦੇ ਰਾਜ ਰੇਲ ਮੰਤਰੀ ਹਨ)
ਪੰਜਾਬ ਵਿਚ ਸ਼ੁਰੂ ਹੋ ਚੁੱਕਾ ਹੈ ਰੇਲ ਢਾਂਚੇ ਦਾ ਕਾਇਆ ਕਲਪ
ਅਜੀਤ ਡੈਸਕ
14-05-2026