ਇਹ ਗੱਲ ਲਗਭਗ ਸਪੱਸ਼ਟ ਹੋਣ ਲੱਗੀ ਹੈ ਕਿ ਆਉਂਦੇ ਫਰਵਰੀ-ਮਾਰਚ ਵਿਚ ਪੰਜਾਬ ਸਮੇਤ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਆਦਿ ਰਾਜਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ | ਵੱਖ-ਵੱਖ ਤਰੀਕਾਂ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਦੇ ਨਤੀਜੇ ਇਕੱਠੇ ਹੀ ਨਿਕਲਣ ਦੀ ਸੰਭਾਵਨਾ ਹੈ | ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ | ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਸੀ | ਇਸ ਸਮੇਂ ਇਸ ਦੀਆਂ 117 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ 95 ਸੀਟਾਂ ਹਨ | ਨਵੇਂ ਪੰਜਾਬ ਦੇ ਇਤਿਹਾਸ ਵਿਚ ਇਸ ਕਦਰ ਹੁਲਾਰਾ ਸ਼ਾਇਦ ਹੀ ਕਿਸੇ ਪਾਰਟੀ ਨੂੰ ਮਿਲਿਆ ਹੋਵੇਗਾ | ਇਸ ਦਾ ਇਕ ਵੱਡਾ ਕਾਰਨ ਪਹਿਲੀਆਂ ਸਰਕਾਰਾਂ ਤੋਂ ਲੋਕਾਂ ਵਿਚ ਪੈਦਾ ਹੋਈ ਨਿਰਾਸ਼ਾ ਸੀ | ਇੰਨੇ ਵੱਡੇ ਬਹੁਮਤ ਨਾਲ ਜਿੱਤਣ ਕਰਕੇ ਪੰਜਾਬੀਆਂ ਨੂੰ ਇਹ ਉਮੀਦ ਸੀ ਕਿ ਇਸ ਨਵੀਂ ਪਾਰਟੀ ਦੀ ਬਣੀ ਸਰਕਾਰ ਹਰ ਖੇਤਰ ਵਿਚ ਸੰਤੁਸ਼ਟੀਜਨਕ ਢੰਗ ਨਾਲ ਕੰਮ ਕਰਨ ਵਿਚ ਸਫ਼ਲ ਹੋ ਜਾਵੇਗੀ |
ਚੋਣਾਂ ਨੂੰ ਮਹਿਜ਼ ਤਿੰਨ ਕੁ ਮਹੀਨੇ ਦਾ ਸਮਾਂ ਰਹਿ ਗਿਆ ਹੈ | ਪਿਛਲੇ ਸਾਰੇ ਸਮੇਂ ਵਿਚ ਲੋਕ ਸਰਕਾਰ ਵਲੋਂ ਬਣਾਈਆਂ ਯੋਜਨਾਵਾਂ ਅਤੇ ਉਨ੍ਹਾਂ ਉੱਤੇ ਹੋ ਰਹੇ ਅਮਲ ਨੂੰ ਵੱਡੀ ਆਸ ਅਤੇ ਨੀਝ ਨਾਲ ਦੇਖਦੇ ਰਹੇ ਹਨ | ਜਿੱਥੇ ਸਰਕਾਰ ਨੇ ਲਗਾਤਾਰ ਲੋਕਾਂ ਪ੍ਰਤੀ ਪ੍ਰਤੀਬੱਧਤਾ ਦਿਖਾਉਂਦਿਆਂ ਆਪਣੀਆਂ ਲੋਕ ਭਲਾਈ ਦੀਆਂ ਸ਼ੁਰੂ ਕੀਤੀਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਸਫ਼ਲ ਕਰਾਰ ਦਿੱਤਾ ਹੈ, ਉੱਥੇ ਵਿਰੋਧੀ ਪਾਰਟੀਆਂ ਸਰਕਾਰ ਦੀ ਕਾਰਜਸ਼ੈਲੀ ਅਤੇ ਪ੍ਰਾਪਤੀਆਂ ਉੱਪਰ ਲਗਾਤਾਰ ਵੱਡਾ ਕਿੰਤੂ-ਪ੍ਰੰਤੂ ਕਰਦੀਆਂ ਰਹੀਆਂ ਹਨ | ਪਹਿਲੀਆਂ ਸਰਕਾਰਾਂ ਨੇ ਵੀ ਕਈ ਤਰ੍ਹਾਂ ਲੋਕ ਭਲਾਈ ਦੀਆਂ ਨੀਤੀਆਂ 'ਤੇ ਅਮਲ ਸ਼ੁਰੂ ਕੀਤਾ ਸੀ, ਜਿਨ੍ਹਾਂ ਵਿਚ ਮੁਫ਼ਤ ਦੀਆਂ ਯੋਜਨਾਵਾਂ ਵੀ ਸ਼ਾਮਿਲ ਸਨ | ਤਤਕਾਲੀ ਸਰਕਾਰ ਨੇ ਇਨ੍ਹਾਂ ਨੂੰ ਅੱਗੇ ਤੋਰਦਿਆਂ ਕਾਫ਼ੀ ਹੋਰ ਨਵੀਆਂ ਯੋਜਨਾਵਾਂ ਨੂੰ ਸਿਰੇ ਚਾੜ੍ਹਨ ਦਾ ਯਤਨ ਕੀਤਾ ਹੈ, ਪਰ ਇਸ ਨਾਲ ਸੂਬੇ 'ਤੇ ਪਿਛਲੇ ਲੰਮੇ ਸਮੇਂ ਤੋਂ ਚੜ੍ਹਦੇ ਆ ਰਹੇ ਕਰਜ਼ੇ ਵਿਚ ਹੋਰ ਵੀ ਵੱਡਾ ਵਾਧਾ ਹੋ ਗਿਆ ਹੈ | ਹੁਣ ਵੀ ਸਰਕਾਰ ਇਹ ਪ੍ਰਭਾਵ ਦੇ ਰਹੀ ਹੈ ਕਿ ਉਸ ਦੇ ਮੁੜ ਸੱਤਾ ਵਿਚ ਆਉਣ 'ਤੇ ਆਪਣੀਆਂ ਇਨ੍ਹਾਂ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਏਗਾ | ਇਸ ਤੋਂ ਇਲਾਵਾ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿਚ ਵੀ ਆਪਣੀਆਂ ਪ੍ਰਾਪਤੀਆਂ ਗਿਣਾਉਂਦੀ ਰਹੀ ਹੈ | ਮੁੱਖ ਮੰਤਰੀ ਆਪ ਵੀ ਲਗਾਤਾਰ ਸੂਬੇ ਭਰ ਵਿਚ ਦੌਰੇ ਕਰਕੇ ਇਨ੍ਹਾਂ ਸੰਬੰਧੀ ਲੋਕਾਂ ਨੂੰ ਦੱਸਦੇ ਰਹੇ ਹਨ ਤੇ ਲੋਕਾਂ ਨਾਲ ਜੁੜਨ ਦਾ ਵੀ ਯਤਨ ਕਰਦੇ ਰਹੇ ਹਨ | ਜਦੋਂ ਕਿ ਇਸੇ ਹੀ ਸਮੇਂ ਬਹੁਤੀਆਂ ਵਿਰੋਧੀ ਪਾਰਟੀਆਂ ਨੇ ਲਗਾਤਾਰ ਇਨ੍ਹਾਂ ਵਿਸ਼ਿਆਂ 'ਤੇ ਆਪਣੀ ਆਲੋਚਨਾਤਮਿਕ ਸੁਰ ਨੂੰ ਉੱਚਾ ਕਰੀ ਰੱਖਿਆ ਹੈ |
ਚੋਣਾਂ ਸੰਬੰਧੀ ਚਰਚਾ ਤਾਂ ਪਿਛਲੇ ਕਾਫ਼ੀ ਸਮੇਂ ਤੋਂ ਹੋਣ ਲੱਗੀ ਸੀ | ਪਰ ਜਿਵੇਂ-ਜਿਵੇਂ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਪਾਰਟੀਆਂ ਆਪਣੀ ਚੋਣ ਰਣਨੀਤੀ ਬਣਾਉਣ ਲਈ ਲਗਾਤਾਰ ਸਰਗਰਮ ਦਿਖਾਈ ਦੇ ਰਹੀਆਂ ਹਨ | ਪਰ ਆਮ ਆਦਮੀ ਪਾਰਟੀ ਵਲੋਂ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਆਪਣੀ ਬੜ੍ਹਤ ਬਣਾਉਣ ਦਾ ਯਤਨ ਕੀਤਾ ਗਿਆ ਹੈ | ਉਸ ਨੇ ਇਹ ਵੀ ਕਿਹਾ ਹੈ ਕਿ ਹੋਰ ਪਾਰਟੀਆਂ ਆਪੋ-ਆਪਣੇ ਕਾਰਨਾਂ ਕਰਕੇ ਅਤੇ ਖ਼ਾਸ ਤੌਰ 'ਤੇ ਪਾਰਟੀਆਂ ਅੰਦਰ ਬਗ਼ਾਵਤਾਂ ਹੋਣ ਦੇ ਖਦਸ਼ਿਆਂ ਨੂੰ ਲੈ ਕੇ ਹਾਲੇ ਉਮੀਦਵਾਰ ਐਲਾਨਣ ਤੋਂ ਝਿਜਕਦੀਆਂ ਜਾਪ ਰਹੀਆਂ ਹਨ | ਇਸ ਸੰਬੰਧੀ ਸੂਚੀ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਇਸ ਲਈ ਸਮੇਂ ਤੋਂ ਪਹਿਲਾਂ ਕੀਤਾ ਹੈ, ਤਾਂ ਕਿ ਇਸ ਦੇ ਉਮੀਦਵਾਰਾਂ ਨੂੰ ਲੋਕਾਂ ਵਿਚ ਜਾ ਕੇ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਲਈ ਪੂਰਾ ਸਮਾਂ ਮਿਲ ਸਕੇ | ਪਿਛਲੇ ਸਮੇਂ ਵਿਚ ਸਰਕਾਰ ਨੇ ਪਿੰਡਾਂ ਦੀਆਂ ਸੜਕਾਂ, ਛੱਪੜਾਂ ਅਤੇ ਮੁਢਲੇ ਵਿਕਾਸ ਕਾਰਜਾਂ ਲਈ ਜੋ ਕੰਮ ਕੀਤਾ ਹੈ, ਉਹ ਲੋਕਾਂ ਨੂੰ ਦੱਸਿਆ ਜਾ ਸਕੇ ਅਤੇ ਇਸ ਤੋਂ ਇਲਾਵਾ ਰੁਜ਼ਗਾਰ, ਆਮ ਆਦਮੀ ਕਲੀਨਿਕ ਅਤੇ ਸਰਕਾਰੀ ਸਕੂਲਾਂ ਅੰਦਰ ਕੀਤੀਆਂ ਵੱਡੀਆਂ ਤਬਦੀਲੀਆਂ ਨੂੰ ਵੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾ ਸਕੇ | ਉਨ੍ਹਾਂ ਇਹ ਦਾਅਵਾ ਕੀਤਾ ਕਿ ਪਾਰਟੀ ਪਿੰਡਾਂ ਅਤੇ ਸ਼ਹਿਰਾਂ ਵਿਚ ਕਰਵਾਏ ਆਪਣੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਹੀ ਉਨ੍ਹਾਂ ਦੀ ਪਾਰਟੀ ਜਨਤਾ ਵਿਚ ਜਾਏਗੀ |
ਸੱਤਾਧਾਰੀ ਪਾਰਟੀ ਵਲੋਂ ਉਮੀਦਵਾਰਾਂ ਸੰਬੰਧੀ ਕੀਤੇ ਗਏ ਐਲਾਨ ਦੇ ਸਾਹਮਣੇ ਆਉਣ ਨਾਲ ਆਉਂਦੇ ਦਿਨਾਂ ਵਿਚ ਸਿਆਸੀ ਹਲਚਲ ਦੇ ਹੋਰ ਵੀ ਵਧੇਰੇ ਤੇਜ਼ ਹੋਣ ਦੀ ਸੰਭਾਵਨਾ ਬਣ ਗਈ ਹੈ | ਦੂਜੇ ਪਾਸੇ ਵਿਰੋਧੀ ਧਿਰਾਂ ਵਲੋਂ ਆਉਂਦੇ ਸਮੇਂ ਵਿਚ ਰਾਜ 'ਚ ਨਸ਼ਿਆਂ ਅਤੇ ਅਪਰਾਧਾਂ ਨੂੰ ਲੈ ਕੇ ਵੀ ਸੱਤਾਧਾਰੀ ਪਾਰਟੀ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਏਗਾ | ਅਸੀਂ ਸਮਝਦੇ ਹਾਂ ਕਿ ਸੂਬੇ ਦੇ ਵਿਕਾਸ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ | ਇਸ ਲਈ ਸਾਰੇ ਸਿਆਸੀ ਦਲਾਂ ਵਿਚ ਪ੍ਰਤੀਬੱਧਤਾ ਪੈਦਾ ਹੋਣੀ ਜ਼ਰੂਰੀ ਹੈ | ਪਿਛਲੇ ਸਮੁੱਚੇ ਵਰਤਾਰੇ ਨੂੰ ਦੇਖਦਿਆਂ ਅਤੇ ਸਿਆਸੀ ਦਲਾਂ ਤੇ ਸਿਆਸਤਦਾਨਾਂ ਦੇ ਕਿਰਦਾਰ ਨੂੰ ਸਾਹਮਣੇ ਰੱਖਦਿਆਂ ਹੀ ਲੋਕਾਂ ਨੂੰ ਪੂਰੀ ਸੂਝ ਨਾਲ ਸੂਬੇ ਦੇ ਵਿਕਾਸ ਨੂੰ ਤਰਜੀਹ ਦਿੰਦਿਆਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਪਵੇਗੀ |
-ਬਰਜਿੰਦਰ ਸਿੰਘ ਹਮਦਰਦ