01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਬੇਹੱਦ ਮੁਸ਼ਕਿਲ ਹਾਲਾਤ ਵਿਚ ਜਿਊਾ ਰਹੇ ਹਨ ਨਵੰਬਰ 84 ਦੇ ਪੀੜਤ

ਬੇਹੱਦ ਮੁਸ਼ਕਿਲ ਹਾਲਾਤ ਵਿਚ ਜਿਊਾ ਰਹੇ ਹਨ ਨਵੰਬਰ 84 ਦੇ ਪੀੜਤ

Ad Position 21
No active advertisement
ਅਜੀਤ ਡੈਸਕ 02-11-2026

1984 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਏ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਜ਼ਖ਼ਮ ਨਵੰਬਰ ਚੜ੍ਹਦਿਆਂ ਹੀ ਹਰੇ ਹੋ ਜਾਂਦੇ ਹਨ | ਸਿੱਖ ਨਸਲਕੁਸ਼ੀ ਦੇ 42 ਸਾਲਾਂ ਬਾਅਦ ਵੀ ਇਨਸਾਫ਼ ਦੀ ਆਸ ਵਿਚ ਬੈਠੇ ਇਹ ਪਰਿਵਾਰ ਕਾਂਗਰਸ ਪਾਰਟੀ ਦੇ ਉਸ ਵੇਲੇ ਦੇ ਆਗੂਆਂ ਨੂੰ  ਅੱਜ ਵੀ ਕੋਸ ਰਹੇ ਹਨ, ਜਿਨ੍ਹਾਂ ਦੇ ਇਸ਼ਾਰਿਆਂ 'ਤੇ ਵੱਖ-ਵੱਖ ਹਿੱਸਿਆਂ ਵਿਚ ਨਿਰਦੋਸ਼ ਸਿੱਖਾਂ ਨੂੰ  ਉਨ੍ਹਾਂ ਦੇ ਗਲ਼ਾਂ ਵਿਚ ਟਾਇਰ ਪਾ ਕੇ ਜ਼ਿੰਦਾ ਸਾੜ ਦਿੱਤਾ ਗਿਆ, ਸਿੱਖ ਬੀਬੀਆਂ ਦੀ ਪੱਤ ਲੁੱਟੀ ਗਈ, ਕਰੋੜਾਂ ਰੁਪਏ ਦੀ ਜਾਇਦਾਦ ਨੂੰ   ਅੱਗ ਹਵਾਲੇ ਕਰ ਦਿੱਤਾ ਗਿਆ ਅਤੇ ਗੁਰਦੁਆਰਿਆਂ 'ਤੇ ਹਮਲੇ ਕੀਤੇ ਗਏ ਸਨ | ਸਿੱਖ ਕਤਲੇਆਮ ਦੇ 42 ਸਾਲਾਂ ਬਾਅਦ ਵੀ ਇਨਸਾਫ਼ ਦੀ ਉਡੀਕ ਕਰ ਰਹੇ ਇਹ ਪਰਿਵਾਰ ਜਿੱਥੇ ਮੁੜ ਵਸੇਬੇ ਲਈ ਜੀਅ ਤੋੜ ਯਤਨ ਕਰ ਰਹੇ ਹਨ, ਉੱਥੇ ਸਰਕਾਰ ਤੋਂ ਮੁਆਵਜ਼ੇ ਦੀ ਉਡੀਕ ਵਿਚ ਵੀ ਦਿਨ ਕੱਟੀ ਕਰ ਰਹੇ ਹਨ |

ਦੁੱਗਰੀ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਜਮਾਲਪੁਰ, ਹੈਬੋਵਾਲ ਤੇ ਸ਼ਿਮਲਾਪੁਰੀ ਸਮੇਤ ਹੋਰ ਇਲਾਕਿਆਂ ਵਿਚ ਰਹਿ ਰਹੇ ਸੈਂਕੜੇ ਪੀੜਤ ਪਰਿਵਾਰ ਆਪਣੇ ਵਿੱਛੜ ਚੁੱਕੇ ਪਰਿਵਾਰਕ ਮੈਂਬਰਾਂ ਨੂੰ  ਯਾਦ ਕਰ ਅੱਜ ਵੀ ਰੋਂਦੇ ਕੁਰਲਾਉਂਦੇ ਲੋਕਤੰਤਰ ਅਤੇ ਮਾੜੀ ਵਿਵਸਥਾ 'ਤੇ ਹੰਝੂ ਕੇਰਦੇ ਹਨ | 'ਅਜੀਤ' ਦੇ ਇਸ ਪੱਤਰਕਾਰ ਨੇ ਦੁੱਗਰੀ ਸਥਿਤ ਸੀ. ਆਰ. ਪੀ. ਕਾਲੋਨੀ ਦਾ ਦੌਰਾ ਕੀਤਾ, ਜਿੱਥੇ ਇਸ ਕਤਲੇਆਮ ਦੇ ਸੈਂਕੜੇ ਪੀੜਤ ਪਰਿਵਾਰ ਰਹਿੰਦੇ ਹਨ |
