ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸੱਤਾ ਕਾਰਨ ਸੰਘ ਦੇ ਵਰਕਰਾਂ ਦੇ ਆਚਰਨ ਵਿਚ ਆ ਰਹੀ ਹੈ ਤਬਦੀਲੀ

Ad Position 21
No active advertisement
ਅਜੀਤ ਡੈਸਕ 30-06-2026

ਲਗਦਾ ਹੈ ਕਿ ਸਮਾਂ ਆਰ.ਐੱਸ.ਐੱਸ. (ਸੰਘ) ਲਈ ਚੰਗਾ ਨਹੀਂ ਹੈ। ਪਹਿਲਾਂ ਪ੍ਰਿਯਾਂਕ ਖੜਗੇ ਨੇ ਸੰਘ ਦੀ ਰਜਿਸਟ੍ਰੇਸ਼ਨ ਦੀ ਮੰਗ ਕਰਦਿਆਂ ਪੱਤਰ ਲਿਖ ਕੇ ਮੁੱਦਾ ਉਠਾਇਆ, ਜਿਸ ਦਾ ਸੰਘ ਕੋਲ ਕੋਈ ਜਵਾਬ ਨਹੀਂ ਹੈ। ਹੁਣ ਰਾਮ ਮੰਦਰ ਦੇ ਦਾਨ ਬਕਸੇ 'ਚ ਚੋਰੀ ਹੋਣ ਨੂੰ ਪ੍ਰਧਾਨ ਮੰਤਰੀ ਦੇ ਕਰੀਬੀ ਤੇ ਟਰੱਸਟ ਨਾਲ ਜੁੜੇ ਨ੍ਰਿਪੇਂਦਰ ਮਿਸ਼ਰਾ 'ਖੁੱਲ੍ਹੀ ਡਕੈਤੀ' ਕਹਿ ਰਹੇ ਹਨ। ਸੰਘ ਡੂੰਘੀ ਦੁਚਿੱਤੀ 'ਚ ਹੈ, ਜੇ ਕੋਈ ਤੁਰੰਤ ਕਾਰਵਾਈ ਕੀਤੀ ਤਾਂ ਲੋਕ ਕਹਿਣਗੇ ਕਿ ਸੰਘ ਨੇ ਆਪਣੀ ਗ਼ਲਤੀ ਮੰਨ ਲਈ ਹੈ ਤੇ ਉਸ ਦੇ ਆਪਣੇ ਲੋਕ ਹੀ ਚੋਰ ਨਿਕਲੇ ਹਨ। ਪਰ ਕਾਰਵਾਈ 'ਚ ਦੇਰੀ ਹੋਣ ਕਾਰਨ ਦੋਸ਼ ਲੱਗ ਰਹੇ ਹਨ ਕਿ ਵੱਡੀਆਂ ਮੱਛੀਆਂ ਨੂੰ ਬਚਾਇਆ ਜਾ ਰਿਹਾ ਹੈ। ਸੰਘ 'ਤੇ ਦੋਵੇਂ ਪਾਸਿਆਂ ਤੋਂ ਹਮਲੇ ਹੋ ਰਹੇ ਹਨ ਤੇ ਉਸ ਦੇ ਆਪਣੇ ਸਮਰਥਕ ਗੁੱਸੇ 'ਚ ਪੁੱਛ ਰਹੇ ਹਨ ਕਿ ਸੰਘ ਤੇ ਮੋਹਨ ਭਾਗਵਤ ਚੁੱਪ ਕਿਉਂ ਹਨ? ਇਹ ਚੋਰੀ ਕਰੋੜਾਂ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਹੈ। ਰਾਮ ਮੰਦਰ ਦੇ ਚੜ੍ਹਾਵੇ ਦੀ ਚੋਰੀ ਨਾਲ ਸੰਘ ਦੇ ਇਮਾਨਦਾਰੀ, ਪਵਿੱਤਰਤਾ ਤੇ ਸਾਦਗੀ ਵਾਲੇ ਘੜੇ ਗਏ ਪ੍ਰਭਾਵ ਨੂੰ ਖੋਰਾ ਲਾ ਦਿੱਤਾ ਹੈ। ਸੰਘ ਦੇ ਵਾਲੰਟੀਅਰਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਨਿਰਸਵਾਰਥ ਹੋ ਕੇ ਆਪਣਾ ਜੀਵਨ ਸੰਘ ਦੇ ਕੰਮ ਭਾਵ ਹਿੰਦੂ ਧਰਮ ਦੀ ਤਰੱਕੀ ਲਈ ਸਮਰਪਿਤ ਕਰਦੇ ਹਨ। ਇਸ ਚੋਰੀ ਨੇ ਉਨ੍ਹਾਂ ਦੇ ਅਕਸ ਨੂੰ ਢਾਹ ਲਗਾਈ ਹੈ, ਕਿਉਂਕਿ ਚੋਰੀ ਭਗਵਾਨ ਰਾਮ ਦੇ ਉਸ ਘਰ 'ਚ ਹੋਈ ਹੈ, ਜਿਸ ਬਾਰੇ ਸੰਘ ਬੜੇ ਮਾਣ ਨਾਲ ਦਾਅਵਾ ਕਰਦਾ ਹੈ ਕਿ ਰਾਮ ਮੰਦਰ ਦੀ ਉਸਾਰੀ ਲਈ ਉਸ ਦੇ ਵਾਲੰਟੀਅਰਾਂ ਨੇ ਲਾਠੀਆਂ ਖਾਧੀਆਂ ਤੇ ਆਪਣੀਆਂ ਜਾਨਾਂ ਤੱਕ ਕੁਰਬਾਨ ਕੀਤੀਆਂ ਹਨ। ਇਸ ਰਾਮ ਮੰਦਰ ਦੇ ਨਾਂਅ 'ਤੇ ਭਾਜਪਾ ਨੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਕੀਤੀਆਂ, 'ਜੈ ਸ੍ਰੀ ਰਾਮ' ਦਾ ਨਾਅਰਾ ਨਾ ਲਗਾਉਣ ਵਾਲੇ ਤੇ ਮੰਦਰ ਦੇ ਦਰਸ਼ਨ ਨਾ ਕਰਨ ਵਾਲਿਆਂ ਨੂੰ ਰਾਮ ਵਿਰੋਧੀ ਤੱਕ ਕਿਹਾ ਗਿਆ। ਇਸ ਸਭ ਦੇ ਪਿੱਛੇ ਰਾਮ ਪ੍ਰਤੀ ਆਸਥਾ ਘੱਟ ਤੇ ਰਾਜਨੀਤੀ ਜ਼ਿਆਦਾ ਸੀ, ਜਿਸ ਦਾ ਮਕਸਦ ਸਿਰਫ਼ ਵੋਟਾਂ ਹਾਸਲ ਕਰਨਾ ਅਤੇ ਕੇਂਦਰ ਤੇ ਰਾਜਾਂ 'ਚ ਸਰਕਾਰਾਂ ਬਣਾਉਣਾ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਜਨਵਰੀ 2024 'ਚ ਰਾਮ ਮੰਦਰ ਦੇ ਉਦਘਾਟਨ ਸਮੇਂ ਕਿਹਾ ਸੀ, ਕਿ ਇਹ ਸਿਰਫ਼ ਇਕ ਮੰਦਰ ਨਹੀਂ ਹੈ, ਇਹ ਹਿੰਦੂ ਪੁਨਰਜਾਗਰਣ ਦਾ ਪ੍ਰਤੀਕ ਹੈ ਤੇ ਇਸ ਨੂੰ ਹਜ਼ਾਰਾਂ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਬਿਨਾਂ ਸ਼ੱਕ ਰਾਮ ਮੰਦਰ ਅੰਦੋਲਨ ਨੇ ਸੰਘ ਪਰਿਵਾਰ ਦੇ ਹਿੰਦੂ ਏਕਤਾ ਨੂੰ ਨਵੀਆਂ ਉੱਚਾਈਆਂ 'ਤੇ ਪਹੁੰਚਾਉਂਦਿਆ, ਹਿੰਦੂਆਂ ਦੇ ਇਕ ਵੱਡੇ ਹਿੱਸੇ 'ਚ ਹਿੰਦੂ ਧਰਮ ਪ੍ਰਤੀ ਮਾਣ ਦੀ ਭਾਵਨਾ ਪੈਦਾ ਕੀਤੀ ਹੈ। ਅੱਜ ਭਾਜਪਾ ਦੀਆਂ ਕੇਂਦਰ ਤੇ ਦੋ-ਤਿਹਾਈ ਰਾਜਾਂ 'ਚ ਸਰਕਾਰਾਂ ਹਨ, ਇਸ ਦਾ ਵੱਡਾ ਕਾਰਨ ਹਿੰਦੂ ਚੇਤਨਾ ਦਾ ਉਹ ਉਭਾਰ ਹੈ, ਜਿਸ ਦਾ ਸੁਪਨਾ ਕਦੇ ਡਾ. ਹੈਡਗੇਵਾਰ ਨੇ ਦੇਖਿਆ ਸੀ ਤੇ ਜਿਸ ਲਈ ਹਜ਼ਾਰਾਂ ਵਾਲੰਟੀਅਰ ਆਪਣੀ ਸਾਰੀ ਜ਼ਿੰਦਗੀ ਕੁਆਰੇ ਰਹਿੰਦੇ ਹਨ। ਪਰ ਇਹ ਵੀ ਸੱਚ ਹੈ ਕਿ 2014 ਤੋਂ ਬਾਅਦ ਸੰਘ ਪਰਿਵਾਰ ਦਾ ਸੁਭਾਅ ਤੇ ਰੂਪ ਦੋਵੇਂ ਬਦਲੇ ਹਨ ਤੇ ਤੇਜ਼ੀ ਨਾਲ ਬਦਲ ਰਹੇ ਹਨ। ਪਹਿਲਾਂ ਕੁੜਤਾ-ਪਜਾਮਾ ਪਾਉਣ ਵਾਲੇ ਸਵੈਮਸੇਵਕ (ਵਾਲੰਟੀਅਰ) ਦਾਲ ਚਾਵਲ ਖਾ ਕੇ ਸੰਘ ਦੇ ਕੰਮਾਂ 'ਚ ਲੱਗੇ ਰਹਿੰਦੇ ਸਨ, ਪਰ ਹੁਣ ਉਹ ਸਾਦਗੀ ਨੂੰ ਛੱਡ ਕੇ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਹਨ।
ਰੇਲ ਦੇ ਆਮ ਡੱਬਿਆਂ 'ਚ ਯਾਤਰਾ ਕਰਨ ਵਾਲੇ ਸੰਘ ਦੇ ਵਰਕਰ ਅੱਜ ਜਹਾਜ਼ ਦੀ ਬਿਜ਼ਨਸ ਕਲਾਸ 'ਚ ਯਾਤਰਾ ਕਰਦੇ ਹਨ ਤੇ ਉਨ੍ਹਾਂ ਲਈ ਪ੍ਰਾਈਵੇਟ ਜੈੱਟਾਂ ਦਾ ਪ੍ਰਬੰਧ ਤੱਕ ਕੀਤਾ ਜਾਂਦਾ ਹੈ। ਉਹ ਪਹਿਲਾਂ ਵਾਂਗ ਵਰਕਰਾਂ ਦੇ ਘਰਾਂ 'ਚ ਨਹੀਂ ਠਹਿਰਦੇ, ਉਹ 7 ਸਟਾਰ 'ਚ ਠਹਿਰਾਉਣ ਦੀ ਮੰਗ ਕਰਦੇ ਹਨ।
ਮੈਂ ਉਹ ਦਿਨ ਵੀ ਦੇਖੇ ਹਨ ਜਦੋਂ ਸੰਘ ਤੇ ਭਾਜਪਾ ਦੇ ਨੇਤਾ ਮੇਰੇ ਵਰਗੇ ਪੱਤਰਕਾਰਾਂ ਕੋਲੋਂ ਦਿੱਲੀ 'ਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਮੋਟਰਸਾਈਕਲਾਂ 'ਤੇ 'ਲਿਫਟ' ਲੈ ਲੈਂਦੇ ਸਨ ਤੇ ਪ੍ਰਮੋਦ ਮਹਾਜਨ ਵਰਗੇ ਨੇਤਾਵਾਂ ਦੀ ਪੰਜ-ਸਿਤਾਰਾ ਜੀਵਨ ਸ਼ੈਲੀ ਦੀ ਆਲੋਚਨਾ ਕਰਦੇ ਸਨ। ਪਰ ਅੱਜ ਮਾਹੌਲ ਬਦਲ ਗਿਆ ਹੈ, ਪਾਰਟੀ ਤੇ ਸੰਗਠਨ ਦੇ 'ਚਾਲ, ਚਰਿੱਤਰ ਤੇ ਚਿਹਰੇ' ਦੀ ਗੱਲ ਕਰਨ ਵਾਲੇ ਰਾਜਨੀਤੀ 'ਚ ਸ਼ੁੱਧਤਾ ਬਾਰੇ ਗੱਲ ਨਹੀਂ ਕਰਦੇ। ਕਦੇ ਸਾਦਗੀ ਦੇ ਪ੍ਰਤੀਕ ਰਹੇ ਸੰਘ ਦੇ ਦਫ਼ਤਰ ਹੁਣ ਐਸ਼ੋ-ਆਰਾਮ ਦੀ ਹਰ ਚੀਜ਼ ਨਾਲ ਲੈਸ ਹੋ ਕੇ ਗਗਨਚੁੰਬੀ ਇਮਾਰਤਾਂ 'ਚ ਤਬਦੀਲ ਹੋ ਚੁੱਕੇ ਹਨ। ਇਹ ਮਹਿਜ਼ ਇਮਾਰਤਾਂ ਦਾ ਬਦਲਾਅ ਨਹੀਂ ਹੈ; ਸਗੋਂ ਉਸ ਬਦਲਾਅ ਦਾ ਨਤੀਜਾ ਹਨ, ਜੋ ਸੱਤਾ ਆਪਣੇ ਨਾਲ ਲੈ ਕੇ ਆਉਂਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਸੱਤਾ ਭ੍ਰਿਸ਼ਟ ਕਰਦੀ ਹੈ ਤੇ ਪੂਰਨ ਸੱਤਾ ਪੂਰੀ ਤਰ੍ਹਾਂ ਭ੍ਰਿਸ਼ਟ ਕਰ ਦਿੰਦੀ ਹੈ। ਇਸ ਬਾਰੇ ਗੱਲ ਕਰਨ ਵਾਲੇ ਆਲੋਚਕਾਂ ਨੂੰ ਗਾਲ਼ਾਂ ਦਿੰਦਿਆਂ 'ਸਨਾਤਨ ਵਿਰੋਧੀ' ਕਿਹਾ ਜਾਂਦਾ ਹੈ। ਅੱਜ ਦੇ ਸੰਘ 'ਚ 'ਸੱਤਾ ਤੇ ਤਾਕਤ ਦੀ ਪੂਜਾ' ਹੀ ਸਭ ਤੋਂ ਉੱਪਰ ਹੈ, 'ਸੱਚ' ਤਾਂ ਬਹੁਤ ਪਿੱਛੇ ਰਹਿ ਗਿਆ ਹੈ। ਜਿਹੜੇ ਸੰਘ ਵਰਕਰ ਕਿਸੇ ਅਹੁਦੇ ਦੀ ਲਾਲਸਾ ਬਗੈਰ ਸਾਲਾਂ ਤੱਕ ਕੰਮ ਕਰਦੇ ਸਨ, ਹੁਣ ਉਹ ਅਹੁਦਿਆਂ ਦੀ ਦੌੜ 'ਚ ਲੱਗੇ ਹੋਏ ਹਨ ਤੇ ਹਰ ਪਾਸੇ ਪੈਸੇ ਦਾ ਬੋਲਬਾਲਾ ਹੈ। ਸੰਘ 'ਚ ਅੱਜ ਵੀ ਹਜ਼ਾਰਾਂ ਇਮਾਨਦਾਰ ਵਰਕਰ ਹਨ, ਪਰ ਸੱਤਾ ਦੇ ਚੱਕਰਵਿਊ ਨੇ ਉਨ੍ਹਾਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ ਹੈ।
ਸੱਤਾ ਤੋਂ ਵੱਡਾ ਕੋਈ ਚੁੰਬਕ ਨਹੀਂ ਹੁੰਦਾ, ਉਹ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। 