ਨਵੀਂ ਦਿੱਲੀ, 1 ਮਈ (ਉਪਮਾ ਡਾਗਾ ਪਾਰਥ)-ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਨਾਗਰਿਕ (ਸੋਧ) ਨੇਮਾਂ 2026 ਲਾਗੂ ਕਰ ਦਿੱਤੇ ਹਨ | ਦੋਹਰੀ ਨਾਗਰਿਕਤਾ ਨਾਲ ਜੁੜੇ ਮਾਮਲਿਆਂ 'ਚ ਸਪੱਸ਼ਟਤਾ ਲਿਆਉਣ ਲਈ ਲਿਆਂਦੇ ਨਵੇਂ ਨੇਮਾਂ ਤਹਿਤ ਹੁਣ ਪ੍ਰਵਾਸੀ ਭਾਰਤੀ ਕਾਰਡ (ਓ.ਸੀ.ਆਈ.) ਲਈ ਦਰਖ਼ਾਸਤ ਪੂਰੀ ਤਰ੍ਹਾਂ ਆਨਲਾਈਨ ਕਰਨੀ ਲਾਜ਼ਮੀ ਹੋਵੇਗੀ | ਗ੍ਰਹਿ ਮੰਤਰਾਲੇ ਵਲੋਂ ਨੋਟੀਫਾਈ ਕੀਤੇ ਨੇਮਾਂ ਮੁਤਾਬਿਕ ਦਰਖ਼ਾਸਤ ਕਰਨ ਵਾਲਿਆਂ ਨੂੰ ਹੁਣ ਡਿਜੀਟਲ (ਓ.ਸੀ.ਆਈ.) ਕਾਰਡ ਦੇ ਨਾਲ-ਨਾਲ ਈ-ਓ.ਸੀ.ਆਈ. (ਡਿਜੀਟਲ ਫਾਰਮ) ਦਾ ਵੀ ਵਿਕਲਪ ਮਿਲੇਗਾ, ਜਿਸ ਨਾਲ ਅਮਲ ਹੋਰ ਸੁਖਾਲਾ ਅਤੇ ਪਾਰਦਰਸ਼ੀ ਬਣਨ ਦੀ ਉਮੀਦ ਹੈ | ਸਰਕਾਰ ਵਲੋਂ ਸਭ ਤੋਂ ਅਹਿਮ ਬਦਲਾਅ ਨਾਬਾਲਗਾਂ ਨੂੰ ਲੈ ਕੇ ਕੀਤਾ ਗਿਆ ਹੈ ਜਿਸ ਮੁਤਾਬਿਕ ਕੋਈ ਵੀ ਨਾਬਾਲਗ ਇਕ ਹੀ ਸਮੇਂ 'ਤੇ ਭਾਰਤੀ ਅਤੇ ਵਿਦੇਸ਼ੀ ਦੋਵੇਂ ਪਾਸਪੋਰਟ ਨਹੀਂ ਰੱਖ ਸਕੇਗਾ | ਸਰਕਾਰ ਨੇ ਸਪੱਸ਼ਟ ਕੀਤਾ ਕਿ ਓ.ਸੀ.ਆਈ. ਸਟੇਟਸ ਇਕ ਵਿਸ਼ੇਸ਼ ਅਧਿਕਾਰ ਹੈ, ਅਧਿਕਾਰ ਨਹੀਂ | ਜੇਕਰ ਕੋਈ ਧਾਰਕ ਭਾਰਤੀ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਓ.ਸੀ.ਆਈ. ਰਜਿਸਟ੍ਰੇਸ਼ਨ ਰੱਦ ਕੀਤਾ ਜਾ ਸਕਦਾ ਹੈ | ਓ.ਸੀ.ਆਈ. ਕਾਰਡ ਧਾਰਕਾਂ ਨੂੰ ਭਾਰਤ 'ਚ ਤਾ-ਉਮਰ ਮਲਟੀਪਲ ਐਂਟਰੀ ਵੀਜ਼ਾ, ਭਾਰਤ 'ਚ ਆਰਥਿਕ ਅਤੇ ਸਿੱਖਿਅਕ ਸੁਵਿਧਾਵਾਂ ਮਿਲਦੀਆਂ ਹਨ |