ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸਿਆਸੀ ਸਰਗਰਮੀ

Ad Position 21
No active advertisement
ਅਜੀਤ ਡੈਸਕ 21-06-2026

ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਤਿਉਂ-ਤਿਉਂ ਰਾਜ ਵਿਚ ਸਿਆਸੀ ਸਰਗਰਮੀਆਂ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਮੇਂ ਵੱਖ-ਵੱਖ ਪੱਧਰ 'ਤੇ ਰਾਜਨੀਤਕ ਪਾਰਟੀਆਂ ਚੋਣਾਂ ਦੀ ਤਿਆਰੀ ਲਈ ਕਾਰਜਸ਼ੀਲ ਹਨ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਪੰਜਾਬ ਦੇ ਤਿੰਨ ਦਿਨਾਂ ਦੌਰੇ 'ਤੇ ਆਏ ਹੋਏ ਹਨ। ਉਨ੍ਹਾਂ ਵਲੋਂ ਪਹਿਲੇ ਦਿਨ ਅੰਮ੍ਰਿਤਸਰ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਚ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਜਲੰਧਰ ਅਤੇ ਲੁਧਿਆਣੇ ਵਿਚ ਵੀ ਉਨ੍ਹਾਂ ਨੇ ਕਈ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨੀ ਹੈ। ਅੰਮ੍ਰਿਤਸਰ ਵਿਚ ਉਨ੍ਹਾਂ ਦੀ ਆਮਦ 'ਤੇ ਜਿਸ ਤਰ੍ਹਾਂ ਭਾਜਪਾ ਨਾਲ ਸੰਬੰਧਿਤ ਆਗੂਆਂ ਤੇ ਵਰਕਰਾਂ ਵਲੋਂ ਜ਼ੋਰ-ਸ਼ੋਰ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਗਿਆ ਹੈ, ਉਸ ਤੋਂ ਇਹ ਸੰਕੇਤ ਮਿਲਦੇ ਹਨ, ਕਿ ਭਾਜਪਾ ਆਪਣੇ ਕੌਮੀ ਪ੍ਰਧਾਨ ਦੀ ਪੰਜਾਬ ਦੀ ਇਸ ਪਹਿਲੀ ਫੇਰੀ ਨੂੰ ਪਾਰਟੀ ਦੇ ਪ੍ਰਚਾਰ ਲਈ ਵੱਧ ਤੋਂ ਵੱਧ ਵਰਤਣ ਦਾ ਯਤਨ ਕਰ ਰਹੀ ਹੈ। ਬਿਨਾਂ ਸ਼ੱਕ ਨਿਤਿਨ ਨਬੀਨ ਦੇ ਇਸ ਦੌਰੇ ਨਾਲ ਭਾਜਪਾ ਦੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਵਿਚ ਚੋਣਾਂ ਲਈ ਹੋਰ ਵਧੇਰੇ ਉਤਸ਼ਾਹ ਪੈਦਾ ਹੋਵੇਗਾ।
ਦੂਜੇ ਪਾਸੇ ਪੰਜਾਬ ਕਾਂਗਰਸ ਜਿਸ ਦੀ ਪਿਛਲੇ ਸਮੇਂ ਵਿਚ ਚੋਣਾਂ ਦੇ ਪੱਖ ਤੋਂ ਰਾਜ ਵਿਚ ਬਹੁਤ ਘੱਟ ਸਰਗਰਮੀ ਦੇਖੀ ਗਈ ਹੈ, ਆਉਣ ਵਾਲੇ ਦਿਨਾਂ ਵਿਚ ਉਸ ਦੇ ਵੀ ਵਧੇਰੇ ਸਰਗਰਮ ਹੋਣ ਦੀਆਂ ਸੰਭਾਵਨਾਵਾਂ ਹਨ। ਪਿਛਲੇ ਦਿਨਾਂ ਵਿਚ ਨਵੀਂ ਦਿੱਲੀ 'ਚ ਕਾਂਗਰਸ ਦੀ ਹਾਈਕਮਾਨ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀ ਨੂੰ ਸਰਗਰਮ ਕਰਨ ਲਈ ਅਤੇ ਪਾਰਟੀ ਅੰਦਰਲੀ ਧੜੇਬੰਦੀ ਨੂੰ ਖ਼ਤਮ ਕਰਨ ਲਈ ਕਈ ਮੀਟਿੰਗਾਂ ਕੀਤੀਆਂ ਹਨ। ਸੀਨੀਅਰ ਲੀਡਰਾਂ ਤੋਂ ਲੈ ਕੇ ਹੇਠਲੀ ਪੱਧਰ ਤੱਕ ਦੇ ਲੀਡਰਾਂ ਨੂੰ ਦਿੱਲੀ ਵਿਚ ਬੁਲਾ ਕੇ ਰਾਜ ਦੀ ਰਾਜਨੀਤਕ ਸਥਿਤੀ ਸੰਬੰਧੀ ਅਤੇ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ ਹੈ। ਪੰਜਾਬ ਦੇ ਕਾਂਗਰਸੀਆਂ ਨਾਲ ਸਲਾਹ ਮਸ਼ਵਿਰਾ ਕਰਨ ਲਈ ਪਾਰਟੀ ਦੀ ਹਾਈਕਮਾਨ ਵਲੋਂ 3 ਆਬਜ਼ਰਵਰ ਵੀ ਨਿਯੁਕਤ ਕੀਤੇ ਗਏ ਸਨ। ਇਨ੍ਹਾਂ ਆਬਜ਼ਰਵਰਾਂ ਨੇ ਵਿਚਾਰ-ਚਰਚਾ ਮੁਕੰਮਲ ਕਰਕੇ ਹਾਈਕਮਾਨ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਹੈ। ਆਸ ਇਹ ਕੀਤੀ ਜਾ ਰਹੀ ਹੈ ਕਿ ਹੁਣ ਕਿਸੇ ਵੀ ਪਲ ਕਾਂਗਰਸ ਦੀ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਸੰਬੰਧੀ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ। ਵੱਖ-ਵੱਖ ਲੀਡਰਾਂ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਵੱਖ-ਵੱਖ ਜ਼ਿੰਮੇਵਾਰੀਆਂ ਲਾਈਆਂ ਜਾ ਸਕਦੀਆਂ ਹਨ। ਪਾਰਟੀ ਦੇ ਸੰਗਠਨ ਵਿਚ ਵੀ ਕੁੱਝ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਕਵਾਇਦ ਤੋਂ ਬਾਅਦ ਰਾਜ ਵਿਚ ਬਿਨਾਂ ਸ਼ੱਕ ਕਾਂਗਰਸ ਦੀਆਂ ਸਰਗਰਮੀਆਂ ਵਿਚ ਤੇਜ਼ੀ ਆਏਗੀ। ਪੰਜਾਬ ਦੀ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਵੇਂ ਇਸ ਸਮੇਂ ਕਈ ਧੜਿਆਂ ਵਿਚ ਵੰਡੀ ਹੋਈ ਹੈ। ਪਰ ਉਸ ਦੇ ਵੱਖ-ਵੱਖ ਧੜਿਆਂ ਨੇ ਵੀ ਆਪੋ-ਆਪਣੇ ਤੌਰ 'ਤੇ ਚੋਣਾਂ ਲਈ ਤਿਆਰੀ ਆਰੰਭ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ (ਵਾਰਸ ਪੰਜਾਬ ਦੇ) ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਚੋਣਾਂ ਵਿਚ ਇਕ ਦੂਜੇ ਨਾਲ ਤਾਲਮੇਲ ਕਰਨ ਲਈ ਆਪੋ-ਆਪਣੇ ਪੱਧਰ 'ਤੇ ਮੁੜ ਤੋਂ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਦਲਾਂ ਵਿਚਕਾਰ ਏਕਤਾ ਅਤੇ ਤਾਲਮੇਲ ਦੇ ਪਹਿਲਾਂ ਯਤਨ ਅਸਫ਼ਲ ਰਹੇ ਸਨ, ਪਰ ਹੁਣ ਉਨ੍ਹਾਂ ਵਲੋਂ ਚੋਣਾਂ ਲਈ ਤਾਲਮੇਲ ਕਰਨ ਵਾਸਤੇ ਦੁਬਾਰਾ ਤੋਂ ਗੰਭੀਰਤਾ ਨਾਲ ਕੋਸ਼ਿਾਂ ਸ਼ੁਰੂ ਕੀਤੀਆਂ ਗਈਆਂ ਹਨ।
ਰਾਜ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪਹਿਲਾਂ ਹੀ ਕਾਫੀ ਸਰਗਰਮੀ ਨਾਲ ਕੰਮ ਕਰਦੀ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਿੰਵਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਿਛਲੇ ਦਿਨਾਂ ਵਿਚ ਰਾਜ ਦੇ ਵਪਾਰੀਆਂ ਤੇ ਸਨਅਤਕਾਰਾਂ ਨਾਲ ਕੁੱਝ ਮੀਟਿੰਗਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੁਝ ਥਾਵਾਂ 'ਤੇ ਰੋਡ ਸ਼ੋਅ ਵੀ ਕੀਤੇ ਗਏ ਹਨ। ਪਾਰਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਮੁੜ ਤੋਂ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਹਲਕਾ ਵਾਰ ਮੀਟਿੰਗਾਂ ਤੇ ਰੈਲੀਆਂ ਕਰਨ ਲਈ ਵੀ ਤਿਆਰੀਆਂ ਕਰ ਰਹੀ ਹੈ।
