ਮੈਨੀਟੋਬਾ ਵਿਚ ਹੁਣ ਸਾਲ ਭਰ ਰਹੇਗਾ ਡੇਲਾਈਟ ਸੇਵਿੰਗ ਟਾਈਮ
1 ਨਵੰਬਰ ਨੂੰ ਘੜੀਆਂ ਪਿੱਛੇ ਨਹੀਂ ਕੀਤੀਆਂ ਜਾਣਗੀਆਂ
ਵਿਨੀਪੈਗ, 18 ਸਤੰਬਰ (ਵਰਿੰਦਰ ਸਿੰਘ ਰੰਧਾਵਾ)-ਮੈਨੀਟੋਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਹੁਣ ਮੌਸਮੀ ਤੌਰ ’ਤੇ ਘੜੀਆਂ ਅੱਗੇ-ਪਿੱਛੇ ਕਰਨ ਦੀ ਪ੍ਰਥਾ ਖਤਮ ਕੀਤੀ ਜਾ ਰਹੀ ਹੈ। ਮੈਨੀਟੋਬਾ ਹੁਣ ਡੇਲਾਈਟ ਸੇਵਿੰਗ ਟਾਈਮ (ਡੀ.
ਵਿਨੀਪੈਗ, 18 ਸਤੰਬਰ (ਵਰਿੰਦਰ ਸਿੰਘ ਰੰਧਾਵਾ)-ਮੈਨੀਟੋਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਹੁਣ ਮੌਸਮੀ ਤੌਰ ’ਤੇ ਘੜੀਆਂ ਅੱਗੇ-ਪਿੱਛੇ ਕਰਨ ਦੀ ਪ੍ਰਥਾ ਖਤਮ ਕੀਤੀ ਜਾ ਰਹੀ ਹੈ। ਮੈਨੀਟੋਬਾ ਹੁਣ ਡੇਲਾਈਟ ਸੇਵਿੰਗ ਟਾਈਮ (ਡੀ.ਐਸ.ਟੀ.) ਨੂੰ ਸਥਾਈ ਤੌਰ ’ਤੇ ਲਾਗੂ ਰੱਖੇਗਾ। ਸਰਕਾਰ ਵਲੋਂ ਕੀਤੇ ਜਨਤਕ ਸਰਵੇਖਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦਾ ਮਤਲਬ ਹੈ ਕਿ 1 ਨਵੰਬਰ 2026 ਨੂੰ ਮੈਨੀਟੋਬਾ ਦੀਆਂ ਘੜੀਆਂ ਇੱਕ ਘੰਟਾ ਪਿੱਛੇ ਨਹੀਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਸੂਬੇ ਵਿਚ ਸਾਲ ਵਿੱਚ ਦੋ ਵਾਰ ਸਮਾਂ ਬਦਲਣ ਦੀ ਲੋੜ ਨਹੀਂ ਰਹੇਗੀ। ਮਈ ਮਹੀਨੇ ਵਿਚ ਮੈਨੀਟੋਬਾ ਸਰਕਾਰ ਵਲੋਂ ਲੋਕਾਂ ਤੋਂ ਸਮਾਂ ਬਦਲਣ ਬਾਰੇ ਰਾਏ ਮੰਗੀ ਗਈ ਸੀ, ਜਿਸ ਵਿਚ ਕਰੀਬ 72,000 ਵੋਟਾਂ ਪ੍ਰਾਪਤ ਹੋਈਆਂ। ਸਰਕਾਰੀ ਅੰਕੜਿਆਂ ਮੁਤਾਬਕ 92 ਫ਼ੀਸਦੀ ਭਾਗੀਦਾਰ ਮੌਸਮੀ ਸਮਾਂ ਬਦਲਣ ਦੀ ਪ੍ਰਥਾ ਖਤਮ ਕਰਨ ਦੇ ਹੱਕ ਵਿੱਚ ਸਨ। ਇਨ੍ਹਾਂ ਵਿੱਚੋਂ 58 ਫ਼ੀਸਦੀ ਨੇ ਸਥਾਈ ਡੇਲਾਈਟ ਸੇਵਿੰਗ ਟਾਈਮ, ਜਦਕਿ 34 ਫ਼ੀਸਦੀ ਨੇ ਸਾਲ ਭਰ ਸਟੈਂਡਰਡ ਟਾਈਮ ਰੱਖਣ ਨੂੰ ਤਰਜੀਹ ਦਿੱਤੀ। ਮੈਨੀਟੋਬਾ ਦੇ ਪ੍ਰੀਮੀਅਰ ਵਾਬ ਕਿਨਿਊ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਰਾਏ ਸੁਣਨ ਤੋਂ ਬਾਅਦ ਇਹ ਫੈਸਲਾ ਲਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਸਾਲ ਵਿੱਚ ਦੋ ਵਾਰ ਘੜੀਆਂ ਬਦਲਣ ਨਾਲ ਪਰਿਵਾਰਾਂ, ਖਾਸ ਕਰਕੇ ਛੋਟੇ ਬੱਚਿਆਂ ਦੀ ਨੀਂਦ ਅਤੇ ਰੋਜ਼ਾਨਾ ਰੁਟੀਨ ਪ੍ਰਭਾਵਿਤ ਹੋ ਸਕਦੀ ਹੈ। ਮੈਨੀਟੋਬਾ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਸੂਬੇ ਵਿੱਚ ਸ਼ਾਮ ਦੇ ਸਮੇਂ ਵੱਧ ਰੌਸ਼ਨੀ ਰਹਿਣ ਨਾਲ ਰੈਸਟੋਰੈਂਟਾਂ, ਰਿਟੇਲ ਕਾਰੋਬਾਰਾਂ, ਕਿਸਾਨਾਂ ਅਤੇ ਭਾਈਚਾਰਿਆਂ ਨੂੰ ਲਾਭ ਹੋ ਸਕਦਾ ਹੈ। ਵਿਨੀਪੈਗ ਚੈਂਬਰ ਆਫ ਕਾਮਰਸ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਸਿਹਤ ਬਾਰੇ ਸਰਕਾਰੀ ਵਿਸ਼ਲੇਸ਼ਣ ਵਿੱਚ ਵੀ ਕਿਹਾ ਗਿਆ ਹੈ ਕਿ ਮੌਸਮੀ ਸਮਾਂ ਬਦਲਣ ਨੂੰ ਖਤਮ ਕਰਨਾ ਮੌਜੂਦਾ ਪ੍ਰਬੰਧ ਨੂੰ ਜਾਰੀ ਰੱਖਣ ਨਾਲੋਂ ਆਬਾਦੀ ਦੀ ਸਿਹਤ ਲਈ ਵਧੇਰੇ ਲਾਹੇਵੰਦ ਹੋ ਸਕਦਾ ਹੈ। ਹਾਲਾਂਕਿ, ਕੁਝ ਸਿਹਤ ਮਾਹਿਰਾਂ ਨੇ ਸਥਾਈ ਡੇਲਾਈਟ ਟਾਈਮ ਦੇ ਸਿਹਤ ਪ੍ਰਭਾਵਾਂ ਬਾਰੇ ਵੱਖਰੀ ਰਾਏ ਵੀ ਪ੍ਰਗਟ ਕੀਤੀ ਹੈ। ਮੈਨੀਟੋਬਾ ਹੁਣ ਕੈਨੇਡਾ ਦੇ ਉਨ੍ਹਾਂ ਸੂਬਿਆਂ ਅਤੇ ਇਲਾਕਿਆਂ ਵਿਚ ਸ਼ਾਮਿਲ ਹੋ ਗਿਆ ਹੈ, ਜੋ ਸਥਾਈ ਸਮਾਂ ਰੱਖਣ ਵੱਲ ਵਧ ਰਹੇ ਹਨ ਜਾਂ ਇਹ ਪ੍ਰਬੰਧ ਅਪਣਾ ਚੁੱਕੇ ਹਨ।