ਸਾਲ 2027 ਦੇ ਸ਼ੁਰੂ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਾਰੀਆਂ ਹੀ ਸੰਬੰਧਿਤ ਸਿਆਸੀ ਪਾਰਟੀਆਂ ਨੇ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਵਿਚੋਂ ਇਸ ਸਮੇਂ ਭਾਜਪਾ ਦੀ ਸਰਗਰਮੀ ਵਧੇਰੇ ਦਿਖਾਈ ਦਿੰਦੀ ਹੈ। ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਪਾਰਟੀ ਦਾ ਹੌਸਲਾ ਵਧਿਆ ਹੈ। ਹਰਿਆਣਾ ਵਿਚ ਵੀ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਪਾਰਟੀ ਵਧੇਰੇ ਦ੍ਰਿੜ੍ਹਤਾ ਤੇ ਵਿਸ਼ਵਾਸ ਵਿਚ ਦਿਖਾਈ ਦੇ ਰਹੀ ਹੈ। ਪਾਰਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੰਜਾਬ ਵਿਚ ਆਉਂਦੀਆਂ ਚੋਣਾਂ ਲਈ ਇਕ ਤਰ੍ਹਾਂ ਨਾਲ ਕਮਾਨ ਸੰਭਾਲੀ ਹੋਈ ਹੈ। ਸੈਣੀ ਪੰਜਾਬ ਵਿਚ ਬਾਖ਼ੂਬੀ ਵਿਚਰ ਕੇ ਪਾਰਟੀ ਦਾ ਪ੍ਰਭਾਵ ਵਧਾਉਣ ਲਈ ਆਪਣਾ ਚੰਗਾ ਯੋਗਦਾਨ ਪਾਉਂਦੇ ਨਜ਼ਰ ਆ ਰਹੇ ਹਨ।
ਲਗਭਗ 46 ਸਾਲ ਪਹਿਲਾਂ 1980 ਵਿਚ ਪੰਜਾਬ ਭਾਜਪਾ ਦੇ ਪਹਿਲੇ ਪ੍ਰਧਾਨ ਡਾ. ਬਲਦੇਵ ਪ੍ਰਕਾਸ਼ ਬਣੇ ਜੋ ਕਿ ਇਕ ਪ੍ਰਭਾਵਸ਼ਾਲੀ ਲੀਡਰ ਸਨ। ਉਹ ਲੰਮੇ ਸਮੇਂ ਤੱਕ ਇਸ ਅਹੁਦੇ 'ਤੇ ਰਹੇ। ਉਨ੍ਹਾਂ ਤੋਂ ਬਾਅਦ ਲੰਮੇ ਸਮੇਂ ਤੱਕ ਇਸ ਪਾਰਟੀ ਦਾ ਪ੍ਰਭਾਵ ਸ਼ਹਿਰੀ ਮੱਧ ਵਰਗ ਵਿਚ ਹੀ ਮੰਨਿਆ ਜਾਂਦਾ ਰਿਹਾ। ਸੂਬੇ ਵਿਚ ਤਿੰਨ ਦਹਾਕਿਆਂ ਤੱਕ ਇਸ ਨੇ ਅਕਾਲੀ ਦਲ (ਬ) ਨਾਲ ਆਪਣੀ ਰਾਜਨੀਤਕ ਸਾਂਝ ਪਾਈ ਰੱਖੀ। ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਬਣੀਆਂ ਸਰਕਾਰਾਂ ਵਿਚ ਵੀ ਇਸ ਦੀ ਹਿੱਸੇਦਾਰੀ ਰਹੀ ਪਰ ਇਸ ਗੱਠਜੋੜ ਕਾਰਨ ਵੀ ਇਸ ਦਾ ਵੋਟਰਾਂ ਵਿਚ ਪ੍ਰਭਾਵ ਸੀਮਤ ਹੱਦ ਤੱਕ ਹੀ ਰਿਹਾ। ਸਾਲ 2020 ਵਿਚ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਹੋਣ ਤੋਂ ਬਾਅਦ ਇਸ ਨੇ ਆਪਣੀ ਨਵੀਂ ਯੋਜਨਾਬੰਦੀ ਅਤੇ ਲਾਮਬੰਦੀ ਕਰਨੀ ਸ਼ੁਰੂ ਕੀਤੀ। ਬਿਨਾਂ ਸ਼ੱਕ ਪਿਛਲੇ ਸਮੇਂ ਵਿਚ ਇਸ ਨੇ ਆਪਣਾ ਘੇਰਾ ਵਧਾਉਣ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਦਾ ਵੋਟ ਸ਼ੇਅਰ 8 ਫ਼ੀਸਦੀ ਤੋਂ ਵਧ ਕੇ 19 ਫ਼ੀਸਦੀ ਤੱਕ ਪਹੁੰਚ ਚੁੱਕਾ ਹੈ। ਹੁਣ ਇਸ ਦੇ ਆਗੂ ਸਾਲ 2027 ਵਿਚ ਵਿਧਾਨ ਸਭਾ ਦੀਆਂ ਚੋਣਾਂ ਇਕੱਲਿਆਂ ਹੀ ਲੜਨ ਦੇ ਦਾਅਵੇ ਕਰ ਰਹੇ ਹਨ। ਪਿਛਲੇ ਸਮੇਂ ਵਿਚ ਭਾਜਪਾ ਦੀ ਹਾਈ ਕਮਾਨ ਨੇ ਬੜੇ ਹੈਰਾਨੀਜਨਕ ਫ਼ੈਸਲੇ ਲਏ ਹਨ। ਕਦੀ ਕਾਂਗਰਸ ਦੇ ਕੱਦਾਵਰ ਆਗੂ ਰਹੇ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਦੇ ਐਲਾਨ ਨੇ ਇਕ ਵਾਰ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸੁਨੀਲ ਜਾਖੜ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨੂੰ ਪਾਰਟੀ ਨੇ ਪ੍ਰਵਾਨ ਨਹੀਂ ਸੀ ਕੀਤਾ। ਬਾਅਦ ਵਿਚ ਉਨ੍ਹਾਂ ਦੇ ਨਾਲ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਸੀ।
ਪਿਛਲੇ ਕੁਝ ਸਾਲਾਂ ਵਿਚ ਪਾਰਟੀ ਵਲੋਂ ਵਿਸ਼ੇਸ਼ ਕਰਕੇ ਕਾਂਗਰਸ ਅਤੇ ਅਕਾਲੀ ਦਲ (ਬ) ਵਿਚਲੇ ਵੱਡੇ ਸਿੱਖ ਚਿਹਰਿਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਕੇ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪ ਕੇ ਸੂਬੇ ਵਿਚ ਇਕ ਨਵਾਂ ਸੰਦੇਸ਼ ਦਿੱਤਾ ਗਿਆ ਅਤੇ ਇਸ ਪ੍ਰਭਾਵ ਨੂੰ ਲਗਾਤਾਰ ਤੋੜਨ ਦਾ ਵੀ ਯਤਨ ਕੀਤਾ ਗਿਆ ਕਿ ਇਹ ਸਿਰਫ਼ ਇਕ ਵਰਗ ਨਾਲ ਸੰਬੰਧਿਤ ਸ਼ਹਿਰੀ ਲੋਕਾਂ ਦੀ ਪਾਰਟੀ ਹੈ। ਹੁਣ ਪਿਛਲੇ ਕੁਝ ਮਹੀਨਿਆਂ ਤੋਂ ਪਾਰਟੀ ਦਾ ਨਵਾਂ ਪ੍ਰਧਾਨ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਾਰਟੀ ਦੇ ਕੁਝ ਪੁਰਾਣੇ ਆਗੂਆਂ ਦੇ ਨਾਲ-ਨਾਲ ਕੁਝ ਨਵੇਂ ਸਿੱਖ ਚਿਹਰਿਆਂ ਬਾਰੇ ਵੀ ਅੰਦਾਜ਼ੇ ਲਗਾਏ ਜਾ ਰਹੇ ਸਨ। ਹੁਣ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦੇ ਐਲਾਨ ਨੇ ਇਕ ਵਾਰ ਫਿਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸ. ਢਿੱਲੋਂ ਪਿਛਲੇ 4 ਕੁ ਸਾਲ ਤੋਂ ਭਾਜਪਾ ਵਿਚ ਸ਼ਾਮਿਲ ਹੋਏ ਸਨ। ਇਸ ਤੋਂ ਪਹਿਲਾਂ ਉਹ ਸਾਢੇ ਤਿੰਨ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੱਕ ਕਾਂਗਰਸ ਵਿਚ ਵਿਚਰਦੇ ਰਹੇ। ਮਾਲਵੇ 'ਚੋਂ ਉਹ ਵਿਧਾਨ ਸਭਾ ਦੇ ਮੈਂਬਰ ਵੀ ਰਹੇ। ਇਸ ਸਾਰੇ ਸਮੇਂ ਵਿਚ ਕਾਂਗਰਸ ਵਿਚ ਉਨ੍ਹਾਂ ਦਾ ਵੱਡਾ ਪ੍ਰਭਾਵ ਵੀ ਮੰਨਿਆ ਜਾਂਦਾ ਸੀ। ਲੰਮੇ ਸਮੇਂ ਤੱਕ ਉਹ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀ ਵੀ ਰਹੇ। ਸ. ਢਿੱਲੋਂ ਦਾ ਵਧੀਆ ਅਤੇ ਪ੍ਰੋੜ੍ਹ ਸਿਆਸਤਦਾਨ ਹੋਣ ਦਾ ਪ੍ਰਭਾਵ ਬਣਿਆ ਰਿਹਾ ਹੈ। ਲੰਮੇ ਸਮੇਂ ਤੱਕ ਇਸ ਖੇਤਰ ਵਿਚ ਵਿਚਰਦਿਆਂ ਉਹ ਸੌੜੀਆਂ ਵਲਗਣਾਂ ਵਿਚ ਘਿਰੇ ਨਹੀਂ ਰਹੇ, ਸਗੋਂ ਪੰਜਾਬ ਦੇ ਹਿਤਾਂ ਲਈ ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਨੂੰ ਮੋਕਲਾ ਕਰੀ ਰੱਖਿਆ।
ਇਹ ਵੱਡੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਕਿਸਾਨੀ ਖੇਤਰ ਵੱਲ ਵਧੇਰੇ ਧਿਆਨ ਦਿੰਦਿਆਂ 23 ਫ਼ਸਲਾਂ 'ਤੇ ਘੱਟੋ-ਘੱਟ ਖ਼ਰੀਦ ਮੁੱਲ ਦੇਣ ਦੀ ਵਕਾਲਤ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਵੱਡੀ ਪਹਿਲ ਕਿਸਾਨੀ ਵੱਲ ਹੋਵੇਗੀ। ਇਹ ਵੀ ਕਿ ਭਾਜਪਾ ਸੂਬੇ ਨੂੰ ਵਿਕਾਸ ਦੇ ਰਾਹ 'ਤੇ ਤੋਰਨ ਲਈ ਯਤਨਸ਼ੀਲ ਰਹੇਗੀ ਅਤੇ ਅਮਨ-ਕਾਨੂੰਨ ਦੀ ਸਮੱਸਿਆ ਨਾਲ ਦ੍ਰਿੜ੍ਹਤਾ ਨਾਲ ਨਜਿੱਠੇਗੀ। ਇਹ ਵੀ ਕਿ ਸੂਬੇ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਬਿਨਾਂ ਸ਼ੱਕ ਸ. ਢਿੱਲੋਂ ਦੀ ਨਿਯੁਕਤੀ ਪਾਰਟੀ ਲਈ ਨਵੇਂ ਰਾਹ ਖੋਲ੍ਹਣ ਵਿਚ ਸਹਾਈ ਹੋਵੇਗੀ ਅਤੇ ਪਾਰਟੀ ਦੇ ਆਉਂਦੇ ਸਮੇਂ ਵਿਚ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਵਧੇਰੇ ਵਿਸ਼ਵਾਸ ਨਾਲ ਚੋਣ ਮੈਦਾਨ ਵਿਚ ਉਤਰਨ ਦੀ ਸੰਭਾਵਨਾ ਹੈ।
-ਬਰਜਿੰਦਰ ਸਿੰਘ ਹਮਦਰਦ