ਇਸ ਮੌਕੇ '84 ਦੇ ਪੀੜਤਾਂ ਨੇ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਨਿਰਦੋਸ਼ ਸਿੱਖਾਂ 'ਤੇ ਢਾਹੇ ਗਏ ਜਬਰ-ਜ਼ੁਲਮ ਦੀ ਵਿੱਥਿਆ ਸੁਣਾਈ | ਨਮ ਅੱਖਾਂ ਨਾਲ 75 ਸਾਲਾ ਬੀਬੀ ਭੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਦਿੱਲੀ ਦੇ ਸੁਲਤਾਨਪੁਰੀ ਖੇਤਰ ਵਿਚ ਰਹਿੰਦਾ ਸੀ | 2 ਨਵੰਬਰ ਦੀ ਕੁਲਹਿਣੀ ਰਾਤ ਨੂੰ  ਦਰਿੰਦਿਆਂ ਨੇ ਉਸ ਦੇ ਪਤੀ, ਦੋ ਦਿਉਰਾਂ, ਚਾਚੇ, ਦੋਹਤਰੇ ਸਮੇਤ ਪਰਿਵਾਰ ਦੇ ਸੱਤ ਜੀਆਂ ਨੂੰ  ਜ਼ਿੰਦਾ ਸਾੜ ਦਿੱਤਾ ਸੀ ਅਤੇ ਉਨ੍ਹਾਂ ਸੱਤ ਜੀਆਂ ਵਿਚ ਉਸ ਦੇ ਦਿਉਰ ਦੇ ਸਿਰਫ਼ ਤਿੰਨ ਦਿਨਾਂ ਦੇ ਜੁੜਵਾ ਬੱਚੇ ਵੀ ਸ਼ਾਮਿਲ ਸਨ, ਜਿਨ੍ਹਾਂ ਨੇ 30 ਅਕਤੂਬਰ 1984 ਨੂੰ  ਹੀ ਜਨਮ ਲਿਆ ਸੀ | ਜ਼ਾਲਮ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਜਲਣਸ਼ੀਲ ਪਦਾਰਥਾਂ ਨਾਲ ਅੱਗ ਲਾ ਦਿੱਤੀ ਅਤੇ ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਉਸ ਦਾ ਪਤੀ ਬਾਹਰ ਗਿਆ ਤਾਂ ਉਨ੍ਹਾਂ ਨੇ ਉਸ ਦੇ ਗਲ਼ ਵਿਚ ਟਾਇਰ ਪਾ ਕੇ ਉਨ੍ਹਾਂ ਨੂੰ  ਵੀ ਅੱਗ ਲਾ ਦਿੱਤੀ | ਜਦੋਂ ਉਸ ਦਾ ਦਿਉਰ ਰੌਲਾ ਸੁਣ ਕੇ ਬਾਹਰ ਆਇਆ ਤਾਂ ਦਰਿੰਦਿਆਂ ਨੇ ਉਸ ਨੂੰ  ਵੀ ਨਹੀਂ ਬਖ਼ਸ਼ਿਆ |
ਇਸੇ ਤਰ੍ਹਾਂ ਪੰਜ ਜੀਆਂ ਨੂੰ  ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਹ ਇਹ ਵੇਖਣ ਲਈ ਘਰ ਦੇ ਅੰਦਰ ਦਾਖ਼ਲ ਹੋ ਗਏ ਕਿ ਕੋਈ ਬਚ ਤਾਂ ਨਹੀਂ ਗਿਆ | ਜਦੋਂ ਉਨ੍ਹਾਂ ਦੀ ਨਜ਼ਰੀਂ ਦੋ ਨਵਜਨਮੇ ਬੱਚੇ ਪਏ ਤਾਂ ਉਨ੍ਹਾਂ ਨੂੰ  ਵੀ ਚੁੱਕ ਕੇ ਬਾਹਰ ਲੈ ਗਏ ਅਤੇ ਸੜ ਰਹੀਆਂ ਲਾਸ਼ਾਂ ਦੇ ਉੱਤੇ ਹੀ ਸੁੱਟ ਦਿੱਤੇ | ਇਸੇ ਤਰ੍ਹਾਂ ਜ਼ਿੰਦਗੀ ਦੇ ਸੌ ਸਾਲ ਪੂਰੇ ਕਰਨ ਜਾ ਰਹੀ ਬੀਬੀ ਗੁਰਦੇਵ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਬੰਤ ਸਿੰਘ ਕਲਕੱਤੇ ਟੈਕਸੀ ਚਲਾਉਂਦਾ ਸੀ ਅਤੇ ਸੰਤ ਕੁਟੀਆ ਵਿਚ ਰਹਿੰਦਾ ਸੀ | ਦੰਗਾਕਾਰੀਆਂ ਨੇ ਉਸ ਨੂੰ  ਟੈਕਸੀ ਸਮੇਤ ਪੈਟਰੋਲ ਪਾ ਕੇ ਸਾੜ ਦਿੱਤਾ ਸੀ | ਉਨ੍ਹਾਂ ਨੂੰ  ਬੰਤ ਸਿੰਘ ਦੀ ਮੌਤ ਬਾਰੇ ਟੈਲੀਗ੍ਰਾਮ ਰਾਹੀਂ ਪਤਾ ਲੱਗਾ, ਕਿਉਂਕਿ ਉਹ ਆਪਣੇ ਬੱਚਿਆਂ ਸਮੇਤ ਚੌਂਕੀਮਾਨ ਰਹਿੰਦੀ ਸੀ | ਉਨ੍ਹਾਂ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਤੇ ਦੋ ਲੜਕੇ ਸਨ, ਪਰ ਉਸ ਦੇ ਦੋਵਾਂ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪਾਲ-ਪੋਸ ਕੇ ਵਿਆਹੀਆਂ ਲੜਕੀਆਂ ਦੇ ਪਤੀ ਵੀ ਰੱਬ ਨੂੰ  ਪਿਆਰੇ ਹੋ ਗਏ ਹਨ | ਇਹ ਕਹਾਣੀ ਸਿਰਫ਼ ਬੀਬੀ ਭੁਪਿੰਦਰ ਕੌਰ ਜਾਂ ਬੀਬੀ ਗੁਰਦੇਵ ਕੌਰ ਦੀ ਨਹੀਂ, ਸਗੋਂ ਪਿਹੋਵਾ ਤੋਂ ਆਈ ਸਤਵੰਤ ਕੌਰ, ਆਸਨਸੋਲ ਤੋਂ ਆਈ ਗੁਰਮੀਤ ਕੌਰ, ਨਾਗੋਲੀ (ਦਿੱਲੀ) ਤੋਂ ਆਈ ਸੰਗੀਤਾ ਅਤੇ ਉੱਤਰ ਪ੍ਰਦੇਸ਼ ਦੀ ਹਰਦੀਪ ਕੌਰ ਦੀ ਵੀ ਅਜਿਹੀ ਹੀ ਕਹਾਣੀ ਹੈ | ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਸ ਕਤਲੇਆਮ ਦਾ ਸ਼ਿਕਾਰ ਹੋ ਗਏ ਸਨ ਅਤੇ ਇਹ ਵੀ ਤੰਗੀ-ਤੁਰਸ਼ੀਆਂ ਨਾਲ ਆਪਣੀ ਜ਼ਿੰਦਗੀ ਅੱਗੇ ਤੋਰ ਰਹੀਆਂ ਹਨ |
ਪੰਜਾਬ ਸਰਕਾਰ ਵਲੋਂ ਬੇਸ਼ੱਕ ਕਈ ਪੀੜਤਾਂ ਨੂੰ  ਫਲੈਟ ਅਤੇ ਡਾ. ਮਨਮੋਹਨ ਸਿੰਘ ਦੀ ਸਰਕਾਰ ਵਲੋਂ ਦੋ-ਦੋ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ, ਪਰ ਬਹੁਤੇ ਪਰਿਵਾਰ ਅੱਜ ਵੀ ਮੁੜ ਵਸੇਬੇ ਲਈ ਸੰਘਰਸ਼ ਕਰ ਰਹੇ ਹਨ | ਕਈ ਵਿਧਵਾਵਾਂ ਘਰਾਂ ਦੇ ਕੰਮ ਕਰ ਕੇ ਦੋ ਵੇਲੇ ਦੀ ਰੋਟੀ ਲਈ ਸੰਘਰਸ਼ ਕਰ ਰਹੀਆਂ ਹਨ, ਜਦਕਿ ਕਈ ਔਰਤਾਂ ਨਿੱਕੇ-ਨਿੱਕੇ ਕੰਮ ਕਰਕੇ ਆਪਣਾ ਸਮਾਂ ਟਪਾ ਰਹੀਆਂ ਹਨ | ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਪੰਜਾਬ ਭਰ ਵਿਚ ਰਹਿ ਰਹੇ ਹਜ਼ਾਰਾਂ ਪੀੜਤ ਪਰਿਵਾਰਾਂ ਨੂੰ  ਮੁੜ ਵਸੇਬੇ ਲਈ ਅਤੇ ਦੋ ਵੇਲੇ ਦੀ ਰੋਟੀ ਯੋਗ ਬਣਾਉਣ ਲਈ ਪਿਛਲੇ 42 ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ, ਪਰ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਵਲੋਂ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਜ਼ਰੂਰ ਇਨ੍ਹਾਂ ਪਰਿਵਾਰਾਂ ਦੀ ਔਖੇ ਵੇਲੇ ਬਾਂਹ ਫੜ ਕੇ ਕੁਝ ਫ਼ੈਸਲੇ ਕੀਤੇ ਸਨ ਅਤੇ ਬਹੁਗਿਣਤੀ ਪਰਿਵਾਰਾਂ ਨੂੰ  ਫਲੈਟ ਅਤੇ ਬੂਥ ਅਲਾਟ ਕੀਤੇ ਗਏ ਸਨ | 
ਕਈ ਪੀੜਤਾਂ ਨੂੰ  ਡਿਪੂ ਵੀ ਅਲਾਟ ਕੀਤੇ ਗਏ ਸਨ ਅਤੇ ਨੌਕਰੀਆਂ ਵਿਚ ਕੋਟਾ ਵੀ ਰੱਖਿਆ ਗਿਆ ਸੀ, ਪਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਕਾਂਗਰਸ ਸਰਕਾਰ ਨੇ ਸਹੂਲਤਾਂ 'ਤੇ ਰੋਕ ਲਾ ਦਿੱਤੀ ਸੀ, ਪਰ ਮੌਜੂਦਾ ਸਰਕਾਰ ਨੇ ਤਾਂ ਨਵੰਬਰ '84 ਦੇ ਉਜਾੜੇ ਨੂੰ  ਮੁੜ ਦੁਹਰਾਉਂਦਿਆਂ ਰਹਿੰਦੇ ਮਸਲੇ ਤਾਂ ਕੀ ਹੱਲ ਕਰਨੇ ਸਨ, ਬਲਕਿ ਅਕਾਲੀ ਸਰਕਾਰ ਦੇ ਫ਼ੈਸਲਿਆਂ ਨੂੰ  ਰੱਦ ਕਰਦਿਆਂ ਦਿੱਤੀਆਂ ਗਈਆਂ ਸਹੂਲਤਾਂ ਵੀ ਵਾਪਸ ਲੈਣ ਲਈ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਹੈ | ਪੰਜਾਬ ਸਰਕਾਰ ਵਲੋਂ ਜਥੇਬੰਦੀ ਨੂੰ  ਭੇਜੇ ਗਏ ਇਕ ਪੱਤਰ ਵਿਚ ਤਾਂ ਇਹ ਕਿਹਾ ਗਿਆ ਹੈ ਕਿ ਪੀੜਤ ਪਰਿਵਾਰ ਇਨ੍ਹਾਂ ਸਭ ਸਹੂਲਤਾਂ ਦੇ ਹੱਕਦਾਰ ਨਹੀਂ ਹਨ, ਜੋ ਪਿਛਲੀ ਸਰਕਾਰ ਵਲੋਂ ਦਿੱਤੀਆਂ ਗਈਆਂ ਹਨ | ਪੱਤਰ ਵਿਚ ਤਾਂ ਇੱਥੋਂ ਤੱਕ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ  ਦਿੱਤੇ ਗਏ ਫਲੈਟ ਪੁਲਿਸ ਰਾਹੀਂ ਖ਼ਾਲੀ ਕਰਵਾਏ ਜਾਣਗੇ |
ਇੰਚਾਰਜ, ਉਪ ਦਫ਼ਤਰ, ਲੁਧਿਆਣਾ |

ਮੋਬਾਈਲ : 98764-00087 

Ad Position 22
No active advertisement
ਪਿਛਲੀ ਖ਼ਬਰ ਅੱਜ ਵੀ ਅੱਲੇ ਨੇ ਹੋਂਦ ਚਿੱਲੜ ਸਿੱਖ ਕਤਲੇਆਮ ਦੇ ਜ਼ਖ਼ਮ ਅਗਲੀ ਖ਼ਬਰ ਸਦੀਵੀ ਮਾਰਗਦਰਸ਼ਕ ਹੈ ਗੁਰਬਾਣੀ
Ad Position 24