ਲੈਸਟਰ (ਇੰਗਲੈਂਡ), 24 ਮਈ (ਸੁਖਜਿੰਦਰ ਸਿੰਘ ਢੱਡੇ)- ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਿਤ ਕੀਤੀ ਗਈ ਨਿਵੇਕਲੀ ਕਿਤਾਬ ''ਸਿੱਦਕੀ ਤੇ ਸੰਘਰਸ਼ੀ'' ਲੋਕ ਅਰਪਣ ਕੀਤੀ ਗਈ | ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਪੰਥਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਅਤੇ ਕਿਤਾਬ ਨੂੰ ਸੰਘਰਸ਼ ਦੇ ਇਤਿਹਾਸ ਨੂੰ ਸੰਭਾਲਣ ਵਾਲਾ ਮਹੱਤਵਪੂਰਨ ਯਤਨ ਕਰਾਰ ਦਿੱਤਾ | ਕਿਤਾਬ ਲੋਕ ਅਰਪਣ ਕਰਨ ਦੀ ਰਸਮ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਨਾਮ ਸਿੰਘ ਨਵਾਂਸ਼ਹਿਰ, ਸਟੇਜ ਸਕੱਤਰ ਭਾਈ ਮੁਖਤਿਆਰ ਸਿੰਘ, ਭਾਈ ਰਾਜਮਨਵਿੰਦਰ ਸਿੰਘ ਰਾਜਾ ਕੰਗ, ਭਾਈ ਬਰਿੰਦਰ ਸਿੰਘ ਬਿੱਟੂ, ਭਾਈ ਰਾਜਵੰਤ ਸਿੰਘ ਕੰਗ ਧਰਮੀ ਫੌਜੀ, ਭਾਈ ਮਨਜੀਤ ਸਿੰਘ ਢੱਕ ਮਾਜਰਾ, ਭਾਈ ਭਜਨ ਸਿੰਘ ਢਾਡੀ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਦੀ ਮੌਜੂਦਗੀ ਵਿੱਚ ਅਦਾ ਕੀਤੀ ਗਈ | ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸੰਘਰਸ਼ਾਂ, ਕੁਰਬਾਨੀਆਂ ਅਤੇ ਇਤਿਹਾਸ ਨੂੰ ਲਿਖਤੀ ਰੂਪ ਵਿੱਚ ਨਹੀਂ ਸੰਭਾਲਦੀਆਂ, ਉਨ੍ਹਾਂ ਦੀ ਅਸਲ ਕਹਾਣੀ ਸਮੇਂ ਦੇ ਨਾਲ ਵਿਸਰ ਜਾਂਦੀ ਹੈ | ਉਨ੍ਹਾਂ ਕਿਹਾ ਕਿ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸੰਘਰਸ਼ ਦੇ ਦੌਰ ਨੂੰ ਨੇੜਿਓਾ ਵੇਖਿਆ ਅਤੇ ਹੱਡੀਂ ਹੰਢਾਇਆ ਹੈ, ਜਿਸ ਕਾਰਨ ਉਨ੍ਹਾਂ ਦੀ ਲਿਖਤ ਵਿੱਚ ਸੱਚਾਈ ਅਤੇ ਦਰਦ ਦੀ ਡੂੰਘੀ ਛਾਪ ਦਿਖਾਈ ਦਿੰਦੀ ਹੈ | ਸਮਾਗਮ ਦੌਰਾਨ ਇਹ ਵੀ ਦੱਸਿਆ ਗਿਆ ਕਿ ''ਸਿੱਦਕੀ ਤੇ ਸੰਘਰਸ਼ੀ'' ਤੋਂ ਪਹਿਲਾਂ ਭਾਈ ਡੱਲੇਵਾਲ ਵੱਲੋਂ ''ਸੰਘਰਸ਼ ਦਾ ਦੌਰ'' ਨਾਮਕ ਕਿਤਾਬ ਵੀ ਲਿਖੀ ਜਾ ਚੁੱਕੀ ਹੈ, ਜਿਸ ਨੂੰ ਪੰਥਕ ਹਲਕਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਸੀ | ਨਵੀਂ ਕਿਤਾਬ ਵਿੱਚ ਸੰਘਰਸ਼ ਦੇ ਦੌਰ ਦੀਆਂ ਯਾਦਾਂ, ਸਾਥੀਆਂ ਦੇ ਜਜ਼ਬੇ, ਜੇਲ੍ਹ ਜੀਵਨ, ਜਲਾਵਤਨੀ ਅਤੇ ਕੌਮੀ ਸਿੱਦਕ ਨਾਲ ਜੁੜੇ ਕਈ ਅਹਿਮ ਪੱਖਾਂ ਨੂੰ ਦਰਸਾਇਆ ਗਿਆ ਹੈ | ਜਿਕਰਯੋਗ ਹੈ ਕਿ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਜਲਾਵਤਨੀ ਜੀਵਨ ਬਤੀਤ ਕਰ ਰਹੇ ਹਨ ਅਤੇ ਉਹ ਬਰਤਾਨੀਆ ਦੀਆਂ ਖਾਲਿਸਤਾਨੀ ਜਥੇਬੰਦੀਆਂ ਦੇ ਸੰਗਠਨ ਦੇ ਸਾਂਝੇ ਪ੍ਰਬੰਧਕ ਵਜੋਂ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ | ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੌਮਾਂ ਦੇ ਸੰਘਰਸ਼ ਅਤੇ ਕੁਰਬਾਨੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਮੇਂ ਦੀ ਵੱਡੀ ਲੋੜ ਹੈ | ਸਮਾਗਮ ਦੇ ਅੰਤ ਵਿੱਚ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ |