14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮਸਲਿਆਂ ਬਾਰੇ ਭਾਰਤ ਸਰਕਾਰ ਨਾਲ ਸੰਵਾਦ ਦੀ ਪਹਿਲ ਦਾ ਸਮਰਥਨ

Ad Position 21
No active advertisement
ਅਜੀਤ ਡੈਸਕ 23-06-2026
ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗਲੋਬਲ ਸਿੱਖ ਕੌਂਸਲ ਨੇ ਸ. ਨਵਕਿਰਨ ਸਿੰਘ ਐਡਵੋਕੇਟ ਅਤੇ ਸਿੱਖ ਕੌਮ ਦੇ ਹੋਰ ਨੁਮਾਇੰਦਿਆਂ ਵੱਲੋਂ 5 ਜੂਨ ਨੂੰ ਭਾਰਤ ਸਰਕਾਰ ਨਾਲ ਲੰਬੇ ਸਮੇਂ ਤੋਂ ਲਟਕੇ ਸਿੱਖ ਮਸਲਿਆਂ ਬਾਰੇ ਸੰਵਾਦ ਸ਼ੁਰੂ ਕਰਨ ਲਈ ਕੀਤੀ ਗਈ ਪਹਿਲ ਦਾ ਪੂਰਨ ਸਮਰਥਨ ਕੀਤਾ ਹੈ। ਕੌਂਸਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਚਦੇਵਾ ਨੇ ਸੰਵਾਦ ਸ਼ੁਰੂ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਸਲੇ ਭਾਰਤ ਦੇ ਸੰਵਿਧਾਨਕ ਅਤੇ ਕਾਨੂੰਨੀ ਢਾਂਚੇ ਦੇ ਦਾਇਰੇ ਵਿੱਚ ਰਹਿੰਦਿਆਂ, ਸ਼ਾਂਤਮਈ ਅਤੇ ਰਚਨਾਤਮਕ ਢੰਗ ਨਾਲ ਉਠਾਏ ਗਏ ਹਨ। ਪੇਸ਼ ਕੀਤੇ ਗਏ ਮਸਲੇ ਸਿੱਖ ਪੰਥ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ ਅਤੇ ਇਨ੍ਹਾਂ ਉੱਤੇ ਇਮਾਨਦਾਰੀ ਨਾਲ ਵਿਚਾਰ ਕਰਕੇ ਅਰਥਪੂਰਨ ਸੰਵਾਦ ਦੀ ਸਖ਼ਤ ਲੋੜ ਹੈ। ਉਹਨਾਂ ਕਿਹਾ ਕਿ ਇਸ ਸੰਵਾਦ ਵਿੱਚ ਸਿੱਖ ਪਛਾਣ ਅਤੇ ਧਾਰਮਿਕ ਅਧਿਕਾਰਾਂ ਦੀ ਰੱਖਿਆ, ਕਿਰਪਾਨ ਧਾਰਨ ਕਰਨ ਦੇ ਅਧਿਕਾਰ ਸੰਬੰਧੀ ਸਪੱਸ਼ਟ ਹਦਾਇਤਾਂ, ਆਨੰਦ ਮੈਰਿਜ ਐਕਟ ਨੂੰ ਹੋਰ ਮਜ਼ਬੂਤ ਕਰਨਾ, ਸਿੱਖ ਕੈਦੀਆਂ ਦੇ ਮਾਮਲਿਆਂ ਦੀ ਸਮੀਖਿਆ, ਇਤਿਹਾਸਕ ਗੁਰਦੁਆਰਿਆਂ ਦੀ ਸੰਭਾਲ ਅਤੇ ਵਾਪਸੀ, ਪੰਜਾਬੀ ਭਾਸ਼ਾ ਦੀ ਰੱਖਿਆ, ਕਰਤਾਰਪੁਰ ਸਾਹਿਬ ਕੌਰੀਡੋਰ, ਵਿਦੇਸ਼ ਵਸਦੇ ਸਿੱਖਾਂ ਲਈ ਵੀਜ਼ਾ ਸਹੂਲਤਾਂ, ਬਲੈਕਲਿਸਟ ਦਾ ਖਾਤਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਸਿੱਖ ਵਿਰਾਸਤੀ ਸਮੱਗਰੀ ਦੀ ਵਾਪਸੀ ਅਤੇ ਜੂਨ 1984 ਤੇ ਨਵੰਬਰ 1984 ਨਾਲ ਜੁੜੇ ਇਨਸਾਫ ਅਤੇ ਇਤਿਹਾਸਕ ਜ਼ਖਮਾਂ ਨਾਲ ਸੰਬੰਧਤ ਮਸਲੇ ਸ਼ਾਮਲ ਹਨ। ਗਲੋਬਲ ਸਿੱਖ ਕੌਂਸਲ ਦਾ ਮੰਨਣਾ ਹੈ ਕਿ ਸਿੱਖ ਕੌਮ ਦੇ ਨੁਮਾਇੰਦਿਆਂ ਅਤੇ ਭਾਰਤ ਸਰਕਾਰ ਦਰਮਿਆਨ ਸਤਿਕਾਰਪੂਰਵਕ ਅਤੇ ਗੰਭੀਰ ਗੱਲਬਾਤ ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਨੂੰ ਦੂਰ ਕਰਨ, ਗਲਤਫਹਿਮੀਆਂ ਨੂੰ ਘਟਾਉਣ ਅਤੇ ਭਰੋਸੇ ਦਾ ਮਾਹੌਲ ਬਣਾਉਣ ਵਿੱਚ ਸਹਾਇਕ ਹੋ ਸਕਦੀ ਹੈ। ਇਹ ਮਸਲੇ ਸਿੱਖ ਕੌਮ ਦੀ ਪਛਾਣ, ਧਾਰਮਿਕ ਆਜ਼ਾਦੀ, ਇਨਸਾਫ, ਵਿਰਾਸਤ ਅਤੇ ਮਰਯਾਦਾ ਨਾਲ ਡੂੰਘੇ ਤੌਰ ਤੇ ਜੁੜੇ ਹੋਏ ਹਨ। ਕੌਂਸਲ ਨੇ ਇਸ ਗੱਲ ਦਾ ਵੀ ਸਵਾਗਤ ਕੀਤਾ ਕਿ ਇਹ ਪ੍ਰਸਤਾਵ ਗੱਲਬਾਤ ਲਈ ਇੱਕ ਸਕਾਰਾਤਮਕ ਮਾਹੌਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ, ਅਤੇ ਅਗਲੇ ਪੜਾਅ ਵਿੱਚ ਸਿੱਖ ਭਾਈਚਾਰੇ ਵੱਲੋਂ ਆਉਣ ਵਾਲੇ ਸੁਝਾਵਾਂ ਨੂੰ ਵੀ ਵਿਚਾਰਿਆ ਜਾ ਸਕਦਾ ਹੈ। ਸਃ ਸਚਦੇਵਾ ਨੇ ਕਿਹਾ ਕਿ ਗਲੋਬਲ ਸਿੱਖ ਕੌਂਸਲ ਇਸ ਪਹਿਲ ਨੂੰ ਆਪਣਾ ਨੈਤਿਕ ਸਮਰਥਨ ਦਿੰਦੀ ਹੈ ਅਤੇ ਆਸ ਕਰਦੀ ਹੈ ਕਿ ਭਾਰਤ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖ ਕੌਮ ਨਾਲ ਅਰਥਪੂਰਨ ਸੰਵਾਦ ਸ਼ੁਰੂ ਕਰਨ ਲਈ ਯੋਗ ਕਦਮ ਚੁੱਕੇਗੀ। ਕੌਂਸਲ ਦਾ ਵਿਸ਼ਵਾਸ ਹੈ ਕਿ ਇਮਾਨਦਾਰ ਗੱਲਬਾਤ, ਆਪਸੀ ਸਤਿਕਾਰ ਅਤੇ ਸਮੇਂ ਸਿਰ ਕੀਤੀ ਕਾਰਵਾਈ ਸ਼ਾਂਤੀ, ਸਮਝਦਾਰੀ ਅਤੇ ਇਨਸਾਫ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਵੱਸਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਮਨਾਇਆ ਗਿਆ ਪਿਤਾ ਦਿਵਸ-2 ਅਗਲੀ ਖ਼ਬਰ -ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ- ਸਕੌਮਿਸ ‘ਚ ਸਜਾਇਆ ਗਿਆ ਨਗਰ ਕੀਰਤਨ ਵੱਡੀ ਗਿਣਤੀ ਚ...
Ad Position 24