ਕਾਲਾਂਵਾਲੀ/ਸਿਰਸਾ, 23 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸੀ. ਆਈ. ਏ. ਸਟਾਫ ਕਾਲਾਂਵਾਲੀ ਨੇ ਪਿੰਡ ਕਾਲਾਂਵਾਲੀ ਵਿਚ ਗਹਿਣੇ ਤੇ ਨਕਦੀ ਚੋਰੀ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ | ਇਹ ਜਾਣਕਾਰੀ ਡੀ. ਐਸ. ਪੀ. ਡੱਬਵਾਲੀ ਕਪਿਲ ਅਹਿਲਾਵਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਪੂਰੀ ਜਾਂਚ, ਤਕਨੀਕੀ ਵਿਸ਼ਲੇਸ਼ਣ ਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਸੀ. ਆਈ. ਏ. ਕਾਲਾਂਵਾਲੀ ਟੀਮ ਨੇ ਮਾਮਲੇ ਵਿਚ ਤੁਰੰਤ ਕਾਰਵਾਈ ਕੀਤੀ ਤੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ | ਮੁਲਜ਼ਮ ਦੇ ਕਬਜ਼ੇ ਵਿਚੋਂ ਚੋਰੀ ਕੀਤੇ ਗਹਿਣੇ ਬਰਾਮਦ ਕਰ ਲਏ ਗਏ ਹਨ | ਮੁਲਜ਼ਮਾਂ ਦੀ ਪਛਾਣ ਕਾਲਾਂਵਾਲੀ ਪਿੰਡ ਦੇ ਵਾਸੀ ਵਿੱਕੀ ਤੇ ਚਰਨਜੀਤ ਉਰਫ਼ ਮੰਗਾ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ 19 ਫਰਵਰੀ 2026 ਨੂੰ ਸ਼ਿਕਾਇਤਕਰਤਾ ਪ੍ਰਮੋਦ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਪਿੰਡ ਕਾਲਾਂਵਾਲੀ ਨੇ ਥਾਣਾ ਕਾਲਾਂਵਾਲੀ ਵਿਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ 17 ਫਰਵਰੀ 2026 ਨੂੰ ਉਹ ਆਪਣੇ ਪਰਿਵਾਰ ਨਾਲ ਆਪਣੇ ਪਿਤਾ ਲਈ ਦਵਾਈ ਲੈਣ ਲਈ ਮੁਹਾਲੀ ਹਸਪਤਾਲ ਗਏ ਸਨ | ਜਦੋਂ ਉਹ 18 ਫਰਵਰੀ 2026 ਦੀ ਰਾਤ ਨੂੰ ਘਰ ਵਾਪਸ ਆਇਆ ਤਾਂ ਉਸ ਨੇ ਘਰ ਦੇ ਤਾਲੇ ਤੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਪਾਏ ਤੇ ਅਲਮਾਰੀ 'ਚੋਂ ਅਣਪਛਾਤੇ ਵਿਅਕਤੀ ਵਲੋਂ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ 20,000 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ | ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਕਾਲਾਂਵਾਲੀ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ | ਮੁਲਜ਼ਮਾਂ ਤੋਂ ਬਰਾਮਦ ਕੀਤੇ ਗਏ ਗਹਿਣਿਆਂ ਵਿਚ ਇਕ ਸੋਨੇ ਦਾ ਹਾਰ, ਇਕ ਸੋਨੇ ਦੀ ਚੇਨ, ਚਾਰ ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦਾ ਕੋਕਾ, ਦੋ ਚਾਂਦੀ ਦੀਆਂ ਪਜੇਬਾਂ ਤੇ ਇਕ ਚਾਂਦੀ ਦੀ ਚੇਨ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਹਨ ਤੇ ਆਪਣੀ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਚੋਰੀਆਂ ਕਰਦੇ ਹਨ | ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਕਈ ਦੋਸ਼ ਦਾਇਰ ਕੀਤੇ ਗਏ ਹਨ |