ਲੰਡਨ, 1 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਤੋਂ ਬਰਮਿੰਘਮ ਤੱਕ ਬਣ ਰਹੀ ਰੇਲ ਪਟੜੀ ਲਈ ਕੀਤੀ ਗਈ ਖੁਦਾਈ ਦੌਰਾਨ ਲਗਭਗ 4 ਲੱਖ 50 ਹਜ਼ਾਰ ਪੁਰਾਤਣ ਵਸਤਾਂ ਮਿਲੀਆਂ ਹਨ, ਜਿਹਨਾਂ ਨੂੰ ਇਕ ਗੁਪਤ ਗੋਦਾਮ 'ਚ 7300 ਡੱਬਿਆਂ 'ਚ ਸੰਭਾਲਿਆ ਹੋਇਆ ਹੈ | ਇਕ ਰਿਪੋਰਟ ਅਨੁਸਾਰ ਇਹ ਯੌਰਕਸ਼ਾਇਰ 'ਚ ਕਿਸੇ ਥਾਂ ਹੈ | ਜਿਹਨਾਂ 'ਚ ਇਕ ਸੰਭਾਵਿਤ ਰੋਮਨ ਗਲੇਡੀਏਟਰ ਦਾ ਟੈਗ, 40 ਹਜ਼ਾਰ ਸਾਲ ਤੋਂ ਵੀ ਪੁਰਾਣੀ ਪੱਥਰ ਦੀ ਕੁਲਹਾੜੀ ਤੇ 19ਵੀਂ ਸਦੀ ਦੇ ਸੋਨੇ ਦੇ ਨਕਲੀ ਦੰਦ ਸ਼ਾਮਲ ਹਨ | ਯੂ.ਕੇ. 'ਚ ਵੱਡੇ ਨਿਰਮਾਣ ਪ੍ਰਾਜੈਕਟਾਂ ਤੋਂ ਪਹਿਲਾਂ ਪੁਰਾਤਤਵ ਜਾਂਚ ਲਾਜ਼ਮੀ ਹੁੰਦੀ ਹੈ, ਤਾਂ ਜੋ ਇਤਿਹਾਸਕ ਵਿਰਾਸਤ ਨੂੰ ਬਚਾਇਆ ਜਾ ਸਕੇ | 2018 ਤੋਂ ਲੈ ਕੇ ਹੁਣ ਤੱਕ ਐਚ.ਐਸ. 2 ਦੇ ਲੰਡਨ ਤੋਂ ਬਰਮਿੰਘਮ ਰੂਟ 'ਤੇ ਕਰੀਬ 1,000 ਪੁਰਾਤਤਵ ਵਿਦਵਾਨਾਂ ਨੇ 60 ਥਾਵਾਂ 'ਤੇ ਖੁਦਾਈ ਕੀਤੀ | ਭਾਵੇਂ ਕਿ ਇਹਨਾਂ ਵਸਤਾਂ ਦੇ ਭਵਿੱਖ ਬਾਰੇ ਕੁਝ ਵੀ ਤੈਅ ਨਹੀਂ ਹੈ ਕਿ ਇਹਨਾ ਨੂੰ ਕਿੱਥੇ ਰੱਖਿਆ ਜਾਵੇਗਾ ਜਾਂ ਇਸ ਦਾ ਮਾਲਕ ਕੌਣ ਹੋਵੇਗਾ | ਪਰ ਹਿਸਟੋਰਿਕ ਇੰਗਲੈਂਡ ਨੇ ਕਿਹਾ ਕਿ ਇਨ੍ਹਾਂ ਖੋਜਾਂ ਰਾਹੀਂ ਪਿਛਲੇ 10 ਹਜ਼ਾਰ ਸਾਲਾਂ ਦੇ ਦਿਲਚਸਪ ਵਰਤਾਰੇ ਸਾਹਮਣੇ ਆਏ ਹਨ | ਖੁਦਾਈ ਦੌਰਾਨ ਰੋਮਨ ਸਿੱਕੇ, ਮੂਰਤੀਆਂ ਦੇ ਸਿਰ ਤੇ 13ਵੀਂ-14ਵੀਂ ਸਦੀ ਦਾ ਸੋਨੇ ਦਾ 'ਥ੍ਰੀ ਲਾਇਨਜ਼' ਲਾਕਟ ਮਿਲਿਆ ਹੈ | ਗੋਦਾਮ 'ਚ 1799 ਦਾ ਇਕ ਖਾਲੀ ਤਾਬੂਤ ਹੈ | ਇਥੇ ਮਿਲੀ ਇਕ 'ਪੈਲਿਓਲਿਥਿਕ ਪੱਥਰ' ਦੀ ਕੁਲਹਾੜੀ ਜੋ 40 ਹਜ਼ਾਰ ਸਾਲ ਤੋਂ ਵੀ ਪੁਰਾਣੀ ਹੈ | ਇਕ ਵੱਡੇ ਮਿੱਟੀ ਦੇ ਬਰਤਨ 'ਚ ਮਨੁੱਖੀ ਅਸਥੀਆਂ ਸਨ ਤੇ ਉਸਦੇ ਢੱਕਣ 'ਤੇ 'ਯ' ਦਾ ਨਿਸ਼ਾਨ ਸੀ | 19ਵੀਂ ਸਦੀ ਦੇ ਮੰਨੇ ਜਾਂਦੇ ਹੇਠਲੇ ਜਬੜੇ ਦੇ ਸੋਨੇ ਦੇ 6 ਨਕਲੀ ਦੰਦ ਵੀ ਇਨ੍ਹਾਂ 'ਚ ਸ਼ਾਮਿਲ ਹਨ, ਜਿਨ੍ਹਾਂ ਦੇ ਅੰਦਰਲੇ ਪਾਸੇ ਨੰਬਰਾਂ ਦੀ ਮੁਹਰ ਵੀ ਲੱਗੀ ਹੋਈ ਹੈ | ਜ਼ਿਕਰਯੋਗ ਹੈ ਕਿ ਲੰਡਨ ਤੋਂ ਬਰਮਿੰਘਮ ਤੱਕ ਦੇ ਸਫ਼ਰ ਨੂੰ ਤੇਜ਼ ਤੇ ਸੁਖਾਲਾ ਕਰਨ ਲਈ ਨਵੀਂ ਰੇਲ ਸੇਵਾ ਸ਼ੁਰੂ ਕਰਨ ਲਈ ਖੁਦਾਈ ਕੰਮ ਲਗਭਗ ਮੁਕੰਮਲ ਹੋ ਗਿਆ ਹੈ | ਖੁਦਾਈ ਦਾ ਕੰਮ 2018 'ਚ ਸ਼ੁਰੂ ਹੋਇਆ ਸੀ ਤੇ 2033 ਤੱਕ ਰੇਲ ਸੇਵਾ ਸ਼ੁਰੂ ਹੋਣ ਦਾ ਅਨੁਮਾਨ ਹੈ |