13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਗੰਭੀਰ ਹੁੰਦਾ ਬਿਜਲੀ ਸੰਕਟ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਸੂਚਨਾਵਾਂ ਅਨੁਸਾਰ ਇਸ ਵਾਰ ਦੇਸ਼ 'ਚ ਮੌਨਸੂਨ ਵਿਚ ਘੱਟ ਬਾਰਿਸ਼ਾਂ ਹੋਣ ਦਾ ਅਨੁਮਾਨ ਹੈ। ਹੁਣ ਤੱਕ ਉੱਤਰ ਭਾਰਤੀ ਰਾਜਾਂ 'ਚ ਗਰਮੀ ਦਾ ਕਹਿਰ ਜਾਰੀ ਹੈ। ਪੰਜਾਬ ਸਰਕਾਰ ਦੇ ਥਰਮਲ ਪਲਾਂਟ ਤੇ ਸੂਬੇ ਦੇ ਨਿੱਜੀ ਥਰਮਲ ਪਲਾਂਟ ਵੀ ਹਫ਼ੇ ਨਜ਼ਰ ਆਉਂਦੇ ਹਨ, ਕਿਉਂਕਿ ਸਾਲ ਪ੍ਰਤੀ ਸਾਲ ਤੇ ਦਿਨ ਪ੍ਰਤੀ ਦਿਨ ਬਿਜਲੀ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਮੰਗ ਦੇ ਅਨੁਪਾਤ ਅਨੁਸਾਰ ਇਸ ਦਾ ਉਤਪਾਦਨ ਕਿਤੇ ਘੱਟ ਹੈ। ਪੰਜਾਬ ਵਿਚ ਜਿਹੜੀਆਂ ਨਿੱਜੀ ਕੰਪਨੀਆਂ ਨੇ ਥਰਮਲ ਪਲਾਂਟ ਲਾਉਣ ਦੀ ਜ਼ੁਰਅਤ ਕੀਤੀ ਸੀ, ਉਨ੍ਹਾਂ ਦੇ ਵੀ ਪਸੀਨੇ ਛੁੱਟ ਚੁੱਕੇ ਹਨ। ਇਸੇ ਕਰਕੇ ਕੁਝ ਸਾਲ ਪਹਿਲਾਂ ਤੋਂ ਨਿੱਜੀ ਮਾਲਕੀ ਵਾਲੇ ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਨੂੰ ਅਨੇਕਾਂ ਕਾਰਨਾਂ ਕਰਕੇ ਖਸਾਰੇ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਆਖ਼ਰ ਮਾਲਕਾਂ ਵਲੋਂ ਉਸਨੂੰ ਪੰਜਾਬ ਸਰਕਾਰ ਕੋਲ ਹੀ ਵੇਚ ਦਿੱਤਾ ਗਿਆ ਸੀ।
ਹੁਣ ਰਾਜਪੁਰੇ ਦਾ ਨਾਭਾ ਥਰਮਲ ਪਾਵਰ ਪਲਾਂਟ ਜਿਸ ਦੀ ਸਮਰੱਥਾ 1400 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈ, ਨੂੰ ਵੀ ਇਕ ਨਿੱਜੀ ਕੰਪਨੀ ਲਾਰਸਨ ਐਂਡ ਟੁਬਰੋ ਲਿਮਟਿਡ ਵਲੋਂ ਇਕ ਹੋਰ ਨਿੱਜੀ ਕੰਪਨੀ ਟੋਰੈਂਟ ਪਾਵਰ ਨੂੰ ਇਸ ਲਈ ਵੇਚ ਦਿੱਤਾ ਗਿਆ, ਕਿਉਂਕਿ ਇਹ ਲਗਾਤਾਰ ਖਸਾਰੇ ਵਿਚ ਚੱਲ ਰਿਹਾ ਸੀ। ਇਸ ਪਾਵਰ ਪਲਾਂਟ ਨੂੰ ਇਸ ਕੰਪਨੀ ਨੇ ਪਿਛਲੇ 6 ਸਾਲਾਂ ਤੋਂ ਵਿਕਣ 'ਤੇ ਲਾਇਆ ਹੋਇਆ ਸੀ। ਅਖ਼ੀਰ ਲੰਮੇ ਇੰਤਜ਼ਾਰ ਤੋਂ ਬਾਅਦ ਉਸ ਨੂੰ ਵੱਡੀ ਕੰਪਨੀ ਟੋਰੈਂਟ ਪਾਵਰ ਨੂੰ 3632.35 ਕਰੋੜ ਰੁਪਏ ਵਿਚ ਵੇਚ ਦਿੱਤਾ ਗਿਆ, ਜਦੋਂ ਕਿ ਪਹਿਲਾਂ ਇਹ ਕੰਪਨੀ ਲਗਾਤਾਰ ਇਸ ਤੋਂ ਕਿਤੇ ਵੱਡੀ ਕੀਮਤ ਦੀ ਮੰਗ ਕਰ ਰਹੀ ਸੀ। ਚਾਹੇ ਇਸ ਸੌਦੇ ਨਾਲ ਸੂਬੇ ਵਿਚ ਬਿਜਲੀ ਦੀ ਕਮੀ ਨਹੀਂ ਆਏਗੀ, ਕਿਉਂਕਿ ਪੰਜਾਬ ਸਰਕਾਰ ਵਲੋਂ ਬਿਜਲੀ ਬੋਰਡ ਦੇ ਇਸ ਪਲਾਂਟ ਨਾਲ 25 ਸਾਲ ਦਾ ਬਿਜਲੀ ਖ਼ਰੀਦ ਸੰਬੰਧੀ ਸਮਝੌਤਾ ਕੀਤਾ ਹੋਇਆ ਹੈ, ਜੋ ਇਸ ਦੀ ਮਾਲਕੀ ਬਦਲਣ ਨਾਲ ਵੀ ਉਸੇ ਤਰ੍ਹਾਂ ਚਲਦਾ ਰਹੇਗਾ। ਚਾਹੇ ਪੰਜਾਬ ਸਰਕਾਰ ਨੇ ਇਸ ਵਾਰ ਝੋਨੇ ਦੀ ਲਵਾਈ ਦੇ ਇਸ ਸਮੇਂ ਵਿਚ ਕਿਸਾਨਾਂ ਨੂੰ ਇਕ ਸੀਮਤ ਸਮੇਂ ਲਈ ਲਗਾਤਾਰ ਬਿਜਲੀ ਸਪਲਾਈ ਦੇਣ ਦਾ ਵਾਅਦਾ ਤਾਂ ਕੀਤਾ ਹੋਇਆ ਹੈ, ਪਰ ਸੂਬੇ ਭਰ ਤੋਂ ਮਿਲ ਰਹੀਆਂ ਖ਼ਬਰਾਂ ਅਨੁਸਾਰ ਅਨੇਕਾਂ ਥਾਵਾਂ ਤੋਂ ਅਤੇ ਹਰ ਖੇਤਰ 'ਚੋਂ ਬਿਜਲੀ ਦੇ ਅਣਐਲਾਨੇ ਕੱਟ ਲੱਗਣ ਕਰਕੇ ਲੋਕ ਬੇਹੱਦ ਪ੍ਰੇਸ਼ਾਨੀ ਵਿਚੀਂ ਗੁਜ਼ਰ ਰਹੇ ਹਨ। ਬਹੁਤ ਸਾਰੀਆਂ ਥਾਵਾਂ ਤੋਂ ਬਿਜਲੀ ਦੀਆਂ ਲਾਈਨਾਂ ਅਤੇ ਜਨਰੇਟਰਾਂ ਵਿਚ ਨੁਕਸ ਪੈਣ ਦੀਆਂ ਖ਼ਬਰਾਂ ਨੇ ਵੀ ਵੱਡੀ ਪ੍ਰੇਸ਼ਾਨੀ ਪੈਦਾ ਕੀਤੀ ਹੈ। ਇਕ ਪਾਸੇ ਸੂਬਾ ਬਿਜਲੀ ਦੀ ਕਮੀ ਨਾਲ ਜੂਝ ਰਿਹਾ ਹੈ, ਦੂਸਰੇ ਪਾਸੇ ਤਿੰਨ ਸਰਕਾਰੀ ਤਾਪ ਬਿਜਲੀ ਘਰਾਂ ਦੇ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਹਫ਼ਤਿਆਂ ਤੋਂ ਹੜਤਾਲ ਕੀਤੀ ਹੋਈ ਹੈ।
ਚਾਹੇ ਸਰਕਾਰ ਨੇ ਝੋਨੇ ਲਈ ਦਿਨ ਸਮੇਂ 8 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰ ਅਣਐਲਾਨੇ ਕੱਟਾਂ ਤੋਂ ਦੁਖੀ ਕਿਸਾਨਾਂ ਵਲੋਂ ਸੂਬੇ ਭਰ ਵਿਚ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਪਾਵਰ ਕਾਮ ਇਸ ਸਮੇਂ ਵੱਡੀ ਪ੍ਰੇਸ਼ਾਨੀ 'ਚੋਂ ਗੁਜ਼ਰਦੀ ਨਜ਼ਰ ਆ ਰਹੀ ਹੈ ਤੇ ਉਹ ਹਰ ਪਾਸੇ ਬਿਜਲੀ ਪ੍ਰਾਪਤੀ ਲਈ ਹੱਥ-ਪੈਰ ਵੀ ਮਾਰ ਰਹੀ ਹੈ। ਉਸ ਨੂੰ ਕੇਂਦਰੀ ਪੂਲ 'ਚੋਂ ਬਿਜਲੀ ਲੈਣੀ ਪੈ ਰਹੀ ਹੈ। ਮਹਿੰਗੇ ਭਾਅ 'ਤੇ ਲਗਾਤਾਰ ਲਈ ਜਾ ਰਹੀ ਇਸ ਬਿਜਲੀ ਨੇ ਸੂਬੇ ਦੀ ਆਰਥਿਕਤਾ ਨੂੰ ਵੀ ਵੱਡਾ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਖ਼ਬਰਾਂ ਅਨੁਸਾਰ ਪਾਵਰਕਾਮ ਨੇ 4155 ਕਰੋੜ ਦੀ ਬਕਾਇਆ ਰਕਮ ਵੱਖ-ਵੱਖ ਖੇਤਰਾਂ ਤੋਂ ਲੈਣੀ ਹੈ, ਜਿਸ ਲਈ ਉਸ ਨੇ ਪੰਜਾਬ ਪਾਵਰਕਾਮ ਰੈਗੂਲੇਟਰੀ ਕਮਿਸ਼ਨ ਕੋਲ ਵੀ ਪਹੁੰਚ ਕੀਤੀ ਹੈ, ਕਿਉਂਕਿ ਉਸ ਨੇ ਸੂਬੇ 'ਚ 19 ਲੱਖ ਤੋਂ ਵੀ ਵਧੇਰੇ ਹਰ ਖੇਤਰ ਦੇ ਯੂਨਿਟਾਂ ਤੇ ਪਰਿਵਾਰਾਂ ਤੋਂ ਬਕਾਇਆ ਰਕਮ ਲੈਣੀ ਹੈ। ਇਸ ਲਈ ਉਸ ਨੇ ਯਕਮੁਸ਼ਤ ਸਮਝੌਤਾ ਕਰਨ ਦੀ ਯੋਜਨਾ ਦੀ ਵੀ ਇਜਾਜ਼ਤ ਲੈ ਲਈ ਹੈ। ਇਸ ਵਿਚ ਘਰੇਲੂ ਖਪਤਕਾਰਾਂ ਤੇ ਉਦਯੋਗਿਕ ਇਕਾਈਆਂ ਤੋਂ ਉਸ ਨੂੰ ਲਾਭ ਮਿਲਣ ਦੀ ਆਸ ਹੈ। ਪਰ ਵੱਡੀ ਚਿੰਤਾ ਵਾਲੀ ਗੱਲ ਇਹ ਬਣੀ ਹੋਈ ਹੈ ਕਿ ਜਿਸ ਤਰ੍ਹਾਂ ਸੂਬੇ 'ਚ ਵਧੀ ਲੋੜ ਨਾਲੋਂ ਬਿਜਲੀ ਦਾ ਉਤਪਾਦਨ ਬੇਹੱਦ ਘੱਟ ਹੋ ਰਿਹਾ ਹੈ ਤੇ ਸਾਰੇ ਹੀ ਵਰਗਾਂ ਵਲੋਂ ਵੱਧ ਤੋਂ ਵੱਧ ਬਿਜਲੀ ਪ੍ਰਾਪਤ ਕਰਨ ਲਈ ਦਬਾਅ ਵਧ ਰਿਹਾ ਹੈ, ਪਾਵਰਕਾਮ 'ਤੇ ਬਿਜਲੀ ਸੰਬੰਧੀ ਜਾਰੀ ਦਹਾਕਿਆਂ ਤੋਂ ਚਲਦੀਆਂ ਆ ਰਹੀਆਂ ਮੁਫ਼ਤ ਸਕੀਮਾਂ ਨੇ ਸਮੁੱਚੇ ਰੂਪ 'ਚ ਪੰਜਾਬ ਦੀ ਆਰਥਿਕਤਾ 'ਤੇ ਬੋਝ ਪਾ ਦਿੱਤਾ ਹੈ, ਉਸ ਨਾਲ ਸਿੱਧੀ ਲੋਕਾਂ ਨਾਲ ਜੁੜੀ ਇਹ ਸਮੱਸਿਆ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ, ਕੀ ਆਉਂਦੇ ਸਮੇਂ ਵਿਚ ਇਸ ਬੇਹੱਦ ਗੰਭੀਰ ਤੇ ਮਾਰੂ ਸਮੱਸਿਆ ਦਾ ਕੋਈ ਨਾ ਕੋਈ ਹੱਲ ਨਿਕਲ ਸਕਣਾ ਸੰਭਵ ਹੋ ਸਕੇਗਾ?

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ ਸੱਤਾ ਕਾਰਨ ਸੰਘ ਦੇ ਵਰਕਰਾਂ ਦੇ ਆਚਰਨ ਵਿਚ ਆ ਰਹੀ ਹੈ ਤਬਦੀਲੀ ਅਗਲੀ ਖ਼ਬਰ ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ
Ad Position 24