ਸੈਕਰਾਮੈਂਟੋ, 26 ਅਪ੍ਰੈਲ (ਹੁਸਨ ਲੜੋਆ ਬੰਗਾ)-ਹਸਪਤਾਲ ਡਾਕਟਰੀ ਜਾਂਚ ਲਈ ਲਿਆਂਦੇ ਲੁੱਟਮਾਰ ਦੀ ਘਟਨਾ 'ਚ ਸ਼ਾਮਿਲ ਇਕ ਸ਼ੱਕੀ ਵੱਲੋਂ ਚਲਾਈ ਗੋਲੀ ਨਾਲ ਇਕ ਪੁਲਿਸ ਅਫ਼ਸਰ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ | ਇਹ ਜਾਣਕਾਰੀ ਸ਼ਿਕਾਗੋ ਪੁਲਿਸ ਦੇ ਸੁਪਰਡੈਂਟ ਲੈਰੀ ਸਨੈਲਿੰਗ ਨੇ ਦਿੰਦਿਆਂ ਕਿਹਾ ਕਿ ਇਹ ਘਟਨਾ ਐਨਡੈਵਰ ਹੈਲਥ ਸਵੀਡਿਸ਼ ਹਸਪਤਾਲ 'ਚ ਵਾਪਰੀ ਹੈ | ਅਜੇ ਇਹ ਸਪਸ਼ਟ ਨਹੀਂ ਹੈ ਕਿ ਸ਼ੱਕੀ ਜਿਸ ਨਾਲ ਹਥਿਆਰਬੰਦ ਲਾਅ ਇਨਫੋਰਸਮੈਂਟ ਅਫ਼ਸਰ ਤਾਇਨਾਤ ਸਨ, ਹਥਿਆਰ ਕਿਸ ਤਰਾਂ ਪ੍ਰਾਪਤ ਕਰਨ ਵਿਚ ਸਫਲ ਹੋਇਆ | ਸ਼ੱਕੀ ਗੋਲੀਬਾਰੀ ਕਰਨ ਉਪਰੰਤ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਇਕ ਘਰ ਵਿਚ ਵੜ ਗਿਆ | ਪੁਲਿਸ ਵੱਲੋਂ ਘਰ ਦੀ ਘੇਰਾਬੰਦੀ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਸੁਪਰਡੈਂਟ ਅਨੁਸਾਰ ਜ਼ਖਮੀ ਪੁਲਿਸ ਅਫ਼ਸਰਾਂ ਨੂੰ ਐਡਵੋਕੇਟ ਇਲੀਨੋਇਸ ਮੈਸੋਨਿਕ ਮੈਡੀਕਲ ਸੈਂਟਰ ਲਿਜਾਇਆ ਗਿਆ | ਜਿੱਥੇ ਇਕ ਅਫ਼ਸਰ ਨੂੰ ਮਿ੍ਤਕ ਐਲਾਨ ਦਿੱਤਾ ਗਿਆ ਜਦ ਕਿ ਦੂਸਰਾ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ | ਮਾਮਲੇ ਦੀ ਜਾਂਚ ਲਈ ਹਸਪਤਾਲ ਬੰਦ ਕਰ ਦਿੱਤਾ ਗਿਆ ਹੈ | ਅਧਿਕਾਰੀਆਂ ਨੇ ਮਿ੍ਤਕ ਤੇ ਜ਼ਖਮੀ ਪੁਲਿਸ ਅਫ਼ਸਰਾਂ ਦੇ ਨਾਂਅ ਜਨਤਿਕ ਨਹੀਂ ਕੀਤੇ ਹਨ |