2014 ਤੋਂ ਬਾਅਦ ਅਚਾਨਕ 'ਨਵੇਂ ਸਵੈਮਸੇਵਕਾਂ' ਦੀ ਇਕ ਵੱਡੀ ਫ਼ੌਜ ਖੜ੍ਹੀ ਹੋ ਗਈ ਹੈ। ਜਿਹੜੇ ਕਦੇ ਭਾਜਪਾ, ਸੰਘ, ਹਿੰਦੂਤਵ ਤੇ ਮੋਦੀ ਦੀ ਭੰਡੀ ਕਰਦਿਆਂ ਆਪਣੇ ਆਪ ਨੂੰ ਉਨ੍ਹਾਂ ਨਾਲ ਜੋੜਨਾ ਪਸੰਦ ਨਹੀਂ ਕਰਦੇ ਸਨ, ਅੱਜ ਸੱਤਾ ਦਾ ਅਨੰਦ ਮਾਨਣ ਲਈ ਸਭ ਤੋਂ ਮੂਹਰੇ ਹੋ ਕੇ ਖੜ੍ਹੇ ਹਨ।
ਸੰਘ ਦੇ ਇਮਾਨਦਾਰ ਵਰਕਰਾਂ ਨੂੰ ਪਿੱਛੇ ਧੱਕ ਕੇ ਤੇਜ਼-ਤਰਾਰ ਲੋਕ ਸੱਤਾ ਦੇ ਸਭ ਤੋਂ ਭਰੋਸੇਮੰਦ ਸਿਪਾਹੀ ਬਣ ਕੇ ਹਰ ਦਰਵਾਜ਼ੇ 'ਤੇ ਦਰਬਾਨ ਬਣ ਗਏ ਹਨ। ਕੁਝ ਮੰਤਰੀ ਬਣ ਗਏ ਹਨ, ਕੁਝ ਹੋਰ ਉੱਚ ਸੰਵਿਧਾਨਕ ਅਹੁਦਿਆਂ 'ਤੇ ਬਿਰਾਜਮਾਨ ਹੋ ਗਏ ਤੇ ਕਈ ਸੱਤਾ ਦੀਆਂ ਹੋਰ ਸੰਸਥਾਵਾਂ 'ਚ 'ਐਡਜਸਟ' ਹੋ ਗਏ ਜਾਂ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਨੂੰ ਨਹੀਂ ਪਤਾ ਕਿ ਸੰਘ ਦੇ ਉੱਚ ਅਹੁਦੇਦਾਰ ਇਸ ਤਬਦੀਲੀ ਨੂੰ ਕਿਵੇਂ ਵੇਖਦੇ ਹਨ, ਪਰ ਇਹ ਵਰਤਾਰਾ ਸੰਘ ਦੇ ਅੰਦਰ ਇਮਾਨਦਾਰ ਵਰਕਰਾਂ ਵਿਚ ਬਹੁਤ ਅਸੰਤੋਸ਼ ਪੈਦਾ ਕਰ ਰਿਹਾ ਹੈ, ਕਿਉਂਕਿ ਉਹ ਦੇਖ ਰਹੇ ਹਨ ਕਿ ਕੁਝ ਸਮਾਂ ਪਹਿਲਾਂ ਤੱਕ ਸੰਘ ਨੂੰ ਗਾਲ਼ਾਂ ਦੇਣ ਵਾਲੇ ਲੋਕ ਅੱਜ ਸਰਕਾਰ ਤੇ ਸੰਘ ਦੇ ਚਹੇਤੇ ਬਣ ਗਏ ਹਨ। ਉਹ ਪੁੱਛਦੇ ਹਨ ਕਿ ਅਸੀਂ ਬਚਪਨ ਤੋਂ ਸੰਘ ਦੀ ਸੇਵਾ ਕਰਦਿਆਂ ਉਹ ਸਭ ਕਿਉਂ ਨਹੀਂ ਕਰ ਸਕੇ ਜੋ, ਇਹ 'ਨਵੇਂ ਵਾਲੰਟੀਅਰ' ਕਰ ਰਹੇ ਹਨ।
ਰਾਮ ਮੰਦਰ ਵਿਚ ਜੋ ਕੁਝ ਹੋਇਆ ਉਹ ਇਸੇ ਬਦਲਾਅ ਦਾ ਪ੍ਰਤੀਕ ਹੈ। ਜਦੋਂ ਇਕ ਵਾਰ ਤਾਮਸਿਕ (ਲਾਲਚ) ਪ੍ਰਵਿਰਤੀਆਂ ਹਾਵੀ ਹੋ ਜਾਣ ਤਾਂ ਉਹ ਆਸਾਨੀ ਨਾਲ ਪਿੱਛਾ ਨਹੀਂ ਛੱਡਦੀਆਂ। ਸੰਘ ਨੂੰ ਹੁਣ ਸੱਤਾ ਦਾ ਸੁਆਦ ਲੱਗ ਗਿਆ ਹੈ ਤੇ ਇਸ ਸੁਆਦ ਤੋਂ ਪਿੱਛਾ ਛੁਡਾਉਣਾ ਲਗਭਗ ਅਸੰਭਵ ਹੈ। ਕਾਂਗਰਸ ਨੂੰ ਇਸ ਦਾ ਅਹਿਸਾਸ 1937 ਵਿਚ ਹੋ ਗਿਆ ਸੀ, ਜਦੋਂ ਉਸ ਨੇ ਪਹਿਲੀ ਵਾਰ ਰਸਮੀ ਤੌਰ 'ਤੇ ਸੱਤਾ 'ਚ ਹਿੱਸੇਦਾਰੀ ਕਰਦਿਆਂ ਮੰਤਰੀਆਂ ਦੇ ਅਹੁਦਿਆਂ ਦਾ ਅਨੰਦ ਮਾਣਿਆ ਸੀ। ਗਾਂਧੀ ਜੀ ਨੇ ਐਂਵੇ ਤਾਂ ਨਹੀਂ ਕਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ, ਕਿਉਂਕਿ ਉਹ ਸੱਤਾ ਦੇ 'ਤਾਮਸਿਕ' ਸੁਭਾਅ ਤੋਂ ਜਾਣੂ ਹੋ ਚੁੱਕੀ ਹੈ। ਗਾਂਧੀ ਜਾਣਦੇ ਸਨ ਕਿ ਆਜ਼ਾਦੀ ਦੀ ਲੜਾਈ ਇਕ ਪਵਿੱਤਰ ਸੁਪਨਾ ਸੀ, ਜੋ ਕਾਂਗਰਸ ਨੂੰ ਲਗਾਤਾਰ ਉਤਸ਼ਾਹਿਤ ਕਰਦਾ ਰਿਹਾ ਸੀ। ਪਰ ਜਿਵੇਂ ਹੀ ਕਾਂਗਰਸ ਸੱਤਾ ਦੀ ਦੌੜ ਵਿਚ ਸ਼ਾਮਿਲ ਹੋ ਗਈ ਤਾਂ ਇਹ ਸੁਪਨਾ ਬਹੁਤ ਪਿੱਛੇ ਛੁਟ ਗਿਆ ਤੇ ਉਸ ਦੀ 'ਸੱਚਾਈ' ਗੁੰਮਨਾਮੀ 'ਚ ਅਲੋਪ ਹੋ ਗਈ। ਪਾਰਟੀ ਲਈ ਆਪਣੇ ਤੇ ਆਪਣੇ ਲੋਕਾਂ ਲਈ ਸੱਤਾ 'ਚ ਬਣਾਈ ਰੱਖਣਾ ਪਹਿਲੀ ਤਰਜੀਹ ਬਣ ਗਈ।
ਰਾਮ ਮੰਦਰ ਵਿਚ ਚੋਰੀ ਵੀ ਇਸੇ ਸੁਭਾਵਿਕ ਪ੍ਰਕਿਰਿਆ ਦਾ ਇਕ ਕੁਦਰਤੀ ਨਤੀਜਾ ਹੈ। ਜਦੋਂ ਗਾਂਧੀ ਦੀ ਕਾਂਗਰਸ ਨਹੀਂ ਬਚੀ ਤਾਂ ਹੈਡਗੇਵਾਰ ਦਾ ਸੰਘ ਪਰਿਵਾਰ ਕਿਵੇਂ ਬਚ ਸਕਦਾ ਸੀ? ਇਹ ਹੋਣਾ ਹੀ ਸੀ, ਇਸ ਨੇ ਇੱਥੋਂ ਹੇਠਾਂ ਹੀ ਜਾਣਾ ਹੈ, ਕਿਉਂਕਿ ਹੁਣ ਉੱਪਰ ਜਾਣ ਦਾ ਰਸਤਾ ਬੰਦ ਹੋ ਗਿਆ ਹੈ।

ashutosh83b@gmail.com

Ad Position 22
No active advertisement
ਪਿਛਲੀ ਖ਼ਬਰ ਬਾਗਬਾਨੀ ਰਾਹੀਂ ਲਿਆਂਦੀ ਜਾ ਸਕਦੀ ਹੈ ਫ਼ਸਲੀ ਭਿੰਨਤਾ ਅਗਲੀ ਖ਼ਬਰ ਗੰਭੀਰ ਹੁੰਦਾ ਬਿਜਲੀ ਸੰਕਟ
Ad Position 24
No active advertisement