**ਹਜ਼ਾਰਾਂ ਘਰੇਲੂ ਖਪਤਕਾਰਾਂ ਨੂੰ ਬਿੱਲਾਂ ਵਿੱਚ ਵੱਡੀ ਰਾਹਤ ਸਮੇਤ ਲਾਭ ਉਠਾ ਸਕਣਗੇਐਡੀਲੇਡ, 1 ਜੁਲਾਈ (ਗੁਰਮੀਤ ਸਿੰਘ ਵਾਲੀਆ)-ਅੱਜ ਤੋਂ ਦੱਖਣੀ ਆਸਟ੍ਰੇਲੀਆ ਦੇ ਘਰੇਲੂ ਬਿਜਲੀ ਖਪਤਕਾਰਾਂ ਲਈ ਬਿਜਲੀ ਦੇ ਬਿੱਲਾਂ ਵਿਚ ਰਾਹਤ ਦੇਣ ਵਾਲੀ ਨਵੀਂ ਸੋਲਰ ਸ਼ੇਅਰਰ ਆਫਰ ਯੋਜਨਾ ਲਾਗੂ ਹੋ ਗਈ ਹੈ। ਇਸ ਤਹਿਤ ਯੋਗ ਬਿਜਲੀ ਰਿਟੇਲਰਾਂ ਨਾਲ ਜੁੜੇ ਗਾਹਕਾਂ ਨੂੰ ਹਰ ਰੋਜ਼ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟੇ ਮੁਫ਼ਤ ਬਿਜਲੀ ਦੀ ਸਹੂਲਤ ਮਿਲ ਸਕੇਗੀ। ਸਰਕਾਰ ਇੱਕ ਨਵੀਂ ਯੋਜਨਾ ਰਾਹੀਂ ਲੱਖਾਂ ਆਸਟ੍ਰੇਲੀਆਈ ਲੋਕਾਂ ਨੂੰ ਹਰ ਰੋਜ਼ ਤਿੰਨ ਘੰਟੇ ਤੱਕ ਮੁਫ਼ਤ ਬਿਜਲੀ ਪ੍ਰਾਪਤ ਕਰਨ ਦਾ ਮੌਕਾ ਦੇਵੇਗੀ। ਇਸ ਸਮੇਂ, ਦਿਨ ਦੇ ਵਿਚਕਾਰ ਪੈਦਾ ਹੋਣ ਵਾਲੀ ਵੱਡੀ ਮਾਤਰਾ ਵਿੱਚ ਸੂਰਜੀ ਊਰਜਾ ਬਰਬਾਦ ਹੋ ਜਾਂਦੀ ਹੈ, ਕਿਉਂਕਿ ਜ਼ਿਆਦਾਤਰ ਲੋਕ ਇਸਨੂੰ ਵਰਤਣ ਲਈ ਘਰ ਨਹੀਂ ਹੁੰਦੇ ਅਤੇ ਇਸਨੂੰ ਸਟੋਰ ਕਰਨ ਲਈ ਕਾਫ਼ੀ ਬੈਟਰੀਆਂ ਨਹੀਂ ਹੁੰਦੀਆਂ। ਇਹ ਯੋਜਨਾ ਦੱਖਣੀ ਆਸਟ੍ਰੇਲੀਆ, ਨਿਊ ਸਾਊਥ ਵੇਲਜ਼ ਅਤੇ ਦੱਖਣ-ਪੂਰਬੀ ਕੁਈਨਜ਼ਲੈਂਡ ਦੇ ਯੋਗ ਘਰੇਲੂ ਖਪਤਕਾਰਾਂ ਲਈ ਲਾਗੂ ਕੀਤੀ ਗਈ ਹੈ। ਆਸਟ੍ਰੇਲੀਆਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਮੁੱਖ ਉਦੇਸ਼ ਦਿਨ ਦੇ ਸਮੇਂ ਸੂਰਜੀ ਊਰਜਾ ਦੀ ਵੱਧ ਉਪਲਬਧਤਾ ਦਾ ਲਾਭ ਲੋਕਾਂ ਤੱਕ ਪਹੁੰਚਾਉਣਾ ਅਤੇ ਬਿਜਲੀ ਗ੍ਰਿਡ ’ਤੇ ਸ਼ਾਮ ਦੇ ਸਮੇਂ ਪੈਣ ਵਾਲੇ ਦਬਾਅ ਨੂੰ ਘਟਾਉਣਾ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਘਰ ਵਿੱਚ ਸੋਲਰ ਪੈਨਲ ਲੱਗੇ ਹੋਣਾ ਲਾਜ਼ਮੀ ਨਹੀਂ ਹੈ। ਹਾਲਾਂਕਿ ਘਰ ਵਿੱਚ ਸਮਾਰਟ ਮੀਟਰ ਹੋਣਾ ਅਤੇ ਉਸ ਬਿਜਲੀ ਰਿਟੇਲਰ ਦੀ ਯੋਜਨਾ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਜੋ ਇਹ ਆਫਰ ਪ੍ਰਦਾਨ ਕਰ ਰਿਹਾ ਹੋਵੇ। ਯੋਜਨਾ ਅਧੀਨ ਮੁਫ਼ਤ ਬਿਜਲੀ ਦੀ ਵਰਤੋਂ ਦੀ ਰੋਜ਼ਾਨਾ ਸੀਮਾ 24 ਕਿਲੋਵਾਟ ਘੰਟੇ ਤੱਕ ਰੱਖੀ ਗਈ ਹੈ।