02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

03-02-26

Ad Position 21
No active advertisement
ਅਜੀਤ ਡੈਸਕ 03-02-2026

 ਪਲਾਸਟਿਕ 'ਤੇ ਲੱਗੇ ਰੋਕ
ਅੱਜਕੱਲ ਕਿਸੇ ਪਾਸੇ ਮਰਜ਼ੀ ਨਜ਼ਰ ਮਾਰੋ ਹਰ ਪਾਸੇ ਪਲਾਸਟਿਕ ਅਤੇ ਪੋਲੀਥੀਨ ਦਾ ਕਚਰਾ ਹੀ ਕਚਰਾ ਨਜ਼ਰ ਆਉਂਦਾ ਹੈ। ਇਹ ਕਚਰਾ ਅਜਿਹੀ ਕਿਸਮ ਦਾ ਹੁੰਦਾ ਹੈ, ਜਿਹੜਾ ਛੇਤੀ ਕਰਕੇ ਗਲਦਾ ਹੀ ਨਹੀਂ। ਸ਼ਹਿਰਾਂ, ਕਸਬਿਆਂ ਵਿਚ ਇਸ ਕਚਰੇ ਦੇ ਵੱਡੇ-ਵੱਡੇ ਢੇਰ ਆਮ ਹੀ ਵੇਖੇ ਜਾ ਸਕਦੇ ਹਨ। ਕਈ ਵਾਰ ਪੋਲੀਥੀਨ ਨੂੰ ਖਾਣ ਕਰਕੇ ਪਸ਼ੂਆਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸੀਵਰੇਜ ਨੂੰ ਇਹੀ ਪਲਾਸਟਿਕ ਕਚਰਾ ਅਤੇ ਪੋਲੀਥੀਨ ਹੀ ਬੰਦ ਕਰਦੇ ਹਨ। ਕਈ ਮੁਲਕਾਂ ਵਿਚ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੋਣ ਕਰਕੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਪਲਾਸਟਿਕ ਅਤੇ ਪੋਲੀਥੀਨ ਦੇ ਕਣ ਮਨੁੱਖੀ ਸਰੀਰ ਅੰਦਰ ਜਾਣ ਕਰਕੇ ਕੈਂਸਰ ਸਮੇਤ ਹੋਰ ਵੀ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ। ਪਿੰਡਾਂ ਵਿਚ ਪਸ਼ੂਆਂ ਦੇ ਕੂੜਾ ਖਾਦ ਵਿਚ ਮਿਲ ਕੇ ਖੇਤ ਵਿਚ ਜਾਣ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਵੀ ਵੱਡੇ ਪੱਧਰ 'ਤੇ ਘਟਾਉਂਦੇ ਹਨ। ਵਿਸ਼ਵ ਪੱਧਰੀ ਇਸ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਸਰਕਾਰਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਇਸ ਦਾ ਬਦਲ ਲੱਭਣਾ ਚਾਹੀਦਾ ਹੈ। ਲੋਕਾਂ ਨੂੰ ਇਸ ਦੀ ਵਰਤੋਂ ਕਰਨੀ ਹੀ ਬੰਦ ਕਰ ਦੇਣੀ ਚਾਹੀਦੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪਲਾਸਟਿਕ ਅਤੇ ਪੋਲੀਥੀਨ ਤੇ ਦੇਸ਼ ਵਿਚ ਪੂਰਨ ਪਾਬੰਦੀ ਹੀ ਲਗਾ ਦੇਵੇ। ਇਸ ਵਿਚ ਹੀ ਸਮੁੱਚੇ ਸਮਾਜ ਦੀ ਭਲਾਈ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਇਲਾਜ ਨਾਲੋਂ ਪ੍ਰਹੇਜ਼ ਚੰਗਾ

