ਲੰਡਨ, 14 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸੀਨੀਅਰ ਡਿਪਲੋਮੈਟ ਪੀ. ਕੁਮਾਰਨ ਨੇ ਬੀਤੇ ਕੱਲ੍ਹ ਬੁੱਧਵਾਰ ਨੂੰ ਯੂ.ਕੇ. ਵਿਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ | 1992 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ.ਐਫ.ਐਸ.) ਅਧਿਕਾਰੀ, ਕੁਮਾਰਨ ਹਾਲ ਹੀ ਤੱਕ ਵਿਦੇਸ਼ ਮੰਤਰਾਲੇ ਵਿਚ ਸਕੱਤਰ ਸਨ | ਉਹਨਾਂ ਵਿਕਰਮ ਦੋਰਾਈਸਵਾਮੀ ਦੀ ਥਾਂ ਲਈ ਹੈ, ਜਿਨ੍ਹਾਂ ਨੇ ਚੀਨ 'ਚ ਭਾਰਤ ਦੇ ਰਾਜਦੂਤ ਵਜੋਂ ਅਹੁਦਾ ਸੰਭਾਲਿਆ ਹੈ | ਪੀ. ਕੁਮਾਰਨ ਦਾ ਡਿਪਟੀ ਹਾਈ ਕਮਿਸ਼ਨਰ ਕਾਰਤਿਕ ਪਾਂਡੇ ਤੇ ਯੂ.ਕੇ. ਵਿਦੇਸ਼ ਮੰਤਰੀ ਯਵੇਟ ਕੂਪਰ ਦੇ ਵਿਸ਼ੇਸ਼ ਪ੍ਰਤੀਨਿਧੀ ਗੋਰਡਨ ਵੈਦਰਵੈਲ ਸੀ.ਐਮ.ਜੀ. ਨੇ ਨਿੱਘਾ ਸਵਾਗਤ ਕੀਤਾ | ਕੁਮਾਰਨ, ਜੋ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਅਰਬੀ ਭਾਸ਼ਾਵਾਂ 'ਚ ਮੁਹਾਰਤ ਰੱਖਦੇ ਹਨ, ਪਹਿਲਾਂ ਕਤਰ ਵਿਚ ਭਾਰਤ ਦੇ ਰਾਜਦੂਤ ਤੇ ਸਿੰਗਾਪੁਰ 'ਚ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾ ਚੁੱਕੇ ਹਨ | ਉਹ ਆਉਣ ਵਾਲੇ ਹਫ਼ਤਿਆਂ ਵਿਚ ਬਰਤਾਨੀਆ 'ਚ ਆਪਣੇ ਕਾਰਜਕਾਲ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਮਹਾਰਾਜਾ ਚਾਰਲਸ ਤੀਜੇ ਨੂੰ ਆਪਣਾ ਪ੍ਰਮਾਣ ਪੱਤਰ ਪੇਸ਼ ਕਰਨਗੇ |