ਲੰਡਨ, 24 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਮਿੰਘਮ ਦੇ ਇਲਾਕੇ ਵਾਲਸਾਲ 'ਚ ਇੱਕ ਸਿੱਖ ਮਹਿਲਾ 'ਤੇ ਹੋਏ ਜਿਣਸੀ ਹਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਅਤੇ ਯੂ ਕੇ ਭਰ ਵਿੱਚ ਸਿੱਖਾਂ ਅੰਦਰ ਗੁੱਸੇ ਦੀ ਲਹਿਰ ਸੀ | ਕਿਉਂਕਿ ਇਸ ਘਟਨਾਂ ਤੋਂ ਮਹਿਜ ਕੁਝ ਦਿਨ ਪਹਿਲਾਂ ਹੀ ਬ੍ਰਮਿੰਘਮ ਦੇ ਇੱਕ ਹੋਰ ਇਲਾਕੇ ਓਲਡਬਰੀ ਦੇ ਇੱਕ ਪਾਰਕ ਵਿੱਚ ਸਿੱਖ ਮਹਿਲਾ ਨਾਲ ਜਬਰਜਨਾਹ ਦੀ ਘਟਨਾ ਵਾਪਰੀ ਸੀ | ਜਿਸ ਦਾ ਦੋਸ਼ੀ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਇਆ | ਲੇਕਨ ਪੁਲਿਸ ਨੇ ਵਾਲਸਾਲ ਵਾਲੀ ਘਟਨਾ ਦੇ ਦੋਸ਼ੀ ਜੌਹਨ ਐਸ਼ਬੀ ਨੂੰ ਗਿ੍ਫਤਾਰ ਕਰ ਲਿਆ ਸੀ ਤੇ ਜਿਸ ਨੂੰ ਹੁਣ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਤੇ ਘੱਟੋ ਘੱਟ 14 ਸਾਲ ਕੈਦ ਰੱਖਣ ਦੇ ਹੁਕਮ ਦਿੱਤੇ ਹਨ | ਇਸ ਸੁਣਵਾਈ ਦੌਰਾਨ ਅਦਾਲਤ ਵਿਚ ਮੌਜੂਦ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਅਤੇ ਸਿੱਖ ਫੈਡਰੇਸ਼ਨ ਦੇ ਭਾਈ ਜਸ ਸਿੰਘ ਨੇ ਕਿਹਾ ਕਿ ਜਦੋਂ ਉਹ ਪੂਰੀ ਸੁਣਵਾਈ ਦੌਰਾਨ ਘਟਨਾਂ ਬਾਰੇ ਸੁਣ ਰਹੇ ਸਨ ਤਾਂ ਉਹਨਾਂ ਲਈ ਸੁਣ ਪਾਉਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ | ਭਾਈ ਜਤਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਸਿੱਖ ਬੀਬੀ ਨੇ ਬੇਸ਼ਕ ਦਲੇਰੀ ਨਾਲ ਹਾਲਾਤਾਂ ਦਾ ਸਾਹਮਣਾ ਕੀਤਾ ਹੈ, ਪਰ ਜੋ ਦੋਸ਼ੀ ਨੇ ਦਰਿੰਦਗੀ ਵਿਖਾਈ ਹੈ, ਉਹ ਬਹੁਤ ਹੀ ਭਿਆਨਕ ਸੀ | ਉਹਨਾਂ ਭਰੇ ਮਨ ਨਾਲ ਕਿਹਾ ਕਿ ਅਜੇਹੀਆਂ ਘਟਨਾਵਾਂ ਨੂੰ ਭੁਲਾਉਣਾ ਬਹੁਤ ਮੁਸ਼ਕਿਲ ਹੈ | ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਨਸਲੀ ਹਮਲਾ ਕਰਨ ਵਾਲਿਆਂ ਲਈ ਇਹ ਸਜ਼ਾ ਸਖ਼ਤ ਚਿਤਾਵਨੀ ਹੈ | ਉਹਨਾਂ ਕਿਹਾ ਕਿ ਪੂਰਾ ਸਿੱਖ ਭਾਈਚਾਰਾ ਪੀੜਤ ਪਰਿਵਾਰ ਨਾਲ ਹੈ, ਇਹ ਸਜ਼ਾ ਥੋੜੀ ਰਾਹਤ ਦੇਣ ਵਾਲੀ ਹੈ | ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਿੱਖ ਭਾਈਚਾਰਾ ਚਿਰਾਂ ਤੋਂ ਮੰਗ ਕਰ ਰਿਹਾ ਹੈ ਸਿੱਖ ਵਿਰੋਧੀ ਹਮਲਿਆਂ ਨੂੰ ਨਸਲੀ ਅਪਰਾਧ ਵਜੋਂ ਦਰਜ਼ ਕੀਤਾ ਜਾਵੇ | ਤਾਂ ਕਿ ਨਫਰਤ ਫੈਲਾਉਣ ਵਾਲੇ ਲੋਕਾਂ ਨੂੰ ਨੱਥ ਪਾਈ ਜਾ ਸਕੇ | ਉਹਨਾਂ ਕਿਹਾ ਕਿ ਯੂ ਕੇ ਸਰਕਾਰ ਨੂੰ ਸਿੱਖ ਵਿਰੋਧੀ ਨਫਰਤੀ ਅਪਰਾਧਾਂ ਨਾਲ ਨਜਿੱਠਣ ਲਈ ਜਲਦੀ ਅਤੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਸਿੱਖਾਂ ਦੀ ਇਸ ਮੰਗ ਨੂੰ ਨਜ਼ਰ ਅੰਦਾਜ਼ ਕੀਤਾ ਹੋਇਆ ਹੈ | ਇਹਨਾਂ ਕਾਰਨਾਂ ਕਰਕੇ ਹੀ ਮਰਦਮਸ਼ੁਮਾਰੀ ਮੌਕੇ ਸਿੱਖਾਂ ਦੇ ਵੱਖਰੇ ਖਾਨੇ ਦੀ ਮੰਗ ਕੀਤੀ ਜਾਂਦੀ ਸੀ ਤਾਂ ਕਿ ਸਰਕਾਰੀ ਨੀਤੀਆਂ ਬਣਾਉਣ ਮੌਕੇ ਸਿੱਖਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਿਆ ਜਾ ਸਕੇ |