ਸਿਆਸੀ ਪਾਰਟੀਆਂ ਦੀਆਂ ਉਪਰੋਕਤ ਸਰਗਰਮੀਆਂ ਨੂੰ ਮੁੱਖ ਰੱਖ ਕੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਲਗਭਗ ਰਾਜ ਦੀਆਂ ਹੁਣ ਸਾਰੀਆਂ ਹੀ ਪ੍ਰਮੁਖ ਪਾਰਟੀਆਂ ਸਰਗਰਮੀ ਪਕੜਦੀਆਂ ਨਜ਼ਰ ਆ ਰਹੀਆਂ ਹਨ। ਇਸੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਲੋਂ ਰਾਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜ ਦੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਸੰਬੰਧੀ ਜੋ ਕੁੱਝ ਆਦੇਸ਼ ਦਿੱਤੇ ਗਏ ਹਨ ਅਤੇ ਇਨ੍ਹਾਂ ਕਾਰਨ ਰਾਜ ਵਿਚ ਜੋ ਧਾਰਮਿਕ ਤੇ ਸਿਆਸੀ ਵਿਵਾਦ ਪੈਦਾ ਹੋਇਆ ਹੈ, ਕਿਸੇ ਨਾ ਕਿਸੇ ਪੱਧਰ 'ਤੇ ਇਹ ਵੀ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪਰ ਪੰਜਾਬ ਦੀ ਬਿਹਤਰੀ ਚਾਹੁੰਣ ਵਾਲੇ ਲੋਕਾਂ ਦੀ ਇਹ ਇੱਛਾ ਹੈ ਕਿ ਰਾਜ ਦੀਆਂ ਸਾਰੀਆਂ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਆਪੋ-ਆਪਣੇ ਕਾਰਜ ਖੇਤਰਾਂ ਤੱਕ ਸੀਮਿਤ ਰਹਿੰਦਿਆਂ ਕੰਮ ਕਰਨ ਅਤੇ ਗ਼ੈਰ ਜ਼ਰੂਰੀ ਟਕਰਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਰਾਜ ਦੇ ਲੋਕਾਂ ਦੇ ਭੱਖਦੇ ਮੁੱਦਿਆਂ 'ਤੇ ਹੀ ਲੜੀਆਂ ਜਾਣੀਆਂ ਚਾਹੀਦੀਆਂ ਹਨ। ਸਾਰੀਆਂ ਰਾਜਨੀਤਕ ਪਾਰਟੀਆਂ ਜੋ ਪੰਜਾਬ ਵਿਚ ਚੋਣਾਂ ਲੜਨੀਆਂ ਚਾਹੁੰਦੀਆਂ ਹਨ, ਉਨ੍ਹਾਂ ਨੂੰ ਪੰਜਾਬ ਦੇ ਵਿਕਾਸ ਸੰਬੰਧੀ ਅਤੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਸੰਬੰਧੀ ਆਪੋ-ਆਪਣੇ ਪ੍ਰੋਗਰਾਮ ਲੈ ਕੇ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ। ਚੋਣਾਂ ਸੰਬੰਧੀ ਇਕ ਸਿਹਤਮੰਦ ਸੰਵਾਦ ਸਿਰਜਿਆ ਜਾਣਾ ਚਾਹੀਦਾ ਹੈ ਅਤੇ ਉਸ ਸੰਵਾਦ ਵਿਚ ਸਾਰੀਆਂ ਪਾਰਟੀਆਂ ਨੂੰ ਸੁਚੱਜੇ ਢੰਗ ਨਾਲ ਸ਼ਿਰਕਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਬਿਹਤਰ ਢੰਗ ਨਾਲ ਲੜਿਆ ਜਾ ਸਕੇਗਾ ਅਤੇ ਰਾਜ ਦੇ ਵਿਕਾਸ ਲਈ ਇਕ ਬਿਹਤਰ ਸਰਕਾਰ ਬਣਨ ਦੀ ਆਸ ਕੀਤੀ ਜਾ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਆਪਣੀਆਂ ਵੋਟਾਂ ਦੀ ਪਹਿਰੇਦਾਰੀ ਕਰਨ ਪੰਜਾਬੀ ਅਗਲੀ ਖ਼ਬਰ ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਹੀ ਸਭ ਤੋਂ ਵੱਡੀ ਸਿਆਣਪ ਹੈ। -ਹੋਰੇਸ ਵਾਲ ਪੋਲ
Ad Position 24
No active advertisement