08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬਰੂਦ ਦੇ ਢੇਰ 'ਤੇ ਬੈਠੀ ਦੁਨੀਆ

Ad Position 21
No active advertisement
ਅਜੀਤ ਡੈਸਕ 21-05-2026

ਮਨੁੱਖ ਦੀ ਉਤਪਤੀ ਤੋਂ ਲੈ ਕੇ ਅਨੇਕਾਂ-ਅਨੇਕ ਸਦੀਆਂ ਦੇ ਉਸ ਦੇ ਲੰਮੇ ਸਫ਼ਰ ਦੇ ਨਾਲ-ਨਾਲ ਵਿਕਾਸ ਤੇ ਵਿਨਾਸ਼ ਦੀ ਵਾਰਤਾ ਤੁਰਦੀ ਰਹੀ ਹੈ, ਜੋ ਅੱਜ ਵੀ ਜਾਰੀ ਹੈ। ਮੁੱਢ-ਕਦੀਮ ਤੋਂ ਹੀ ਮਨੁੱਖ ਦੇ ਗੀਤ ਤੇ ਲੜਾਈਆਂ ਝਗੜੇ ਨਾਲੋ-ਨਾਲ ਚਲਦੇ ਰਹੇ ਹਨ। ਇਸ ਸਫ਼ਰ 'ਚ ਧਰਤੀ 'ਤੇ ਬਹੁਤ ਕੁਝ ਹੈਰਾਨੀਜਨਕ ਸਿਰਜਿਆ ਗਿਆ ਹੈ ਅਤੇ ਕੁਦਰਤ ਤੇ ਗੈਰ ਕੁਦਰਤੀ ਵਰਤਾਰਿਆਂ ਕਾਰਨ ਬਹੁਤ ਕੁਝ ਦਾ ਵਿਨਾਸ਼ ਵੀ ਹੁੰਦਾ ਰਿਹਾ ਹੈ। ਸਮੇਂ-ਸਮੇਂ ਬਹੁਤ ਸਾਰੀਆਂ ਸੱਭਿਅਤਾਵਾਂ ਨੇ ਜਨਮ ਲਿਆ, ਪਰ ਉਨ੍ਹਾਂ ਵਿਚ ਆਪਸੀ ਲੜਾਈਆਂ ਤੇ ਝਗੜਿਆਂ 'ਚ ਬਹੁਤ ਸਾਰੀਆਂ ਸੱਭਿਅਤਾਵਾਂ ਨੂੰ ਵਿਨਾਸ਼ ਦਾ ਮੂੰਹ ਵੀ ਦੇਖਣਾ ਪਿਆ। ਇਸੇ ਕਾਰਨ ਸੈਂਕੜੇ ਵਰ੍ਹਿਆਂ ਤੋਂ ਖੋਜੀ ਪੁਰਾਣੇ ਥੇਹਾਂ 'ਚੋਂ ਸਦੀਆਂ ਪਹਿਲਾਂ ਧੜਕਦੇ ਜੀਵਨ ਤੇ ਉਸਾਰੀਆਂ ਦੀਆਂ ਨਿਸ਼ਾਨੀਆਂ ਲੱਭਦੇ ਰਹੇ ਹਨ।
ਅੱਜ ਮਨੁੱਖੀ ਦਿਮਾਗ਼ ਨੇ ਆਪਣੀ ਧਰਤੀ 'ਤੇ ਸਮੁੰਦਰਾਂ ਤੱਕ ਹੀ ਸੀਮਤ ਨਾ ਰਹਿ ਕੇ ਬ੍ਰਹਿਮੰਡ ਦੇ ਭੇਦ ਖੋਲ੍ਹਣ ਤੱਕ ਆਪਣਾ ਕਾਰਜ ਖੇਤਰ ਵਧਾ ਲਿਆ ਹੈ। ਇਸ ਖੋਜ 'ਚ ਉਸ ਦੀਆਂ ਪ੍ਰਾਪਤੀਆਂ ਨੂੰ ਜਾਦੂਈ ਪ੍ਰਾਪਤੀਆਂ ਕਿਹਾ ਜਾ ਸਕਦਾ ਹੈ। ਮਨੁੱਖੀ ਪੈਰ ਚੰਦ 'ਤੇ ਪੈ ਚੁੱਕਾ ਹੈ ਤਾਰਿਆਂ ਤੱਕ ਦੀ ਖੋਜ ਜਾਰੀ ਹੈ ਤੇ ਆਕਾਸ਼ ਤੋਂ ਹੀ ਅਨੇਕਾਂ-ਅਨੇਕ ਖੋਜਾਂ ਨਾਲ ਮਨੁੱਖ ਨੇ ਧਰਤੀ 'ਤੇ ਜੀਵਨ ਨੂੰ ਹੋਰ ਬਿਹਤਰ ਬਣਾਉਣ ਲਈ ਅਨੇਕਾਂ ਅਜਿਹੀਆਂ ਖੋਜਾਂ ਕਰ ਲਈਆਂ ਹਨ ਜੋ ਧਰਤੀ 'ਤੇ ਰਹਿੰਦੇ ਮਨੁੱਖ ਲਈ ਵੱਡੀਆਂ ਨਿਹਮਤਾਂ ਬਣੀਆਂ ਨਜ਼ਰ ਆਉਂਦੀਆਂ ਹਨ। ਪਰ ਵੱਡੇ ਦੁੱਖ ਦੀ ਗੱਲ ਇਹ ਵੀ ਹੈ ਕਿ ਇਤਿਹਾਸ ਵਿਚ ਅਨੇਕਾਂ-ਅਨੇਕ ਜਾਬਰਾਂ ਨੇ ਧਰਤੀ ਨੂੰ ਤਬਾਹ ਕਰਨ 'ਚ ਵੀ ਕਸਰ ਨਹੀਂ ਛੱਡੀ। ਲੱਖਾਂ, ਕਰੋੜਾਂ ਮਨੁੱਖ ਉਨ੍ਹਾਂ ਦੀ ਹਉਮੈ, ਜਬਰ ਤੇ ਹਿੰਸਕ ਮਾਨਸਿਕਤਾ ਦੇ ਸ਼ਿਕਾਰ ਹੋ ਗਏ। ਅੱਜ ਧਰਤੀ 'ਤੇ ਬਹੁਤ ਕੁਝ ਸਿਰਜਿਆ ਜਾ ਚੁੱਕਾ ਹੈ। ਪਰ ਇਸ ਦੇ ਨਾਲ-ਨਾਲ ਹੀ ਜੇਕਰ ਸਿਰਫ਼ ਪਿਛਲੀਆਂ ਦੋ ਸਦੀਆਂ ਨੂੰ ਹੀ ਦੇਖ ਲਿਆ ਜਾਏ ਤਾਂ ਲਗਾਤਾਰ ਵਾਪਰਦੇ ਕਹਿਰਾਂ ਨਾਲ ਸਮੁੱਚੀ ਧਰਤੀ ਲਹੂ-ਲੁਹਾਣ ਹੋਈ ਵੀ ਦਿਖਾਈ ਦਿੰਦੀ ਹੈ। ਇਨ੍ਹਾਂ ਦੋ ਸਦੀਆਂ ਵਿਚ ਹੀ ਕਰੋੜਾਂ ਮਨੁੱਖ ਇਥੇ ਸਹਿਕਦੇ ਤੁਰ ਚੁੱਕੇ ਹਨ। ਅੱਜ ਦੀ ਗੱਲ ਕਰੀਏ ਤਾਂ ਅਨੇਕਾਂ ਮੁਲਕਾਂ 'ਚ ਜਿਸ ਕਦਰ ਆਪਸੀ ਲੜਾਈਆਂ ਹੋ ਰਹੀਆਂ ਹਨ, ਉਹ ਕਿਸੇ ਕਹਿਰ ਤੋਂ ਘੱਟ ਨਹੀਂ ਜਾਪਦੀਆਂ। ਇਸ ਦੌੜ 'ਚ ਮੁੱਖ ਤੌਰ 'ਤੇ ਉਹ ਦੇਸ਼ ਸ਼ਾਮਿਲ ਹਨ, ਜਿਨ੍ਹਾਂ ਨੇ ਵਿਕਾਸ ਦੇ ਵੱਡੇ ਪੜਾਅ ਤੈਅ ਕੀਤੇ ਹਨ ਤੇ ਉਹ ਆਪਣੇ ਲੋਕਾਂ ਨੂੰ ਹਰ ਤਰ੍ਹਾਂ ਦਾ ਵਧੀਆ ਜੀਵਨ ਪ੍ਰਦਾਨ ਕਰਨ 'ਚ ਸਫ਼ਲ ਰਹੇ ਹਨ। ਪਰ ਅਜਿਹੇ ਮੁਲਕ ਅੱਜ ਆਪਸੀ ਟਕਰਾਅ ਜਾਂ ਆਪਣਾ ਦਬਦਬਾ ਬਣਾਈ ਰੱਖਣ ਲਈ ਤਬਾਹਕੁੰਨ ਯੋਜਨਾਵਾਂ ਵੀ ਘੜ ਰਹੇ ਹਨ। ਪਿਛਲੇ 2025 ਦੇ ਸਾਲ ਦੀ ਵਾਰਤਾ ਵੀ ਦਿਲ 'ਚ ਹੌਲ ਪੈਦਾ ਕਰਨ ਵਾਲੀ ਹੈ। ਸਟਾਕਹੋਮ ਅੰਤਰਰਾਸ਼ਟਰੀ ਸ਼ਾਂਤੀ ਖੋਜ ਸੰਸਥਾ ਨੇ ਪਿਛਲੇ ਦਿਨੀਂ ਦੁਨੀਆ 'ਚ ਹਥਿਆਰਾਂ ਦੀ ਦੌੜ ਸੰਬੰਧੀ ਅੰਕੜੇ ਜਾਰੀ ਕੀਤੇ ਹਨ, ਜੋ ਇਸ ਧਰਤੀ 'ਤੇ ਮਨੁੱਖੀ ਤਬਾਹੀ ਦਾ ਦਮ ਭਰਦੇ ਹਨ।
ਹਥਿਆਰਾਂ ਦੇ ਉਤਪਾਦਨ ਦੀ ਇਸ ਦੌੜ ਵਿਚ ਅਮਰੀਕਾ ਸਭ ਤੋਂ ਅੱਗੇ ਹੈ, ਜਿਸ ਨੇ ਪਿਛਲੇ ਸਾਲ ਇਸ ਮੱਦ 'ਤੇ 954 ਬਿਲੀਅਨ ਡਾਲਰ (92,34,720 ਕਰੋੜ ਰੁਪਏ) ਖ਼ਰਚ ਕੀਤੇ ਹਨ। ਚੀਨ ਨੇ ਵੀ ਲਗਭਗ ਸਾਢੇ ਸੱਤ ਦਹਾਕਿਆਂ 'ਚ ਬਹੁਤ ਤਰੱਕੀ ਕੀਤੀ ਹੈ, ਪਰ ਹਥਿਆਰਾਂ ਦੇ ਨਿਰਮਾਣ ਦੇ ਖੇਤਰ 'ਚ ਵੀ ਉਹ ਦੁਨੀਆ ਭਰ 'ਚ ਦੂਜੇ ਨੰਬਰ 'ਤੇ ਰਿਹਾ ਹੈ। ਪਿਛਲੇ ਸਾਲ ਇਸ ਨੇ ਰੱਖਿਆ 'ਤੇ 336 ਬਿਲੀਅਨ ਡਾਲਰ (32,52,480 ਕਰੋੜ ਰੁਪਏ) ਖ਼ਰਚ ਕੀਤੇ ਹਨ। ਰੂਸ ਜੋ ਸਾਲ 2022 ਤੋਂ ਯੂਕਰੇਨ ਨਾਲ ਤਬਾਹਕੁੰਨ ਜੰਗ 'ਚ ਉਲਝਿਆ ਰਿਹਾ ਹੈ, ਨੇ ਪਿਛਲੇ ਸਾਲ 190 ਬਿਲੀਅਨ ਡਾਲਰ (18,39,200 ਕਰੋੜ ਰੁਪਏ) ਹਥਿਆਰਾਂ 'ਤੇ ਖਰਚੇ ਹਨ। ਚੌਥੇ ਨੰਬਰ 'ਤੇ ਜਰਮਨੀ ਆਉਂਦਾ ਹੈ ਜੋ ਦੂਸਰੀ ਸੰਸਾਰ ਜੰਗ ਵਿਚ ਇਕ ਧਿਰ ਦਾ ਮੋਢੀ ਸੀ। ਜਿਥੇ ਹਿਟਲਰ ਵਰਗੇ ਤਾਨਾਸ਼ਾਹ ਨੇ ਦੁਨੀਆ ਭਰ ਨੂੰ ਵੰਗਾਰ ਕੇ ਵੱਡੀ ਤਬਾਹੀ ਮਚਾਈ ਸੀ, ਉਸ ਵਲੋਂ ਵੀ 114 ਬਿਲੀਅਨ ਡਾਲਰ (11,03,520 ਕਰੋੜ ਰੁਪਏ) ਹਥਿਆਰਾਂ 'ਤੇ ਖ਼ਰਚੇ ਗਏ ਹਨ। ਭਾਰਤ ਪੰਜਵੇਂ ਨੰਬਰ 'ਤੇ ਹੈ ਜਿਸ ਨੇ ਇਸ ਦੌੜ 'ਚ ਪਿਛਲੇ ਸਾਲ 92 ਬਿਲੀਅਨ ਡਾਲਰ (8,90,560 ਕਰੋੜ ਰੁਪਏ) ਦੇ ਲਗਭਗ ਹਥਿਆਰਾਂ 'ਤੇ ਖ਼ਰਚ ਕੀਤੇ ਹਨ। ਇਸ ਤੋਂ ਬਾਅਦ ਦੁਨੀਆ ਭਰ ਦੇ ਹੋਰ ਮੁਲਕਾਂ ਦੀ ਵੀ ਹਥਿਆਰ ਪ੍ਰਾਪਤੀ ਦੀ ਹੋੜ ਦੀ ਲੰਮੀ ਲਾਈਨ ਲੱਗੀ ਨਜ਼ਰ ਆਉਂਦੀ ਹੈ।
ਇਸ ਦੇ ਨਾਲ-ਨਾਲ ਹੀ ਸਮੇਂ-ਸਮੇਂ ਕੁਝ ਅਜਿਹੀਆਂ ਕੌਮਾਂਤਰੀ ਸੰਸਥਾਵਾਂ ਵੀ ਹੋਂਦ 'ਚ ਆਈਆਂ, ਜਿਨ੍ਹਾਂ ਨੇ ਕੌਮਾਂਤਰੀ ਪੱਧਰ 'ਚੇ ਦੁਨੀਆ ਦੇ ਦੇਸ਼ਾਂ ਨੂੰ ਇਕ ਸਟੇਜ ਪ੍ਰਦਾਨ ਕੀਤੀ ਤੇ ਉਨ੍ਹਾਂ ਨੂੰ ਆਪਸ ਵਿਚ ਜੋੜਨ ਲਈ ਤੇ ਜੰਗਾਂ ਯੁੱਧਾਂ ਨੂੰ ਖ਼ਤਮ ਕਰਨ ਲਈ ਯਤਨ ਕੀਤੇ, ਪਰ ਅੱਜ ਉਹ ਸਾਰੀਆਂ ਸੰਸਥਾਵਾਂ ਮਨੁੱਖੀ ਹਵਸ ਤੇ ਹਿੰਸਕ ਰੁਚੀਆਂ ਦੇ ਸਾਹਮਣੇ ਬੇਵੱਸ ਹੋਈਆਂ ਨਜ਼ਰ ਆਉਂਦੀਆਂ ਹਨ। ਬਿਨਾਂ ਸ਼ੱਕ ਅੱਜ ਉਸਾਰੀ ਤੋਂ ਕਿਤੇ ਵਧ ਤਬਾਹੀ ਦੇ ਵਸੀਲੇ ਬਣਦੇ ਨਜ਼ਰ ਆਉਂਦੇ ਹਨ, ਜੋ ਇਸ ਧਰਤੀ 'ਤੇ ਥੋੜ੍ਹੇ ਸਮੇਂ 'ਚ ਹੀ ਮਨੁੱਖਤਾ ਦਾ ਘਾਣ ਕਰਨ ਦੇ ਸਮਰੱਥ ਹਨ। ਅਜਿਹੇ ਪੜਾਅ 'ਤੇ ਪਹੁੰਚ ਕੇ ਕੌਮਾਂਤਰੀ ਮੰਚ 'ਤੇ ਕਿਸੇ ਅਜਿਹੀ ਭਾਵਪੂਰਤ ਤੇ ਪ੍ਰਭਾਵਸ਼ਾਲੀ ਸੰਸਥਾ ਦੀ ਲੋੜ ਮਹਿਸੂਸ ਹੁੰਦੀ ਹੈ, ਜੋ ਤਪਦੀ ਇਸ ਧਰਤੀ ਨੂੰ ਕੁਝ ਠੰਢਕ ਪਹੁੰਚਾਉਣ ਦੇ ਸਮਰੱਥ ਹੋ ਸਕੇ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਸੰਸਾਰ ਭਰ ਵਿਚ ਵਧ ਰਹੀਆਂ ਹਨ ਪ੍ਰੈੱਸ ਦੀ ਆਜ਼ਾਦੀ ਲਈ ਚੁਣੌਤੀਆਂ ਅਗਲੀ ਖ਼ਬਰ ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
Ad Position 24