ਵੈਨਕੂਵਰ, 22 ਜੂਨ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਲਾਇਟਨ ਇਲਾਕੇ ਨੇੜੇ ਲੱਗੀ ਬੇਕਾਬੂ ਜੰਗਲੀ ਅੱਗ ਨੇ ਇੱਕ ਵਾਰ ਫਿਰ 2021 ਦੀ ਭਿਆਨਕ ਤਬਾਹੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਨਿਕਾਸੀ ਦੇ ਹੁਕਮਾਂ ਅਤੇ ਚੇਤਾਵਨੀਆਂ ਕਾਰਨ ਸਥਾਨਕ ਵਸਨੀਕ ਡਰ ਅਤੇ ਅਨਿਸ਼ਚਿਤਤਾ ਵਿੱਚ ਦਿਨ ਬਿਤਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਹਾਲੇ ਵੀ ਫੈਲ ਰਹੀ ਹੈ, ਹਾਲਾਂਕਿ ਇਸ ਦਾ ਰੁਖ਼ ਹੁਣ ਲਾਇਟਨ ਕਸਬੇ ਤੋਂ ਕੁਝ ਦੂਰ ਹੋਣ ਕਾਰਨ 40 ਤੋਂ ਵੱਧ ਜਾਇਦਾਦਾਂ ਲਈ ਜਾਰੀ ਕੀਤੇ ਨਿਕਾਸੀ ਦੇ ਹੁਕਮਾਂ ਨੂੰ ਘਟਾ ਕੇ ਚੇਤਾਵਨੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਕਈ ਹੋਰ ਇਲਾਕਿਆਂ ਵਿੱਚ ਨਿਕਾਸੀ ਦੇ ਹੁਕਮ ਅਤੇ ਚੇਤਾਵਨੀਆਂ ਹਾਲੇ ਵੀ ਲਾਗੂ ਹਨ। ਇੱਥੇ ਜ਼ਿਕਰਯੋਗ ਹੈ ਕਿ ਸਾਲ 2021 ਵਿੱਚ ਭਿਆਨਕ ਜੰਗਲੀ ਅੱਗ ਕਾਰਨ ਲਾਇਟਨ ਕਸਬੇ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ ਸੀ। ਇਸ ਕਰਕੇ ਮੌਜੂਦਾ ਅੱਗ ਨੇ ਲੋਕਾਂ ਦੇ ਮਨਾਂ ਵਿੱਚ ਮੁੜ ਉਹੀ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਕਈ ਪਰਿਵਾਰ ਆਪਣੇ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਬੀ.ਸੀ. ਵਾਈਲਡਫਾਇਰ ਸਰਵਿਸ ਵੱਲੋਂ ਅੱਗ ‘ਤੇ ਕਾਬੂ ਪਾਉਣ ਲਈ ਜ਼ਮੀਨੀ ਟੀਮਾਂ, ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਦੀ ਮਦਦ ਨਾਲ ਜੰਗੀ ਪੱਧਰ ‘ਤੇ ਕਾਰਵਾਈ ਜਾਰੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਾਰੀਆਂ ਨਿਕਾਸੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਥਿਤੀ ਬਾਰੇ ਸਰਕਾਰੀ ਅੱਪਡੇਟਾਂ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।