ਜ਼ੀਰਾ, 2 ਅਪ੍ਰੈਲ (ਰਜਨੀਸ਼ ਕਥੂਰੀਆ)-ਬੀਤੇ ਦਿਨ ਸਮੁੱਚੇ ਪੰਜਾਬ ਵਿਚ ਆਏ ਹਨੇਰੀ,ਝੱਖੜ ਅਤੇ ਗੜੇ੍ਹਮਾਰੀ ਕਾਰਨ ਪੰਜਾਬ ਦੇ ਅਨੇਕਾਂ ਜ਼ਿਲਿ੍ਹਆਂ ਵਿਚ ਕਿਸਾਨਾਂ ਦੀ ਲਗਭਗ ਪੱਕ ਕੇ ਕੱਟਣ ਲਈ ਤਿਆਰ ਖੜੀ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ | ਇਹ ਜਾਣਕਾਰੀ ਨਿੰਦਿਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਅਤੇ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸੁਨੇਰ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਫਰੀਦਕੋਟ ਅਤੇ ਫਿਰੋਜ਼ਪੁਰ ਤੋਂ ਇਲਾਵਾ ਹੋਰ ਵੀ ਕਈ ਜਿਲਿਆਂ ਵਿਚ ਕਿਸਾਨਾਂ ਦੀ ਖੇਤਾਂ ਵਿਚ ਖੜੀ ਕਣਕ ਦੇ ਸਿੱਟਿਆਂ ਵਿਚੋਂ ਦਾਣੇ ਕਿਰ ਗਏ ਹਨ ਅਤੇ ਫਸਲ ਖੇਤਾਂ ਵਿਚ ਲੰਮੀ ਪੈ ਗਈ ਹੈ | ਜਿਸ ਕਾਰਨ ਕਣਕ ਦੇ ਝਾੜ 'ਤੇ ਇਸ ਦਾ ਵੱਡਾ ਅਸਰ ਪਵੇਗਾ | ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਆਲੂਆਂ ਅਤੇ ਮਟਰਾਂ ਦੇ ਮੰਦੇ ਬਾਜ਼ਾਰ ਨੇ ਕਿਸਾਨਾਂ ਦਾ ਕਾਫ਼ੀ ਆਰਥਿਕ ਕਿਸਾਨ ਕੀਤਾ ਹੈ ਅਤੇ ਹੁਣ ਕੁਦਰਤ ਦੀ ਕਰੋਪੀ ਦੇ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਦਾ ਵੱਡੀ ਮਾਤਰਾ ਵਿਚ ਨੁਕਸਾਨ ਹੋ ਗਿਆ ਹੈ |