ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਵਤਾਰ ਦਿਹਾੜੇ ਨੂੰ ਸਮਰਪਿਤ ਸਾਲਾਨਾ ‘ਆਪਣੀ ਸਿਹਤ ਦਾ ਧਿਆਨ ਰੱਖੋ’ ਸਮਾਗਮ ਕਰਵਾਇਆ ਗਿਆ
ਲੈਸਟਰ(ਇੰਗਲੈਂਡ), 21 ਅਗਸਤ (ਸੁਖਜਿੰਦਰ ਸਿੰਘ ਢੱਡੇ)-ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਓਡਬੀ, ਲੈਸਟਰਸ਼ਾਇਰ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ 570ਵੇਂ ਗੁਰਪੁਰਬ (ਜਨਮ ਦਿਹਾੜੇ) ਨੂੰ ਸਮਰਪਿਤ ਸਾਲਾਨਾ ‘ਆਪਣੀ ਸਿਹਤ ਦਾ ਧਿਆਨ ਰੱਖੋ’ ਸਮਾਗਮ ਕਰਵਾਇਆ ਗਿਆ, ਜਿਸ ਦਾ ਵੱਡੀ ਗਿਣਤੀ ਸੰਗਤ ਨੇ ਲਾਭ ਲਿਆ। ਇਸ ਮੌਕੇ ਬ੍ਰਿਟਿਸ਼ ਹਾਰਟ ਫਾਊਂਡੇਸ਼ਨ, ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਰਿਸਰਚ, ਲੋਕਲ ਏਰੀਆ ਕੋ-ਆਰਡੀਨੇਟਰ ਯੂਨਿਟ ਅਤੇ ਅਲਜ਼ਾਈਮਰਜ਼ ਰਿਸਰਚ ਯੂ.
ਲੈਸਟਰ(ਇੰਗਲੈਂਡ), 21 ਅਗਸਤ (ਸੁਖਜਿੰਦਰ ਸਿੰਘ ਢੱਡੇ)-ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਓਡਬੀ, ਲੈਸਟਰਸ਼ਾਇਰ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ 570ਵੇਂ ਗੁਰਪੁਰਬ (ਜਨਮ ਦਿਹਾੜੇ) ਨੂੰ ਸਮਰਪਿਤ ਸਾਲਾਨਾ ‘ਆਪਣੀ ਸਿਹਤ ਦਾ ਧਿਆਨ ਰੱਖੋ’ ਸਮਾਗਮ ਕਰਵਾਇਆ ਗਿਆ, ਜਿਸ ਦਾ ਵੱਡੀ ਗਿਣਤੀ ਸੰਗਤ ਨੇ ਲਾਭ ਲਿਆ। ਇਸ ਮੌਕੇ ਬ੍ਰਿਟਿਸ਼ ਹਾਰਟ ਫਾਊਂਡੇਸ਼ਨ, ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਰਿਸਰਚ, ਲੋਕਲ ਏਰੀਆ ਕੋ-ਆਰਡੀਨੇਟਰ ਯੂਨਿਟ ਅਤੇ ਅਲਜ਼ਾਈਮਰਜ਼ ਰਿਸਰਚ ਯੂ.ਕੇ. ਵੱਲੋਂ ਸਟਾਲ ਲਗਾ ਕੇ ਲੋਕਾਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੱਤੀ ਗਈ, ਜਦਕਿ ਡਾ. ਸਨੇਹਲ ਡੀ’ਸੂਜ਼ਾ ਦੀ 282 ਕੁਈਨਜ਼ ਰੋਡ ਸਰਜਰੀ ਵੱਲੋਂ ਵਾਕ-ਇਨ ਸਿਹਤ ਜਾਂਚ ਵੈਨ ਮੁਹੱਈਆ ਕਰਵਾਈ ਗਈ, ਜਿਸ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲੋਕਾਂ ਦੇ ਬਲੱਡ ਪ੍ਰੈਸ਼ਰ, ਕੱਦ, ਵਜ਼ਨ ਅਤੇ ਬਾਡੀ ਮਾਸ ਇੰਡੈਕਸ ਦੀ ਜਾਂਚ ਕਰਨ ਦੇ ਨਾਲ ਸਿਹਤਮੰਦ ਖੁਰਾਕ ਸਬੰਧੀ ਸਲਾਹ ਦਿੱਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਲਾਰਡ ਲੈਫਟੀਨੈਂਟ ਆਫ ਲੈਸਟਰਸ਼ਾਇਰ ਦੀ ਨੁਮਾਇੰਦਗੀ ਕਰ ਰਹੇ ਡਿਪਟੀ ਲੈਫਟੀਨੈਂਟ ਡਾ. ਐਂਜਲਾ ਲੈਨੌਕਸ ਸੀ.