ਲੰਡਨ, 1 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਤੇ ਵੇਲਜ਼ 'ਚ ਪੁਲਿਸ ਵੱਲੋਂ ਵਰਤੀ ਜਾਣ ਵਾਲੀ 'ਚਿਹਰੇ ਦੀ ਪਛਾਣ ਤਕਨਾਲੋਜੀ' ਦੇ ਨਤੀਜਿਆਂ ਤੋਂ ਸੰਤੁਸ਼ਟ ਯੂ.ਕੇ. ਸਰਕਾਰ ਨੇ ਇਸ ਦੀ ਵਰਤੋਂ 'ਚ ਵਾਧੇ ਦੇ ਸੰਕੇਤ ਦਿੱਤੇ ਹਨ | ਲਾਈਵ ਚਿਹਰੇ ਦੀ ਪਛਾਣ ਵਾਲੀਆਂ ਵੈਨਾਂ ਦੀ ਗਿਣਤੀ ਦਸ ਤੋਂ ਵਧਾ ਕੇ ਹੁਣ 50 ਕਰਨ ਦੀ ਤਿਆਰੀ ਹੈ | ਜਿਸ ਨਾਲ ਇੰਗਲੈਂਡ ਤੇ ਵੇਲਜ਼ 'ਚ ਹਰੇਕ ਪੁਲਿਸ ਫੋਰਸ ਲਈ ਉਪਲਬਧ ਹੋ ਜਾਣਗੀਆਂ | ਯੋਜਨਾ 'ਚ ਇਕ ਰਾਸ਼ਟਰੀ ਚਿਹਰੇ ਦੀ ਪਛਾਣ ਪ੍ਰਣਾਲੀ ਲਈ 26 ਮਿਲੀਅਨ ਪੌਂਡ ਤੇ ਲਾਈਵ ਚਿਹਰੇ ਦੀ ਪਛਾਣ ਤਕਨਾਲੋਜੀ 'ਤੇ 11.6 ਮਿਲੀਅਨ ਪੌਂਡ ਦੇ ਨਿਵੇਸ਼ ਦਾ ਵਾਅਦਾ ਕੀਤਾ ਗਿਆ ਹੈ | ਇਹ ਐਲਾਨ ਸਰਕਾਰ ਦੇ ਅਜਿਹੀ ਤਕਨਾਲੋਜੀ ਦੀ ਪੁਲਿਸ ਵਰਤੋਂ ਬਾਰੇ 12-ਹਫ਼ਤੇ ਦੇ ਜਨਤਕ ਸਲਾਹ-ਮਸ਼ਵਰੇ ਦੌਰਾਨ ਆਇਆ ਹੈ | ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਦਾਅਵਾ ਕੀਤਾ ਹੈ ਕਿ ਚਿਹਰੇ ਦੀ ਪਛਾਣ ਤਕਨਾਲੋਜੀ ਦੀ ਵਰਤੋਂ ਕਰਕੇ 'ਇਕੱਲੇ ਮੈਟ (ਪੁਲਿਸ ਫੋਰਸ) ਨੇ 1,700 ਗਿ੍ਫਤਾਰੀਆਂ ਕੀਤੀਆਂ ਹਨ |