ਕੁਆਲਾਲੰਪੁਰ, 1 ਫਰਵਰੀ (ਇੰਟ.)-ਮਲੇਸ਼ੀਆਈ ਸਮੁੰਦਰਾਂ 'ਚ ਚੱਲ ਰਹੇ ਇਕ ਵੱਡੇ ਗੈਰ-ਕਾਨੂੰਨੀ ਤੇਲ ਵਪਾਰ ਦਾ ਪਰਦਾਫਾਸ਼ ਹੋਇਆ ਹੈ | ਮਲੇਸ਼ੀਆਈ ਮੈਰੀਟਾਈਮ ਇਨਫੋਰਸਮੈਂਟ ਏਜੰਸੀ ਨੇ ਪੇਨਾਂਗ ਦੇ ਤੱਟ ਤੋਂ ਇਕ ਹਾਈ-ਵੋਲਟੇਜ ਆਪ੍ਰੇਸ਼ਨ 'ਚ ਕੱਚੇ ਤੇਲ ਨਾਲ ਭਰੇ 2 ਵੱਡੇ ਟੈਂਕਰਾਂ ਨੂੰ ਰੰਗੇ ਹੱਥੀਂ ਜ਼ਬਤ ਕੀਤਾ | ਲਗਭਗ 129.9 ਮਿਲੀਅਨ ਡਾਲਰ ਦਾ ਤੇਲ ਗੁਪਤ ਰੂਪ 'ਚ ਇਕ ਜਹਾਜ਼ ਤੋਂ ਦੂਜੇ ਜਹਾਜ਼ 'ਚ ਟ੍ਰਾਂਸਫਰ ਕੀਤਾ ਜਾ ਰਿਹਾ ਸੀ | ਇਸ ਅੰਤਰਰਾਸ਼ਟਰੀ ਸਿੰਡੀਕੇਟ 'ਚ 53 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ, ਜਿਨ੍ਹਾਂ 'ਚ ਚੀਨੀ, ਈਰਾਨੀ ਤੇ ਭਾਰਤੀ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ | ਦੋਵਾਂ ਜਹਾਜ਼ਾਂ ਦੇ ਕੈਪਟਨਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਪੇਨਾਂਗ ਸਟੇਟ ਮੈਰੀਟਾਈਮ ਇਨਵੈਸਟੀਗੇਸ਼ਨ ਅਫਸਰ ਹੁਣ ਪੂਰੀ ਜਾਂਚ ਕਰ ਰਿਹਾ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਗੈਰ-ਕਾਨੂੰਨੀ ਤੇਲ ਟ੍ਰਾਂਸਫਰ ਨੂੰ ਰੋਕਣ ਵੱਲ ਇਕ ਮਹੱਤਵਪੂਰਨ ਕਦਮ ਹੈ | ਜਾਂਚ ਤੋਂ ਪਤਾ ਲੱਗਾ ਕਿ ਦੋਵੇਂ ਜਹਾਜ਼ ਜੁੜੇ ਹੋਏ ਸਨ | ਇਕ ਸਥਾਨਕ ਗਸ਼ਤੀ ਕਿਸ਼ਤੀ ਨੂੰ ਵੀਰਵਾਰ ਨੂੰ ਇਕ ਸ਼ਿਕਾਇਤ ਮਿਲੀ ਤੇ ਟੈਂਕਰਾਂ ਦਾ ਮੁਆਇਨਾ ਕੀਤਾ | ਅਧਿਕਾਰੀਆਂ ਨੂੰ ਸ਼ੁਰੂ 'ਚ ਸ਼ੱਕ ਸੀ ਕਿ ਜਹਾਜ਼ ਗੈਰ-ਕਾਨੂੰਨੀ ਤੇਲ ਵਪਾਰ 'ਚ ਸ਼ਾਮਲ ਸਨ |