ਬੀ.ਈ. ਨੇ 1995 ਵਿਚ ਸਥਾਪਿਤ ਪੰਜਾਬੀ ਲਿਸਨਰਜ਼ ਕਲੱਬ ਵੱਲੋਂ ਵੱਖ-ਵੱਖ ਸਿਹਤ ਸੰਸਥਾਵਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲੋਂ 17ਵੀਂ ਸਦੀ ਦੌਰਾਨ ਦਿੱਲੀ ਵਿਚ ਚੇਚਕ ਅਤੇ ਹੈਜ਼ੇ ਦੀ ਮਹਾਂਮਾਰੀ ਸਮੇਂ ਕੀਤੀ ਗਈ ਮਨੁੱਖਤਾ ਦੀ ਸੇਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਸੇਵਾ ਦਾ ਸੰਦੇਸ਼ ਅੱਜ ਵੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੱਸਿਆ ਕਿ ਐਨ.ਐਚ.ਐਸ. ਦੀ ਸਥਾਪਨਾ 1948 ਵਿਚ ਹੋਈ ਸੀ ਅਤੇ ਇਸ ਦੀਆਂ ਸਿਹਤ ਸੇਵਾਵਾਂ ਲੋਕਾਂ ਲਈ ਮੁਫ਼ਤ ਹਨ। ਉਨ੍ਹਾਂ ਸਰੀਰਕ ਸਿਹਤ ਦੇ ਨਾਲ ਮਾਨਸਿਕ ਸਿਹਤ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਡਾ. ਲੈਨੌਕਸ ਨੂੰ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦੀ ਸੁੰਦਰ ਰੰਗੀਨ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅਲਜ਼ਾਈਮਰਜ਼ ਰਿਸਰਚ ਯੂਕੇ ਦੀ ਨੂਰੀ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸੰਗਤ ਨੂੰ ਡਿਮੈਂਸ਼ੀਆ, ਦਿਮਾਗੀ ਸਿਹਤ, ਇਸ ਨਾਲ ਜੁੜੇ ਖਤਰੇ ਦੇ ਕਾਰਕਾਂ, ਸਿਹਤ ਜਾਂਚਾਂ, ਇਲਾਜ ਅਤੇ ਰੋਕਥਾਮ ਸਬੰਧੀ ਹੋ ਰਹੀ ਖੋਜ ਬਾਰੇ ਜਾਗਰੂਕ ਕੀਤਾ ਅਤੇ ਪੰਜਾਬੀ ਤੇ ਅੰਗਰੇਜ਼ੀ ਵਿਚ ਜਾਣਕਾਰੀ ਵਾਲੇ ਪਰਚੇ ਵੀ ਵੰਡੇ। ਸਮਾਗਮ ਦੌਰਾਨ ਸਿਹਤਮੰਦ ਖੁਰਾਕ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਖੁਰਾਕ ਵਿਚ ਰੋਟੀਆਂ ਦੀ ਮਾਤਰਾ ਘਟਾ ਕੇ ਸਬਜ਼ੀਆਂ ਵਧਾਉਣ ਅਤੇ ਫੁੱਲ-ਫੈਟ ਦੁੱਧ ਦੀ ਥਾਂ ਸੈਮੀ-ਸਕਿਮਡ ਦੁੱਧ ਵਰਗੀਆਂ ਸਿਹਤਮੰਦ ਚੋਣਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿਚ ਪੰਜਾਬੀ ਲਿਸਨਰਜ਼ ਕਲੱਬ ਦੇ ਕੋਆਰਡੀਨੇਟਰ ਤਰਲੋਚਨ ਸਿੰਘ ਵਿਰਕ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਲੈਫਟੀਨੈਂਸੀ ਦਫ਼ਤਰ, ਸਮੂਹ ਸਿਹਤ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸਾਧ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਇਸ ਸਾਲ ਦਾ ‘ਆਪਣੀ ਸਿਹਤ ਦਾ ਧਿਆਨ ਰੱਖੋ’ ਸਮਾਗਮ ਸਫਲ ਰਿਹਾ।