ਅਮਰੀਕੀ ਨਾਗਰਿਕਤਾ ਲਈ ਹੁਣ ਗੁਆਂਢੀਆਂ ਤੋਂ ਵੀ ਹੋ ਸਕਦੀ ਪੁੱਛਗਿੱਛ
ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਟਰੰਪ ਪ੍ਰਸ਼ਾਸਨ ਨੇ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇਣ ਵਾਲਿਆਂ ਦੀ ਜਾਂਚ ਸਖ਼ਤ ਕਰਦਿਆਂ ਗੁਆਂਢੀ ਜਾਂਚ ਮੁੜ ਲਾਗੂ ਕਰ ਦਿੱਤੀ ਹੈ। ਲੋੜ ਪੈਣ ’ਤੇ ਯੂ.
ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਟਰੰਪ ਪ੍ਰਸ਼ਾਸਨ ਨੇ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇਣ ਵਾਲਿਆਂ ਦੀ ਜਾਂਚ ਸਖ਼ਤ ਕਰਦਿਆਂ ਗੁਆਂਢੀ ਜਾਂਚ ਮੁੜ ਲਾਗੂ ਕਰ ਦਿੱਤੀ ਹੈ। ਲੋੜ ਪੈਣ ’ਤੇ ਯੂ. ਐਸ. ਸੀ. ਆਈ. ਸੀ. ਅਧਿਕਾਰੀ ਅਰਜ਼ੀਕਾਰ ਦੇ ਗੁਆਂਢੀਆਂ, ਮਕਾਨ ਮਾਲਕਾਂ, ਮਾਲਕਾਂ, ਸਹਿਕਰਮੀਆਂ ਅਤੇ ਕਾਰੋਬਾਰੀ ਜਾਣਕਾਰਾਂ ਤੋਂ ਜਾਣਕਾਰੀ ਲੈ ਸਕਣਗੇ। ਨਵੀਂ ਹਦਾਇਤ ਤੁਰੰਤ ਲਾਗੂ ਹੋ ਗਈ ਹੈ ਅਤੇ ਪਹਿਲਾਂ ਤੋਂ ਵਿਚਾਰ ਅਧੀਨ ਤੇ ਹੁਣ ਦਾਇਰ ਹੋਣ ਵਾਲੀਆਂ ਦੋਵੇਂ ਤਰ੍ਹਾਂ ਦੀਆਂ ਅਰਜ਼ੀਆਂ ’ਤੇ ਲਾਗੂ ਹੋਵੇਗੀ। ਜਾਂਚ ਰਾਹੀਂ ਅਰਜ਼ੀਕਾਰ ਦੀ ਰਿਹਾਇਸ਼, ਰੁਜ਼ਗਾਰ, ਚਰਿੱਤਰ, ਸਮਾਜਿਕ ਸਾਖ਼ ਅਤੇ ਅਰਜ਼ੀ ’ਚ ਦਿੱਤੀ ਜਾਣਕਾਰੀ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਇਹ ਵੀ ਦੇਖਿਆ ਜਾਵੇਗਾ ਕਿ ਉਹ ਅਮਰੀਕੀ ਸੰਵਿਧਾਨ ਪ੍ਰਤੀ ਵਚਨਬੱਧ ਅਤੇ ਨਾਗਰਿਕਤਾ ਦੀਆਂ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਦਾ ਹੈ ਜਾਂ ਨਹੀਂ। ਯੂ.ਐਸ.ਸੀ.ਆਈ.ਸੀ. ਨੇ ਸਪਸ਼ਟ ਕੀਤਾ ਹੈ ਕਿ ਹਰ ਅਰਜ਼ੀਕਾਰ ਦੀ ਗੁਆਂਢੀ ਜਾਂਚ ਲਾਜ਼ਮੀ ਨਹੀਂ ਹੋਵੇਗੀ। ਧੋਖਾਧੜੀ ਰੋਕਥਾਮ ਅਤੇ ਰਾਸ਼ਟਰੀ ਸੁਰੱਖਿਆ ਅਧਿਕਾਰੀ ਹਰ ਮਾਮਲੇ ਦੇ ਰਿਕਾਰਡ ਦੇ ਆਧਾਰ ’ਤੇ ਜਾਂਚ ਕਰਨ ਜਾਂ ਛੋਟ ਦੇਣ ਦਾ ਫ਼ੈਸਲਾ ਕਰਨਗੇ। ਅਰਜ਼ੀਕਾਰ ਪਰਿਵਾਰ ਤੋਂ ਬਾਹਰਲੇ ਅਮਰੀਕੀ ਨਾਗਰਿਕਾਂ ਵੱਲੋਂ ਲਿਖੇ ਚਰਿੱਤਰ ਜਾਂ ਸਿਫ਼ਾਰਸ਼ੀ ਪੱਤਰ ਵੀ ਜਮ੍ਹਾਂ ਕਰਵਾ ਸਕਦੇ ਹਨ। ਅਜਿਹੇ ਪੱਤਰ ਜਾਂਚ ਤੋਂ ਛੋਟ ਦੇ ਫ਼ੈਸਲੇ ਵਿੱਚ ਮਦਦਗਾਰ ਹੋ ਸਕਦੇ ਹਨ, ਪਰ ਛੋਟ ਦੀ ਗਾਰੰਟੀ ਨਹੀਂ ਦੇਣਗੇ। ਗੁਆਂਢੀ ਜਾਂਚ ਦੀ ਵਿਵਸਥਾ 1952 ਦੇ ਕਾਨੂੰਨ ਵਿਚ ਮੌਜੂਦ ਸੀ, ਪਰ 1991 ਤੋਂ ਇਸ ਉੱਤੇ ਆਮ ਛੋਟ ਦਿੱਤੀ ਜਾਂਦੀ ਰਹੀ। ਟਰੰਪ ਪ੍ਰਸ਼ਾਸਨ ਨੇ 2025 ਵਿਚ ਇਹ ਜਾਂਚਾਂ ਮੁੜ ਸ਼ੁਰੂ ਕੀਤੀਆਂ ਸਨ ਤੇ ਹੁਣ ਯੂ.ਐਸ.ਸੀ.ਆਈ.ਸੀ. ਨੇ ਪੂਰੀ ਪ੍ਰਕਿਰਿਆ ਨੂੰ ਆਪਣੇ ਪਾਲਿਸੀ ਮੈਨੂਅਲ ਵਿਚ ਸ਼ਾਮਲ ਕਰ ਦਿੱਤਾ ਹੈ।