ਪਿਛਲੇ ਕੁਝ ਮਹੀਨਿਆਂ ਤੋਂ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਪੰਜਾਬ ਭਰ ਵਿਚ ਵੱਡੀ ਸਰਗਰਮੀ ਵੇਖੀ ਜਾਂਦੀ ਰਹੀ ਹੈ। ਪੰਜਾਬ ਭਰ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੀ ਇਨ੍ਹਾਂ ਚੋਣਾਂ ਲਈ ਸਥਾਨਕ ਪੱਧਰ 'ਤੇ ਸਰਗਰਮ ਰਹੀਆਂ ਸਨ। ਇਨ੍ਹਾਂ ਦੀ ਸਿਆਸੀ ਪੱਧਰ 'ਤੇ ਵਧੇਰੇ ਸਰਗਰਮੀ ਇਸ ਲਈ ਦੇਖੀ ਜਾਂਦੀ ਰਹੀ ਹੈ, ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੋ ਰਹੀਆਂ ਹਨ, ਜਿਸ ਕਰਕੇ ਸਾਰੀਆਂ ਪਾਰਟੀਆਂ ਇਨ੍ਹਾਂ ਚੋਣਾਂ ਨੂੰ ਆਪਣੇ ਲਈ ਇਮਤਿਹਾਨ ਵਜੋਂ ਦੇਖਦੀਆਂ ਰਹੀਆਂ ਹਨ। ਇਸ ਤਰੀਕੇ ਨਾਲ ਉਨ੍ਹਾਂ ਨੂੰ ਲੋਕਾਂ ਨਾਲ ਸੰਪਰਕ ਸਾਧਣ ਦਾ ਵੀ ਮੌਕਾ ਮਿਲਿਆ ਹੈ। ਚਾਹੇ ਸਥਾਨਕ ਚੋਣਾਂ ਸੰਬੰਧੀ ਲੋਕਾਂ ਵਿਚ ਅਕਸਰ ਇਹ ਧਾਰਨਾ ਬਣੀ ਰਹਿੰਦੀ ਹੈ, ਕਿ ਇਨ੍ਹਾਂ ਵਿਚ ਪ੍ਰਸ਼ਾਸਨ ਚਲਾ ਰਹੀ ਪਾਰਟੀ ਦਾ ਕਿਸੇ ਨਾ ਕਿਸੇ ਰੂਪ ਵਿਚ ਦਬਦਬਾ ਬਣਿਆ ਰਹਿੰਦਾ ਹੈ। ਵੋਟ ਪਾਉਣ ਸਮੇਂ ਵੀ ਲੋਕਾਂ ਨੂੰ ਇਹ ਆਸ ਹੁੰਦੀ ਹੈ ਕਿ ਆਪਣੇ ਇਲਾਕਿਆਂ ਦੇ ਵਿਕਾਸ ਅਤੇ ਉਲਝੇ ਮਸਲਿਆਂ ਨੂੰ ਸੁਲਝਾਉਣ ਲਈ ਸੱਤਾਧਾਰੀ ਪਾਰਟੀ ਅਤੇ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਵਧੇਰੇ ਸਹਿਯੋਗ ਤੇ ਸਾਧਨ ਮਿਲ ਸਕਦੇ ਹਨ।
ਜੇ ਇਨ੍ਹਾਂ ਚੋਣਾਂ ਦੀ ਗੱਲ ਕਰੀਏ, ਭਾਵੇਂ ਨਾਮਜ਼ਦਗੀਆਂ ਸੰਬੰਧੀ ਅਮਲ ਦੀ ਵਿਰੋਧੀ ਪਾਰਟੀਆਂ ਆਲੋਚਨਾ ਕਰਦੀਆਂ ਰਹੀਆਂ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹੋਏ ਹਨ। ਚੋਣ ਕਮਿਸ਼ਨ ਨੇ ਵੀ ਇਨ੍ਹਾਂ ਚੋਣਾਂ ਦੇ ਐਲਾਨ ਤੋਂ ਬਾਅਦ ਲਗਾਤਾਰ ਪੂਰੀ ਸਰਗਰਮੀ ਨਾਲ ਤਿਆਰੀਆਂ ਆਰੰਭੀਆਂ ਅਤੇ ਵਾਰ-ਵਾਰ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਕਿ ਚੋਣਾਂ ਪੂਰੀ ਤਰ੍ਹਾਂ ਦਬਾਅ ਰਹਿਤ ਅਤੇ ਪਾਰਦਰਸ਼ੀ ਢੰਗ ਨਾਲ ਹੋ ਸਕਣ। 