ਟੋਹਾਣਾ/ਜਾਖ਼ਲ, 2 ਫਰਵਰੀ (ਮਨਜੀਤ ਸਿੰਘ)-ਹਿਸਾਰ-ਚੰਡੀਗੜ੍ਹ ਹਾਈਵੇ 'ਤੇ ਹਰਿਆਣਾ ਰੋਡਵੇਜ਼ ਦੀ ਬੱਸ ਗਹਿਰੀ ਧੁੰਦ ਕਾਰਨ ਅੱਗਿਓਾ ਰਸਤਾ ਦਿਖਾਈ ਨਾ ਦੇਣ ਕਾਰਨ ਸੜਕ ਤੋਂ ਹੇਠਾਂ ਲਹਿ ਗਈ, ਜਿਸ 'ਚ 6 ਸਵਾਰੀਆਂ ਫੱਟੜ ਹੋ ਗਈਆਂ | ਹਰਿਆਣਾ ਰੋਡਵੇਜ਼ ਦੇ ਕੁਰੂਕਸ਼ੇਤਰ ਡਿਪੂ ਦੀ ਬੱਸ ਐਚ. ਆਰ. 65 ਜੀਵੀ 5505 ਜੋ ਕੁਰੂਕਸ਼ੇਤਰ ਤੋਂ ਹਿਸਾਰ ਜਾ ਰਹੀ ਸੀ, ਸੰਘਣੀ ਧੁੰਦ ਕਰਕੇ ਸੜਕੋਂ ਲਹਿ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸੰਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਦੀ ਬੱਸ ਕੁਰੂਕਸ਼ੇਤਰ ਤੋਂ ਹਿਸਾਰ ਜਾ ਰਹੀ ਸੀ ਕਿ ਜਦੋਂ ਬੱਸ ਬਰਵਾਲਾ ਸ਼ਹਿਰ ਪਾਰ ਕਰਕੇ ਹਿਸਾਰ ਵੱਲ ਨੂੰ ਜਾ ਰਹੀ ਸੀ ਤਾਂ ਗਹਿਰੀ ਧੁੰਦ ਕਰਕੇ ਡਰਾਈਵਰ ਨੂੰ ਅੱਗਿਓਾ ਕੁਝ ਵੀ ਦਿਖਾਈ ਨਾ ਦੇਣ ਕਰਕੇ ਬੱਸ ਸੜਕ ਤੋਂ ਥੱਲੇ ਉਤਰ ਗਈ ਜੋ ਸੜਕ ਦੀਆਂ ਕਿਨਾਰੀਆਂ ਨਾਲ ਜਾ ਟਕਰਾਈ ਅਤੇ ਪਲਟਣੋਂ ਬਚ ਗਈ | ਜਿਸ 'ਚ ਛੇ ਸਵਾਰੀਆਂ ਫੱਟੜ ਹੋ ਗਈਆਂ, ਜਿਨ੍ਹਾਂ ਨੂੰ ਬਰਵਾਲਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਪਹੁੰਚਾਇਆ ਗਿਆ | ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ | ਘਟਨਾ ਤੋਂ ਬਾਅਦ ਪਿੱਛੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਦੂਜੀ ਬੱਸ 'ਚ ਸਵਾਰੀਆਂ ਨੂੰ ਬਿਠਾ ਕੇ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਇਆ ਗਿਆ | ਘਟਨਾ ਤੋਂ ਬਾਅਦ ਡਰਾਇਵਰ ਬਹੁਤ ਘਬਰਾਇਆ ਹੋਇਆ ਸੀ | ਇਸ ਸੰਬੰਧੀ ਮੁਲਾਜ਼ਮ ਜਸਵਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਜ਼ਿਆਦਾ ਹੋਣ ਕਰਕੇ ਵੱਡਾ ਸੜਕ ਹਾਦਸਾ ਹੁੰਦਾ ਹੁੰਦਾ ਬਚ ਗਿਆ ਹੈ ਜਿਸ 'ਚ 6 ਸਵਾਰੀਆਂ ਫੱਟੜ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਬਰਵਾਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਹੈ |