ਨਿਊਯਾਰਕ, 1 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਵਿਚ ਮੈਡੀਕੇਅਰ ਧੋਖਾਧੜੀ ਦੇ 136 ਮਿਲੀਅਨ ਡਾਲਰ ਦੇ ਵੱਡੇ ਮਾਮਲੇ ਵਿਚ ਹੈਲਥਕੇਅਰ ਕੰਪਲਾਇੰਸ ਬਾਰੇ ਕਿਤਾਬਾਂ ਲਿਖਣ ਵਾਲੀ ਜੀਨ ਵਿਲਸਨ ਨੂੰ 10 ਸਾਲ ਦੀ ਫੈਡਰਲ ਕੈਦ ਸੁਣਾਈ ਗਈ ਹੈ। ਨਿਊਜਰਸੀ ਦੀ ਫੈਡਰਲ ਅਦਾਲਤ ਨੇ 54 ਸਾਲਾ ਵਿਲਸਨ ਨੂੰ ਕੈਦ ਦੇ ਨਾਲ ਰਿਹਾਈ ਤੋਂ ਬਾਅਦ 3 ਸਾਲ ਨਿਗਰਾਨੀ ਹੇਠ ਰਹਿਣ ਦਾ ਹੁਕਮ ਵੀ ਦਿੱਤਾ। ਪ੍ਰੋਸੀਕਿਊਟਰਾਂ ਅਨੁਸਾਰ ਵਿਲਸਨ ਦੋ ਟੈਲੀਹੈਲਥ ਕੰਪਨੀਆਂ ਚਲਾਉਂਦੀ ਸੀ। ਦੋਸ਼ ਹੈ ਕਿ ਇਨ੍ਹਾਂ ਕੰਪਨੀਆਂ ਰਾਹੀਂ ਮੈਡੀਕੇਅਰ ਮਰੀਜ਼ਾਂ ਦੇ ਨਾਂਅ ’ਤੇ ਬਿਨਾਂ ਲੋੜ ਵਾਲੇ ਆਰਥੋਟਿਕ ਡਿਵਾਈਸਾਂ ਅਤੇ ਦਵਾਈਆਂ ਦੇ ਆਰਡਰ ਕਰਵਾਏ ਗਏ। ਇਸ ਲਈ ਡਾਕਟਰੀ ਪ੍ਰੋਵਾਈਡਰਾਂ ਨੂੰ ਗੈਰਕਾਨੂੰਨੀ ਕਮਿਸ਼ਨ ਦਿੱਤਾ ਜਾਂਦਾ ਸੀ। ਜਾਂਚ ਅਧਿਕਾਰੀਆਂ ਮੁਤਾਬਕ ਕਈ ਪ੍ਰਿਸਕ੍ਰਿਪਸ਼ਨਾਂ ਝੂਠੀਆਂ ਸਨ ਅਤੇ ਵਿਲਸਨ, ਜੋ ਖੁਦ ਲਾਇਸੰਸ ਪ੍ਰਾਪਤ ਨਰਸ ਸੀ, ਨੇ ਕਈ ਦਸਤਾਵੇਜ਼ਾਂ ’ਤੇ ਦਸਤਖ਼ਤ ਵੀ ਕੀਤੇ। ਇਸ ਧੋਖਾਧੜੀ ਕਾਰਨ ਸਰਕਾਰੀ ਸਿਹਤ ਬੀਮਾ ਪ੍ਰੋਗਰਾਮ ਨੂੰ ਕਰੋੜਾਂ ਡਾਲਰ ਦਾ ਨੁਕਸਾਨ ਹੋਇਆ।