ਟੋਹਾਣਾ/ਜਾਖ਼ਲ, 24 ਜਨਵਰੀ (ਮਨਜੀਤ ਸਿੰਘ)-ਐਮ. ਯੂ. ਐੱਚ. ਜੈਨ ਗਲੋਬਲ ਸਕੂਲ ਟੋਹਾਣਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ | ਪ੍ਰੋਗਰਾਮ ਦੀ ਸ਼ੁਰੂਆਤ ਗਿਆਨ ਦੀ ਦੇਵੀ ਸਰਸਵਤੀ ਦੀ ਪੂਜਾ (ਸਰਸਵਤੀ ਪੂਜਨ) ਨਾਲ ਹੋਈ, ਜਿਥੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਿੱਖਣ, ਬੁੱਧੀ ਤੇ ਸਫ਼ਲਤਾ ਲਈ ਪ੍ਰਾਰਥਨਾ ਕੀਤੀ | ਇਸ ਮੌਕੇ ਸਕੂਲ ਪ੍ਰਬੰਧਨ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਪਤੰਗ ਉਡਾਉਣ ਦਾ ਮੁਕਾਬਲਾ ਕਰਵਾਇਆ, ਜਿਸ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ | ਚੌਥੀ ਜਮਾਤ ਦੇ ਆਰੀਅਨ ਨੇ ਪਤੰਗ ਉਡਾਉਣ ਦੇ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਤੀਜੀ ਜਮਾਤ ਦੇ ਕਾਰਤਿਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਪੰਜਵੀਂ ਜਮਾਤ ਦੇ ਨੈਤਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂਆਂ ਨੂੰ ਸਕੂਲ ਪ੍ਰਬੰਧਨ ਤੇ ਅਧਿਆਪਕਾਂ ਵਲੋਂ ਦਿਲੋਂ ਵਧਾਈ ਦਿੱਤੀ ਗਈ | ਪਿ੍ੰਸੀਪਲ ਪੂਨਮ ਚਾਵਲਾ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਵਿਚ ਸੱਭਿਆਚਾਰ, ਕਦਰਾਂ-ਕੀਮਤਾਂ ਤੇ ਆਤਮ-ਵਿਸ਼ਵਾਸ ਨੂੰ ਵਧਾਉਂਦੇ ਹਨ | ਸਕੂਲ ਸਕੱਤਰ ਐਨ. ਕੇ. ਜੈਨ ਤੇ ਚੇਅਰਮੈਨ ਅਜੇ ਜੈਨ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਸਮਾਗਮ ਰਾਹੀਂ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਤੇ ਪਰੰਪਰਾਵਾਂ ਨਾਲ ਜੋੜਨ ਦਾ ਇਕ ਸਾਰਥਕ ਯਤਨ ਕੀਤਾ |