ਅੱਜ ਦੇ ਜ਼ਮਾਨੇ ਵਿਚ ਸਿਹਤ ਠੀਕ ਰਹਿਣੀ ਬਹੁਤ ਜ਼ਰੂਰੀ ਹੈ। ਜੇ ਅਸੀਂ ਤੰਦਰੁਸਤ ਹਾਂ ਤਾਂ ਸੰਸਾਰ ਵੀ ਸਾਨੂੰ ਸੋਹਣਾ ਲਗਦਾ ਹੈ, ਨਹੀਂ ਤਾਂ ਆਪਣੇ ਹੀ ਘਰ ਦੇ ਮੈਂਬਰਾਂ ਤੋਂ ਖਿਝ ਆਉਣੀ ਸ਼ੁਰੂ ਹੋ ਜਾਂਦੀ ਹੈ। ਸਿਆਣੇ ਕਹਿੰਦੇ ਹਨ ਕਿ ਜੇ ਅਸੀਂ ਤੰਦਰੁਸਤ ਹਾਂ ਤਾਂ ਸੁੱਕੀਆਂ ਰੋਟੀਆਂ ਵੀ ਪਰੌਂਠਿਆਂ ਵਾਂਗੂ ਲਗਦੀਆਂ ਹਨ। ਜੇ ਅਸੀਂ ਸਿਹਤ ਪੱਖੋਂ ਤੰਦਰੁਸਤ ਨਹੀਂ, ਤਾਂ ਚਾਹੇ ਪਾਰਕ ਜਾਂ ਖਿਲੀ ਹੋਈ ਕੁਦਰਤ ਦੀ ਗੋਦ ਵਿਚ ਬੈਠ ਜਾਈਏ, ਜਿਹੜੇ ਮਰਜ਼ੀ ਪੰਜ ਤਾਰਾ ਹੋਟਲ ਵਿਚ ਬੈਠ ਕੇ ਖਾਣਾ ਖਾ ਲਈਏ। ਤਾਂ ਵੀ ਕੋਈ ਅਨੰਦ ਨਹੀਂ ਆਉਂਦਾ। ਖਾਣ-ਪੀਣ, ਪਹਿਨਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ। ਘਰ ਵਿਚ ਕਲੇਸ਼ ਵਰਗਾ ਮਾਹੌਲ ਹੁੰਦਾ ਹੈ। ਘਰ ਦੇ ਹੀ ਮੈਂਬਰ ਇਕ ਦੂਜੇ ਨੂੰ ਵੱਢ ਖਾਣ ਨੂੰ ਪੈਂਦੇ ਹਨ। ਚੰਗੀ ਸਿਹਤ ਲਈ ਜ਼ਰੂਰੀ ਹੈ ਕਿ ਸੈਰ ਤੇ ਕਸਰਤ ਕਰੋ। ਹੋ ਸਕੇ ਤਾਂ ਸਾਈਕਲ ਵੀ ਚਲਾਉ, ਜੰਕ ਫੂਡ ਤੋਂ ਪਰਹੇਜ਼ ਕਰੋ। ਹਮੇਸ਼ਾ ਭੁੱਖ ਰੱਖ ਕੇ ਖਾਓ। ਘਰ ਵਿਚ ਸ਼ਾਂਤੀ ਦਾ ਮਾਹੌਲ ਪੈਦਾ ਕਰੋ। ਮਾਂ-ਪਿਓ ਦਾ ਸਤਿਕਾਰ ਕਰੋ। ਘਰ ਪਰਿਵਾਰਕ ਸਾਂਝ, ਪਿਆਰ, ਨਿਮਰਤਾ, ਸਹਿਣਸ਼ੀਲਤਾ ਨਾਲ ਬਣਦਾ ਹੈ। ਚੰਗੇ ਵਿਚਾਰਾਂ ਵਾਲੇ ਦੋਸਤਾਂ ਦਾ ਸੰਗ ਕਰੋ। ਚੰਗੀ ਸਿਹਤ ਲਈ ਵਧੀਆ ਪੌਸ਼ਟਿਕ ਭੋਜਨ ਖਾਓ। ਜੇ ਅਸੀਂ ਵਧੀਆ ਪੋਸ਼ਟਿਕ ਭੋਜਨ ਖਾਵਾਂਗੇ, ਵਧੀਆ ਸੋਚ ਰੱਖਾਂਗੇ, ਵਧੀਆ ਪਹਿਰਾਵਾ ਪਵਾਂਗੇ, ਤਾਂ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਾਂਗੇ ।ਪੈਸਾ ਹਰ ਜਗ੍ਹਾ ਕੰਮ ਨਹੀਂ ਆਉਂਦਾ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਚਾਈਨਾ ਡੋਰ ਦਾ ਕਹਿਰ

ਅਖ਼ਬਾਰਾਂ ਦੇ ਐਤਵਾਰ ਦੇ ਅੰਕ ਵਿਚ ਪਹਿਲੇ ਸਫ਼ੇ 'ਤੇ ਛਪੀ ਖ਼ਬਰ ਨੇ ਜਾਗਰੂਕ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਚਾਈਨਾ ਡੋਰ ਨਾਲ ਸਮਰਾਲਾ ਨੇੜੇ ਪਿੰਡ ਰੋਹਲੇ ਦੇ ਸਰਪੰਚ ਦੇ ਦਸਵੀਂ ਜਮਾਤ ਵਿਚ ਪੜ੍ਹਦੇ 15 ਸਾਲ ਦੇ ਇਕਲੌਤੇ ਪੁੱਤਰ ਦੀ ਸਕੂਲੋਂ ਆਉਂਦੇ ਦੀ ਦਰਨਾਕ ਮੌਤ ਹੋ ਗਈ। ਜਦੋਂ ਖ਼ੁਸ਼ੀਆਂ ਮਨਾਉਣ ਦੀ ਥਾਂ ਮਾਤਮੀ ਮਾਹੌਲ ਪੈਦਾ ਹੋ ਜਾਵੇ ਤਾਂ ਪਰਿਵਾਰ ਇਸ ਪੀੜਾ ਨੂੰ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦਾ। ਭਾਵੇਂ ਪ੍ਰਸ਼ਾਸਨ ਵਲੋਂ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ ਤਾਂ ਇਹ ਜਾਨਲੇਵਾ ਡੋਰ ਬੱਚਿਆਂ ਦੇ ਹੱਥਾਂ ਵਿਚ ਕਿਵੇਂ ਆ ਰਹੀ ਹੈ, ਇਹ ਪ੍ਰਸ਼ਾਸਨ ਦੀ ਲਾਪਰਵਾਹੀ ਹੈ। ਰੋਜ਼ਾਨਾ ਚਾਈਨਾ ਡੋਰ ਨਾਲ ਮੌਤਾਂ ਅਤੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਆਉਂਦੀਆਂ ਹਨ। ਜਦੋਂ ਤੱਕ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਨਹੀਂ ਕੀਤੇ ਜਾਂਦੇ, ਉਨਾ ਚਿਰ ਤੱਕ ਠੱਲ੍ਹ ਨਹੀਂ ਪਏਗੀ। ਸਾਰੇ ਮਾਪਿਆਂ ਨੂੰ ਮੰਦਭਾਗੀਆਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ। ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਉੱਪਰ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

-ਮੇਜਰ ਸਿੰਘ ਨਾਭਾ

ਤਰਕ

ਤਰਕ ਇਕ ਗੁੰਝਲਦਾਰ ਕਿਰਿਆ ਹੈ। ਜਿਸ ਵਿਚ ਸੁਗੰਠਿਤ ਬੁੱਧੀ ਦੀ ਲੋੜ ਹੁੰਦੀ ਹੈ। ਕਿਸੇ ਵੀ ਸਮੱਸਿਆ ਦੇ ਹੱਲ ਸੰਬੰਧੀ ਸੋਚ ਅਤੇ ਤਰਕ ਦੋਨੋਂ ਹੀ ਲੁਪਤ ਅਤੇ ਗੁਪਤ ਵਿਹਾਰ ਹਨ। ਸੋਚ ਦੇ ਉੱਚਤਮ ਤੇ ਸੁਧਰੇ ਰੂਪ ਨੂੰ ਤਰਕ ਕਿਹਾ ਜਾਂਦਾ ਹੈ। ਮਨ ਵਿਚ ਕਿਸੇ ਉਦੇਸ਼ ਜਾਂ ਟੀਚੇ ਨੂੰ ਨਿਰਧਾਰਿਤ ਕਰਕੇ ਕ੍ਰਮਬੱਧ ਢੰਗ ਨਾਲ ਸੋਚ ਕਰਨਾ ਤਰਕ ਕਹਾਉਂਦਾ ਹੈ। ਤਰਕ ਇਕ ਅਜਿਹਾ ਨਾਂਅ ਹੈ ਜਿਹੜਾ ਉਦੇਸ਼ ਪੂਰਨ, ਕੰਟਰੋਲ ਕੀਤੀ ਅਤੇ ਚੁਣੀ ਹੋਈ ਸੋਚ ਲਈ ਵਰਤਿਆ ਜਾਂਦਾ ਹੈ।
ਤਰਕ ਵਿਚ ਵਿਅਕਤੀ ਆਪਣੇ ਪਹਿਲੇ ਗਿਆਨ ਅਤੇ ਪਹਿਲੇ ਤਜਰਬਿਆਂ ਦੀ ਵਰਤੋਂ ਕਰਦਾ ਹੈ। ਮਨੁੱਖ ਆਪਣੇ ਤਜਰਬਿਆਂ ਅਤੇ ਪਹਿਲੇ ਗਿਆਨ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਸਾਵਧਾਨੀ ਨਾਲ ਕੀਤੇ ਵਿਸ਼ਲੇਸ਼ਣ ਦੀ ਸਹਾਇਤਾ ਨਾਲ ਮਨੁੱਖ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਨਵੇਂ ਸਿਧਾਂਤਾਂ, ਨਵੇਂ ਨਿਯਮਾਂ ਅਤੇ ਨਵੀਆਂ ਸ਼ੈਲੀਆਂ ਵਿਚ ਵੰਡਿਆ ਜਾ ਸਕਦਾ ਹੈ।
ਪਹਿਲਾ ਨਿਗਮਨ ਤਰਕ ਅਤੇ ਦੂਜਾ ਆਗਮਨ ਤਰਕ। ਪਹਿਲੇ ਨਿਗਮਨ ਤਰਕ ਵਿਚ ਮਨੁੱਖ ਸਮੱਸਿਆਵਾਂ ਦਾ ਹੱਲ, ਸਮੱਸਿਆਂ ਨਾਲ ਸੰਬੰਧਿਤ ਪਹਿਲੇ ਸਥਾਪਿਤ ਹੋੇ ਤੱਥਾਂ ਅਤੇ ਸਿਧਾਂਤਾਂ ਦੀ ਵਰਤੋਂ ਕਰਕੇ ਕਰਦਾ ਹੈ। ਆਗਮਨ ਤਰਕ ਵਿਚ ਮਨੁੱਖ ਵਿਸ਼ੇਸ਼ ਘਟਨਾ ਅਤੇ ਸਥਿਤੀ ਅਨੁਸਾਰ ਨਵੇਂ ਸਿਧਾਂਤਾਂ ਦੀ ਖੋਜ ਕਰਕੇ ਉਨ੍ਹਾਂ ਦੀ ਵਰਤੋਂ ਕਰਕੇ ਸਮੱਸਿਆਵਾਂ ਦਾ ਹੱਲ ਕਰਦਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਗੜ੍ਹਸ਼ੰਕਰ (ਹੁਸ਼ਿਆਰਪੁਰ)

ਸੰਤੁਲਿਤ ਖ਼ੁਰਾਕ ਖਾਓ

ਸਾਨੂੰ ਵਧੀਆ ਸਿਹਤ ਲਈ ਨਰੋਈ ਖ਼ੁਰਾਕ ਚਾਹੀਦੀ ਹੈ, ਵਧੀਆ ਖ਼ੁਰਾਕ ਹੀ ਸਾਡੀ ਦਵਾਈ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਦਵਾਈ ਨੂੰ ਰੋਜ਼ਾਨਾ ਦੀ ਖ਼ੁਰਾਕ ਬਣਾ ਲਈਏ। ਸਾਨੂੰ ਸਹੀ ਮਾਤਰਾ ਵਿਚ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਜਿਸ ਵਿਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਿਟਾਮਿਨ, ਮਿਨਰਲ, ਪਾਣੀ, ਫੈਟ ਆਦਿ ਲੋੜ ਦੇ ਮੁਤਾਬਿਕ ਹੋਣੇ ਚਾਹੀਦੇ ਹਨ।
ਭੁੱਖ ਰੱਖ ਕੇ ਭੋਜਨ ਖਾਣਾ ਚਾਹੀਦਾ ਹੈ। ਸੰਤੁਲਿਤ ਭੋਜਨ ਵਿਚ ਦੁੱਧ, ਦਹੀਂ, ਪਨੀਰ, ਆਂਡੇ, ਸਬਜ਼ੀਆਂ, ਫਲ਼, ਗੁੜ ਚੀਨੀ ਸਭ ਕੁਝ ਹੋਣਾ ਚਾਹੀਦਾ ਹੈ। ਸਾਨੂੰ ਖੱਟੀਆਂ ਚੀਜ਼ਾਂ ਜਿਵੇਂ ਅਚਾਰ, ਚਟਣੀਆਂ ਤੇ ਤਲੀਆਂ ਚੀਜ਼ਾਂ ਤੇ ਫਾਸਟ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਸੀਂ ਪਕੌੜੇ, ਸਮੋਸੇ, ਟਿੱਕੀ ਭਟੂਰੇ, ਬਰਗਰ, ਪੀਜ਼ਾ, ਨੂਡਲਜ਼ ਖਾਂਦੇ ਨਹੀਂ ਸਗੋਂ ਪਸ਼ੂਆਂ ਦੀ ਤਰ੍ਹਾਂ ਚਰਦੇ ਹਾਂ। ਇਹ ਸਾਰੇ ਫਾਸਟ ਫੂਡ ਤੇਲ ਜਾਂ ਰਿਫਾਇੰਡ ਵਿਚ ਬਣੀ ਹੋਣ ਕਰਕੇ ਇਨ੍ਹਾਂ 'ਚੋਂ ਕਲੋਰੀਆਂ ਤਾਂ ਖ਼ਤਮ ਹੋ ਜਾਂਦੀਆਂ ਹਨ, ਪਿੱਛੇ ਚਰਬੀ ਦੀ ਮਾਤਰਾ ਰਹਿ ਜਾਂਦੀ ਹੈ, ਜਿਸ ਕਰਕੇ ਸਾਡਾ ਮੋਟਾਪਾ ਤੇ ਕੋਲੈਸਟ੍ਰੋਲ ਬਲੱਡ ਪ੍ਰੈਸ਼ਰ ਵਧਣ ਕਰਕੇ ਦਿਲ ਦੇ ਰੋਗ ਲੱਗ ਜਾਂਦੇ ਹਨ।

-ਡਾ. ਨਰਿੰਦਰ ਭੱਪਰ ਝਬੇਲਵਾਲੀ।

Ad Position 22
No active advertisement
ਪਿਛਲੀ ਖ਼ਬਰ ਗਹਿਰੀ ਧੁੰਦ ਕਾਰਨ ਹਰਿਆਣਾ ਰੋਡਵੇਜ਼ ਦੀ ਬੱਸ ਹਾਦਸਾਗ੍ਰਸਤ, 6 ਫੱਟੜ <br/> ਅਗਲੀ ਖ਼ਬਰ ਭਾਰਤ-ਯੂਰਪੀਅਨ ਸੰਘ ਸਮਝੌਤੇ ਕਾਰਨ ਅਮਰੀਕਾ ਹੋਇਆ ਪ੍ਰੇਸ਼ਾਨ
Ad Position 24