ਬਾਗਬਾਨੀ ਹੇਠ ਰਕਬਾ ਤਾਂ ਵਧ ਰਿਹਾ ਹੈ ਪਰ ਬਹੁਤ ਘੱਟ ਰਫ਼ਤਾਰ ਨਾਲ। ਕੁੱਲ ਵਾਹੀ ਯੋਗ ਰਕਬੇ ਦਾ 7 8 ਫ਼ੀਸਦੀ ਰਕਬਾ ਬਾਗਬਾਨੀ ਦੀ ਕਾਸ਼ਤ ਹੇਠ ਹੋਣਾ ਚਾਹੀਦਾ ਹੈ, ਜੋ ਇਸ ਨਾਲੋਂ ਬਹੁਤ ਘੱਟ ਹੈ। ਬਾਗ਼ ਲਾਉਣ ਲਈ ਕਿਸਾਨ ਕਾਫ਼ੀ ਉਤਸ਼ਾਹਿਤ ਹਨ ਪਰ ਇਸ 'ਤੇ ਬੜੀ ਲਾਗਤ ਆਉਂਦੀ ਹੈ ਅਤੇ ਇਸ ਦੇ ਫ਼ਲਾਂ ਤੋਂ ਵੱਟਤ ਆਉਣੀ ਕਾਫ਼ੀ ਸਮੇਂ ਬਾਅਦ ਸ਼ੁਰੂ ਹੁੰਦੀ ਹੈ। ਪੰਜਾਬ ਦੇ ਬਹੁਤੇ ਕਿਸਾਨ ਕਰਜ਼ਈ ਹਨ ਤੇ ਬਾਗ਼ਾਂ ਲਈ ਹੋਰ ਖਰਚੇ ਕਰਕੇ ਉਹ ਕਰਜ਼ੇ ਦਾ ਹੋਰ ਬੋਝ ਨਹੀਂ ਚੁੱਕਣਾ ਚਾਹੁੰਦੇ। ਬਾਗਬਾਨੀ ਵਿਭਾਗ ਦੇ ਮਾਹਿਰ ਉਨ੍ਹਾਂ ਕਿਸਾਨਾਂ, ਜੋ ਫ਼ਸਲੀ ਭਿੰਨਤਾ ਤੇ ਕਣਕ-ਝੋਨੇ ਦੇ ਚੱਕਰ ਤੋਂ ਛੁਟਕਾਰਾ ਚਾਹੁੰਦੇ ਹਨ, ਨੂੰ ਚੁਣ ਕੇ ਬਾਗ਼ ਲਾਉਣ ਲਈ ਪ੍ਰੇਰਦੇ ਤਾਂ ਹਨ ਪਰ ਸਫ਼ਲਤਾ ਬੜੀ ਘੱਟ ਮਿਲਦੀ ਹੈ। ਬਿਮਾਰੀ ਰਹਿਤ ਫ਼ਲਾਂ ਦੀਆਂ ਕਿਸਮਾਂ ਦੇ ਬੂਟੇ ਉਨ੍ਹਾਂ ਨੂੰ ਉਪਲੱਬਧ ਨਹੀਂ ਹੁੰਦੇ। ਭਾਵੇਂ ਪੀ.ਏ.ਯੂ. ਤੇ ਬਾਗਬਾਨੀ ਵਿਭਾਗ ਵਲੋਂ ਨਰਸਰੀਆਂ ਸਥਾਪਤ ਹਨ ਤੇ ਕੁਝ ਨਿੱਜੀ ਨਰਸਰੀਆਂ ਵੀ ਹਨ, ਜੋ ਕੌਮੀ ਬਾਗਬਾਨੀ ਬੋਰਡ ਤੋਂ ਮਾਨਤਾ ਪ੍ਰਾਪਤ ਹਨ ਪਰ ਇਨ੍ਹਾਂ 'ਚ ਵੀ ਕਿਸਾਨਾਂ ਨੂੰ ਮਿਆਰੀ ਤੇ ਸਹੀ ਨਸਲ ਦੇ ਬੂਟੇ ਉਪਲੱਬਧ ਨਹੀਂ ਹੁੰਦੇ। ਕੌਮੀ ਬਾਗਬਾਨੀ ਬੋਰਡ ਵਲੋਂ ਨਵੇਂ ਬਾਗ਼ ਲਗਾਉਣ ਲਈ ਤੇ ਪ੍ਰਮਾਣਿਤ ਨਰਸਰੀਆਂ ਤੋਂ ਗੁਣਵੱਤਾ ਵਾਲੇ ਮਿਆਰੀ ਬੂਟੇ ਸਬਸਿਡੀ 'ਤੇ ਵੀ ਦਿੱਤੇ ਜਾ ਰਹੇ ਹਨ।
ਜੁਲਾਈ ਤੋਂ ਸਦਾਬਹਾਰ ਫ਼ਲਾਂ ਵਾਲੇ ਬੂਟੇ ਲਾਉਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ, ਜਿਵੇਂ ਅੰਬ, ਅਮਰੂਦ, ਲੀਚੀ, ਚੀਕੂ, ਪਪੀਤਾ, ਲੁਕਾਠ, ਬਿੱਲ ਆਦਿ। ਇਹ ਜੁਲਾਈ ਤੋਂ ਸਤੰਬਰ ਤੱਕ ਲਾਏ ਜਾ ਸਕਦੇ ਹਨ, ਜਦਕਿ ਪਤਝੜ 'ਚ ਲਾਉਣ ਵਾਲੇ ਫ਼ਲ ਅਨਾਰ, ਆੜੂ, ਅਲੂਚਾ, ਫਾਲਸਾ, ਅੰਜ਼ੀਰ ਆਦਿ ਜਨਵਰੀ ਤੇ ਫਰਵਰੀ 'ਚ ਲਾਏ ਜਾਣਗੇ। ਆਮਲਾ ਤੇ ਕੇਲਾ ਫਰਵਰੀ ਮਾਰਚ ਤੋਂ ਇਲਾਵਾ ਅੱਜਕੱਲ੍ਹ ਵੀ ਸਫ਼ਲਤਾਪੂਰਵਕ ਲਾਏ ਜਾ ਸਕਦੇ ਹਨ। ਬਾਗਬਾਨੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਸਦਾਬਹਾਰ ਬੂਟਿਆਂ ਦੇ ਬਾਗ਼ ਲਾਉਣ ਲਈ ਕਿਸਾਨਾਂ ਨੂੰ ਹੁਣੇ ਤੋਂ ਮਾਹਿਰਾਂ ਨਾਲ ਸੰਪਰਕ ਕਰਕੇ ਜ਼ਮੀਨ ਦੀ ਮਿੱਟੀ ਤੇ ਪਾਣੀ ਦੀ ਪਰਖ ਤੇ ਟੈਸਟ ਕਰਾ ਲੈਣੇ ਚਾਹੀਦੇ ਹਨ। ਜੇ ਮਿੱਟੀ 'ਚ ਕੋਈ ਰੋਗ ਹੋਵੇ ਤਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਲੈਣੀ ਚਾਹੀਦੀ ਹੈ। ਬਾਗ਼ ਲਾਉਣ ਤੋਂ ਪਹਿਲਾਂ ਗਰਮ, ਠੰਢੀਆਂ ਤੇ ਤੇਜ਼ ਹਵਾਵਾਂ ਦੀ ਰੋਕ ਲਈ ਦਰੱਖ਼ਤ ਜਿਵੇਂ ਦੇਸੀ ਅੰਬ, ਜਾਮਣ, ਬਿੱਲ, ਸ਼ਹਿਤੂਤ, ਬੋਗਨਵਿਲੀਆ, ਕਰੌਂਦਾ ਆਦਿ ਦੀਆਂ ਬਾੜਾਂ ਲਾ ਦੇਣੀਆਂ ਚਾਹੀਦੀਆਂ ਹਨ। ਬੂਟੇ ਲਾਉਣ ਤੋਂ 15 ਦਿਨ ਪਹਿਲਾਂ ਨਿਰਧਾਰਤ ਫ਼ਾਸਲੇ 'ਤੇ ਟੋਏ ਪੁੱਟ ਲੈਣੇ ਚਾਹੀਦੇ ਹਨ। ਇਨ੍ਹਾਂ 'ਚ ਤੀਜਾ ਹਿੱਸਾ ਦੇਸੀ ਖਾਦ, ਤੀਜਾ ਹਿੱਸਾ ਭੱਲ ਉੱਪਰਲੀ ਡੇਢ ਫੁੱਟ ਦੀ ਮਿੱਟੀ 'ਚ ਮਿਕਸ ਕਰਕੇ ਦੁਬਾਰਾ ਭਰ ਦੇਣੇ ਚਾਹੀਦੇ ਹਨ। ਸਦਾਬਹਾਰ ਬੂਟੇ ਹਮੇਸ਼ਾ ਬਾਅਦ ਦੁਪਹਿਰ ਲਾਉਣੇ ਚਾਹੀਦੇ ਹਨ, ਤਾਂ ਜੋ ਬੂਟੇ ਰਾਤ ਨੂੰ ਘੱਟ ਤਾਪਮਾਨ 'ਚ ਠੀਕ ਰਹਿਣ। ਬੂਟੇ ਲਾਉਣ ਤੋਂ ਬਾਅਦ ਸਿਉਂਕ ਤੋਂ ਬਚਾਅ ਲਈ ਕਲੋਰੋਪਾਇਰੋਫਾਸ 20 ਈਸੀ ਪ੍ਰਤੀ ਬੂਟਾ ਪਾਉਣੀ ਚਾਹੀਦੀ ਹੈ। ਕਲੋਰੋਪਾਇਰੋਫਾਸ ਦੀ ਸਾਲ 'ਚ ਘੱਟੋ ਘੱਟ ਦੋ ਵਾਰ ਵਰਤੋਂ ਕਰ ਲੈਣੀ ਚਾਹੀਦੀ ਹੈ ਜੁਲਾਈ ਅਗਸਤ ਜਾਂ ਦਸੰਬਰ ਵਿਚ। ਬੂਟਿਆਂ ਨੂੰ ਪਾਣੀ ਦੇਣ ਵਾਲੀਆਂ ਖਾਲਾਂ ਪਹਿਲਾਂ ਹੀ ਅਲਹਿਦਾ ਬਣਾ ਦੇਣੀਆਂ ਚਾਹੀਦੀਆਂ ਹਨ। ਬਾਗ਼ 'ਚ ਬੀਜੀ ਹੋਰ ਫ਼ਸਲ ਨੂੰ ਪਾਣੀ ਦੇਣ ਦਾ ਪ੍ਰਬੰਧ ਵੱਖਰਾ ਹੋਵੇ ਤਾਂ ਚੰਗਾ ਹੈ, ਤਾਂ ਕਿ ਬੂਟਿਆਂ ਨੂੰ ਲੋੜ ਅਨੁਸਾਰ ਯੋਗ ਸਮੇਂ 'ਤੇ ਲੋੜੀਂਦਾ ਪਾਣੀ ਦਿੱਤਾ ਜਾ ਸਕੇ। ਪੰਜਾਬ ਦੀਆਂ ਹਲਕੀਆਂ ਤੇ ਰੇਤਲੀਆਂ ਜ਼ਮੀਨਾਂ 'ਚ ਅਕਸਰ ਜ਼ਿੰਕ ਦੀ ਘਾਟ ਆ ਜਾਂਦੀ ਹੈ। ਇਸ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਤੇ ਉੱਪਰ ਵੱਲ ਮੁੜਨਾ ਸ਼ੁਰੂ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ 600 ਗ੍ਰਾਮ ਜ਼ਿੰਕ ਸਲਫੇਟ ਤੇ 300 ਗ੍ਰਾਮ ਅਣਬੁਝਿਆ ਚੂਨਾ 100 ਲਿਟਰ ਪਾਣੀ 'ਚ ਮਿਲਾ ਕੇ ਸਪਰੇਅ ਕਰਨਾ ਚਾਹੀਦਾ ਹੈ। ਨਵੇਂ ਲਾਏ ਬੂਟਿਆਂ ਦੀ ਸ਼ੁਰੂ ਤੋਂ ਦੇਖਭਾਲ ਜ਼ਰੂਰੀ ਹੈ। ਕਦੇ ਵੀ ਕੋਈ ਟਾਹਣੀ ਪਿਉਂਦ ਤੋਂ ਥੱਲੇ ਟੁੱਟਣ ਨਹੀਂ ਦੇਣੀ ਚਾਹੀਦੀ। ਜੇ ਬੂਟਾ ਟੇਢਾ ਚਲਦਾ ਹੈ, ਤਾਂ ਉਸ ਨੂੰ ਸੋਟੀ ਦੇ ਸਹਾਰੇ ਨਾਲ ਸਿੱਧਾ ਕਰਨਾ ਚਾਹੀਦਾ ਹੈ।
ਪੰਜਾਬ 'ਚ ਕਿਨੂੰਆਂ ਦੀ ਕਾਸ਼ਤ ਹੇਠ ਸਭ ਫ਼ਲਾਂ ਨਾਲੋਂ ਵੱਧ ਰਕਬਾ ਹੈ ਪਰ ਇਹ ਰਕਬਾ ਜ਼ਿਆਦਾਤਰ ਫ਼ਿਰੋਜ਼ਪੁਰ, ਅਬੋਹਰ ਤੇ ਹੁਸ਼ਿਆਰਪੁਰ ਦੇ ਇਲਾਕਿਆਂ ਤੱਕ ਹੀ ਸੀਮਤ ਹੈ। ਦੂਜੇ ਨੰਬਰ 'ਤੇ ਅਮਰੂਦ ਹਨ। ਅੰਬਾਂ ਦੇ ਬਾਗ਼ ਬੜੇ ਘੱਟ ਹਨ, ਹਾਲਾਂਕਿ ਅੰਬਾਂ ਦੀਆਂ ਮਧਰੀਆਂ ਕਿਸਮਾਂ ਜਿਵੇਂ ਅਮਰਪਾਲੀ, ਮਲਿਕਾ, ਪੂਸਾ ਸ੍ਰੇਸ਼ਠ, ਪੂਸਾ ਪ੍ਰਤਿਭਾ, ਪੂਸਾ ਲਾਲਿਮਾ, ਪੂਸਾ ਪਤੰਬਰ, ਪੂਸਾ ਸੁਰੀਆ ਤੇ ਪੂਸਾ ਅਰੁਣਿਮਾ ਦੇ ਬਾਗ਼ ਲਾ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਹਰ ਸਾਲ ਫ਼ਲ ਦੇਣ ਵਾਲੀ ਅਮਰਪਾਲੀ ਕਿਸਮ ਦੇ ਬਾਗ਼ ਤੋਂ 2.50 ਲੱਖ ਪ੍ਰਤੀ ਏਕੜ ਤੱਕ ਦੀ ਵੱਟਤ ਆ ਜਾਂਦੀ ਹੈ। ਅਮਰਪਾਲੀ ਕਿਸਮ ਦਾ ਅੰਬ ਬਾਜ਼ਾਰ 'ਚ 50 ਰੁਪਏ ਕਿੱਲੋ ਤੱਕ ਆਸਾਨੀ ਨਾਲ ਵਿਕ ਜਾਂਦਾ ਹੈ। ਇਸ ਕਿਸਮ ਦੇ ਬੂਟੇ ਵੱਧ ਲਗਦੇ ਹਨ। ਪੂਸਾ ਅਰੁਣਿਮਾ ਤੇ ਪੂਸਾ ਮਲਿਕਾ ਕਿਸਮਾਂ ਦੀਆਂ ਬਗੀਚਿਆਂ ਅਤੇ ਟਿਊਬਵੈੱਲਾਂ 'ਤੇ ਲਾਉਣ ਲਈ ਉਤਪਾਦਕਾਂ ਵਲੋਂ ਵਧੇਰੇ ਮੰਗ ਹੈ। ਪੂਸਾ ਅਰੁਣਿਮਾ ਇਕ ਸਾਲ ਆਈ.ਏ.ਆਰ.ਆਈ. ਕਿਸਮ ਦਿੱਲੀ ਵਿਖੇ ਹੋਏ ਮੈਂਗੋ ਸ਼ੋਅ 'ਚ ਪਹਿਲੇ ਸਥਾਨ 'ਤੇ ਆਈ ਸੀ ਅਤੇ ਪੂਸਾ ਮਲਿਕਾ ਦਾ ਆਕਾਰ ਤੇ ਜ਼ਾਇਕਾ ਖ਼ਪਤਕਾਰਾਂ ਨੂੰ ਬੜਾ ਪਸੰਦ ਹੈ। ਕਰਨਾਟਕ, ਆਂਧਰਾ ਤੇ ਬੰਗਾਲ 'ਚ ਤਾਂ ਇਹ ਬਰਾਮਦ ਕਰਨ ਯੋਗ ਕਿਸਮਾਂ ਹਨ। ਇਨ੍ਹਾਂ ਕਿਸਮਾਂ ਦੇ ਬੂਟੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਨਵੀਂ ਦਿੱਲੀ 'ਚ ਬਾਗ਼ਬਾਨਾਂ ਨੂੰ ਹੁਣੇ ਤੋਂ ਬੁਕ ਕਰਾ ਲੈਣੇ ਚਾਹੀਦੇ ਹਨ। ਪੰਜਾਬ 'ਚ ਅੰਬਾਂ ਦੀ ਪੈਦਾਵਾਰ ਆਪਣੇ ਸੂਬੇ ਦੇ ਖ਼ਪਤਕਾਰਾਂ ਲਈ ਵੀ ਕਾਫ਼ੀ ਨਹੀਂ ਹੈ। ਇਸ ਲਈ ਪੰਜਾਬ 'ਚ ਅੰਬਾਂ ਦੀ ਕਾਸ਼ਤ ਵਧਾਉਣ ਦੀ ਵੱਡੀ ਗੁੰਜਾਇਸ਼ ਹੈ।
ਈਮੇਲ : bhagwandass226@gmail.com