'ਆਪ' ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਜੋਤ ਸਿੰਘ ਬੈਂਸ ਨੇ ਵੀ ਵਾਰ-ਵਾਰ ਇਹ ਬਿਆਨ ਦਿੱਤੇ ਕਿ ਇਹ ਚੋਣਾਂ ਹਰ ਸੂਰਤ ਵਿਚ ਨਿਰਪੱਖ ਕਰਵਾਈਆਂ ਜਾਣਗੀਆਂ। ਅਮਨ ਅਰੋੜਾ ਨੇ ਤਾਂ ਇਹ ਵੀ ਕਿਹਾ ਸੀ ਕਿ ਸਰਕਾਰ ਦੀ ਸੋਚ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਇਹ ਅੰਦਾਜ਼ਾ ਲਗਾਇਆ ਜਾਏ ਕਿ ਆਮ ਲੋਕ ਉਨ੍ਹਾਂ ਦੀ ਪਾਰਟੀ ਨੂੰ ਕਿੰਨਾ ਕੁ ਹੁੰਗਾਰਾ ਭਰਦੇ ਹਨ? ਇਸ ਪੈਮਾਨੇ ਨੂੰ ਸਾਹਮਣੇ ਰੱਖ ਕੇ ਹੀ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਆਪਣੀ ਯੋਜਨਾਬੰਦੀ ਕਰ ਸਕਣਗੇ। ਇਹ ਗੱਲ ਜ਼ਰੂਰ ਉਤਸ਼ਾਹ ਪੈਦਾ ਕਰਨ ਵਾਲੀ ਹੈ ਕਿ ਹੇਠਲੇ ਪੱਧਰ 'ਤੇ ਇਨ੍ਹਾਂ ਚੋਣਾਂ ਲਈ ਆਮ ਲੋਕਾਂ ਵਿਚ ਵੱਡੀ ਦਿਲਚਸਪੀ ਦੇਖਣ ਨੂੰ ਮਿਲੀ ਹੈ। ਇਨ੍ਹਾਂ ਨਾਲ ਸੰਬੰਧਿਤ ਵਾਰਡਾਂ ਲਈ ਹਜ਼ਾਰਾਂ ਉਮੀਦਵਾਰਾਂ ਦਾ ਮੈਦਾਨ ਵਿਚ ਉਤਰਨਾ ਵੀ ਅਜਿਹਾ ਹੀ ਪ੍ਰਭਾਵ ਦਿੰਦਾ ਹੈ। ਚਾਹੇ ਆਪ, ਕਾਂਗਰਸ, ਭਾਜਪਾ, ਅਕਾਲੀ ਦਲ (ਬ) ਅਤੇ ਬਹੁਜਨ ਸਮਾਜ ਪਾਰਟੀ ਨੇ ਵੱਡੀ ਗਿਣਤੀ ਵਿਚ ਆਪੋ-ਆਪਣੇ ਸੈਂਕੜੇ ਉਮੀਦਵਾਰ ਚੋਣਾਂ ਵਿਚ ਉਤਾਰੇ ਹਨ, ਪਰ ਇਸ ਦੇ ਨਾਲ-ਨਾਲ 1500 ਤੋਂ ਵਧੇਰੇ ਆਜ਼ਾਦ ਉਮੀਦਵਾਰਾਂ ਦਾ ਚੋਣ ਲੜਨਾ ਵੀ ਲੋਕਾਂ ਦੇ ਉਤਸ਼ਾਹ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ। ਜਿਸ ਕਦਰ ਇਨ੍ਹਾਂ ਚੋਣਾਂ ਲਈ ਪ੍ਰਬੰਧ ਕੀਤੇ ਗਏ ਸਨ, ਉਹ ਵੀ ਵਿਸ਼ਵਾਸ ਪੈਦਾ ਕਰਨ ਵਾਲੇ ਸਨ। ਇਨ੍ਹਾਂ ਚੋਣਾਂ ਲਈ 35,000 ਕਰਮਚਾਰੀ ਅਤੇ 32,000 ਪੁਲਿਸ ਕਰਮੀ ਤਾਇਨਾਤ ਕੀਤੇ ਜਾਣੇ ਵੀ ਇਨ੍ਹਾਂ ਦੇ ਮਹੱਤਵ ਨੂੰ ਦਰਸਾਉਂਦੇ ਹਨ।
ਇਸ ਦੇ ਬਾਵਜੂਦ ਕਈ ਥਾਵਾਂ 'ਤੇ ਆਪਸੀ ਝੜਪਾਂ ਹੋਣਾ ਅਤੇ ਰਾਏਕੋਟ ਵਿਚ ਕਾਂਗਰਸੀ ਉਮੀਦਵਾਰ ਦਾ ਗੰਭੀਰ ਰੂਪ ਵਿਚ ਜ਼ਖ਼ਮੀ ਹੋਣਾ ਇਹ ਜ਼ਰੂਰ ਦਰਸਾਉਂਦਾ ਹੈ ਕਿ ਕਿਸ ਕਦਰ ਕੁਝ ਲੋਕਾਂ ਲਈ ਇਹ ਚੋਣਾਂ ਜਨੂੰਨ ਬਣੀਆਂ ਹੋਈਆਂ ਸਨ। ਸਖ਼ਤ ਗਰਮੀ ਦੇ ਬਾਵਜੂਦ ਵੀ ਬਹੁਤ ਸਾਰੀਆਂ ਥਾਵਾਂ 'ਤੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਜ਼ਰੂਰ ਦਿਖਾਈ ਦਿੰਦੀਆਂ ਰਹੀਆਂ। ਇਕ ਅੰਦਾਜ਼ੇ ਮੁਤਾਬਿਕ ਪੰਜ ਵਜੇ ਤੱਕ 61 ਫ਼ੀਸਦੀ ਤੋਂ ਵਧ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ। ਸਥਾਨਕ ਪੱਧਰ 'ਤੇ ਚੋਣਾਂ ਲਈ ਪੈਦਾ ਹੋਇਆ ਅਜਿਹਾ ਉਤਸ਼ਾਹ ਇਹ ਦਰਸਾਉਂਦਾ ਹੈ ਕਿ ਲੋਕ ਆਪਣੀਆਂ ਮੁਢਲੀਆਂ ਸਹੂਲਤਾਂ ਅਤੇ ਜ਼ਰੂਰਤਾਂ ਪ੍ਰਤੀ ਕਿੰਨੇ ਸੁਚੇਤ ਹਨ ਤੇ ਉਨ੍ਹਾਂ ਦੀ ਪੂਰਤੀ ਚਾਹੁੰਦੇ ਹਨ। ਅਜਿਹਾ ਵਰਤਾਰਾ ਲੋਕਾਂ ਦੇ ਚੇਤੰਨ ਹੋਣ ਦੀ ਨਿਸ਼ਾਨੀ ਵੀ ਹੈ ਅਤੇ ਇਹ ਵੀ ਕਿ ਉਹ ਆਪਣੇ ਇਲਾਕਿਆਂ ਨੂੰ ਹਰ ਪੱਖੋਂ ਪੂਰੀ ਤਰ੍ਹਾਂ ਵਿਕਸਿਤ ਹੋਇਆ ਵੇਖਣਾ ਚਾਹੁੰਦੇ ਹਨ। ਇਨ੍ਹਾਂ 'ਚੋਂ ਨਿਕਲੇ ਨਤੀਜਿਆਂ ਦੇ ਆਧਾਰ 'ਤੇ ਸਾਰੀਆਂ ਹੀ ਪਾਰਟੀਆਂ 2027 ਦੀਆਂ ਚੋਣਾਂ ਲਈ ਆਪੋ-ਆਪਣੀ ਵਿਉਂਤਬੰਦੀ ਕਰਨਗੀਆਂ। ਭਵਿੱਖ ਵਿਚ ਵਿਕਾਸ ਅਤੇ ਸੂਬੇ ਦੇ ਮੁਢਲੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਇਹ ਨਤੀਜੇ ਸਰਕਾਰ ਨੂੰ ਦਿਸ਼ਾ ਦੇਣ ਵਾਲੇ ਸਾਬਿਤ ਹੋ ਸਕਦੇ ਹਨ।
-ਬਰਜਿੰਦਰ ਸਿੰਘ ਹਮਦਰਦ