ਯਮੁਨਾਨਗਰ, 1 ਮਈ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਦੀ ਪ੍ਰਧਾਨਗੀ ਅਤੇ ਐਸ. ਪੀ. ਕਮਲਦੀਪ ਗੋਇਲ ਦੀ ਮੌਜੂਦਗੀ 'ਚ ਨਸ਼ਿਆਂ ਦੀ ਰੋਕਥਾਮ ਲਈ ਐਨਕਾਰਡ ਮੀਟਿੰਗ ਸੱਦੀ ਗਈ | ਇਸ ਮੌਕੇ ਡਿਪਟੀ ਸਿਵਲ ਸਰਜਨ (ਮਾਨਸਿਕ ਸਿਹਤ ਅਤੇ ਨਸ਼ਾ ਛੁਡਾਊ) ਡਾ. ਬੁਲਬੁਲ ਕਟਾਰੀਆ ਨੇ ਜ਼ਿਲ੍ਹਾ ਸਿਵਲ ਹਸਪਤਾਲ ਵਿਖੇ ਚਲਾਈਆਂ ਜਾ ਰਹੀਆਂ ਓ. ਏ. ਟੀ. ਐਫ./ਓ. ਐਸ. ਟੀ. ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਡਾ. ਬੁਲਬੁਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪ੍ਰੀਤੀ ਦੀ ਅਗਵਾਈ ਹੇਠ ਓ. ਏ. ਟੀ. ਐਫ/ਓ. ਐਸ. ਟੀ. ਪ੍ਰੋਗਰਾਮ ਬੀਤੀ 8 ਅਪ੍ਰੈਲ ਤੋਂ ਜ਼ਿਲ੍ਹੇ 'ਚ ਸਫਲਤਾਪੂਰਵਕ ਚੱਲ ਰਿਹਾ ਹੈ, ਜਿਸ ਦੀ ਅਗਵਾਈ ਮੈਡੀਕਲ ਅਫ਼ਸਰ ਮਾਨਸਿਕ ਸਿਹਤ ਅਤੇ ਨਸ਼ਾ ਛੁਡਾਊ ਡਾ. ਨਵੀਨ ਸ਼ਰਮਾ ਵਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦਾ ਮੁੱਖ ਉਦੇਸ਼ ਵਿਗਿਆਨਕ ਅਤੇ ਡਾਕਟਰੀ ਪਹੁੰਚ ਰਾਹੀਂ ਨਸ਼ੇੜੀਆਂ ਨੂੰ ਨਸ਼ੇ ਤੋਂ ਦੂਰ ਕਰਨਾ ਹੈ | ਉਨ੍ਹਾਂ ਦੱਸਿਆ ਕਿ ਓ. ਏ. ਟੀ. ਐਫ./ਓ. ਐਸ. ਟੀ. ਸਹੂਲਤ ਦੌਰਾਨ ਮਰੀਜ਼ਾਂ ਦਾ ਇਲਾਜ ਦਵਾਈ ਨਾਲ ਕੀਤਾ ਜਾਂਦਾ ਹੈ, ਜਿਸ ਨਾਲ ਹੌਲੀ-ਹੌਲੀ ਨਸ਼ਿਆਂ 'ਤੇ ਉਨ੍ਹਾਂ ਦੀ ਨਿਰਭਰਤਾ ਘੱਟ ਜਾਂਦੀ ਹੈ | ਉਨ੍ਹਾਂ ਦਸਿਆ ਕਿ ਇਹ ਪ੍ਰਕਿਰਿਆ ਟੀ. ਬੀ. ਲਈ ਚਲਾਏ ਗਏ ਡੋਟਸ ਪ੍ਰੋਗਰਾਮ ਦੇ ਸਾਮਾਨ ਹੈ, ਜਿਥੇ ਕਿ ਪ੍ਰਭਾਵਸ਼ਾਲੀ ਇਲਾਜ ਨੂੰ ਯਕੀਨੀ ਬਣਾਉਣ ਲਈ ਮਰੀਜ਼ਾਂ ਨੂੰ ਰੋਜ਼ਾਨਾ ਡਾਕਟਰ ਦੀ ਨਿਗਰਾਨੀ ਹੇਠ ਦਵਾਈ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਨਸ਼ਿਆਂ ਤੋਂ ਪੀੜਤ ਮਰੀਜ਼ਾਂ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਦੇ ਕਮਰਾ ਨੰ. 110 'ਚ ਬੁਲਾਇਆ ਜਾਂਦਾ ਹੈ ਅਤੇ ਡਾਕਟਰ ਦੀ ਨਿਗਰਾਨੀ ਹੇਠ ਦਵਾਈ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਨਿਯਮਿਤ ਕਾਊਾਸਲਿੰਗ ਵੀ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਰੋਜ਼ਾਨਾ 15 ਤੋਂ 20 ਮਰੀਜ਼ ਇਸ ਸਹੂਲਤ ਦਾ ਲਾਭ ਲੈ ਰਹੇ ਹਨ | ਇਸੇ ਦੌਰਾਨ ਡਾ. ਨਵੀਨ ਸ਼ਰਮਾ ਨੇ ਕਿਹਾ ਕਿ ਇਹ ਸਹੂਲਤ ਜ਼ਿਲ੍ਹੇ 'ਚ ਨਸ਼ੇ ਦੀ ਸਮੱਸਿਆ ਨੂੰ ਕੰਟਰੋਲ ਕਰਨ ਵੱਲ ਇਕ ਮਜ਼ਬੂਤ ਕਦਮ ਹੈ ਅਤੇ ਭਵਿੱਖ 'ਚ ਇਸ ਦਾ ਹੋਰ ਵਿਸਥਾਰ ਕੀਤਾ ਜਾਵੇਗਾ, ਜਦਕਿ ਮੁਲਾਂਕਣ ਅਧਿਕਾਰੀ ਸੁਧਾਂਸ਼ੂ ਸਪਰਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਯਮੁਨਾਨਗਰ ਜ਼ਿਲ੍ਹੇ 'ਚੋਂ ਨਸ਼ੇ ਦੀ ਲਤ ਨੂੰ ਖਤਮ ਕਰਨਾ ਹੈ ਅਤੇ ਇਸ ਦਿਸ਼ਾ 'ਚ ਓ. ਏ. ਟੀ. ਐਫ./ਓ. ਐਸ. ਟੀ. ਵਰਗੀਆਂ ਪਹਿਲਕਦਮੀਆਂ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੋ ਰਹੀਆਂ ਹਨ | ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ, ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ, ਵਿਆਸਪੁਰ ਦੇ ਐਸ. ਡੀ. ਐਮ. ਜਸਪਾਲ ਸਿੰਘ ਗਿੱਲ, ਛਛਰੌਲੀ ਦੇ ਐਸ. ਡੀ. ਐਮ. ਰੋਹਿਤ ਕੁਮਾਰ, ਰਾਦੌਰ ਦੇ ਐਸ. ਡੀ. ਐਮ. ਨਰਿੰਦਰ ਕੁਮਾਰ, ਡੀ. ਪੀ. ਆਰ. ਓ. ਡਾ. ਮਨੋਜ ਕੁਮਾਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰੇਮਲਤਾ, ਐਡਵੋਕੇਟ ਸੁਸ਼ੀਲ ਆਰੀਆ, ਡਰੱਗ ਕੰਟਰੋਲ ਅਧਿਕਾਰੀ ਬਿੰਦੂ ਧੀਮਾਨ, ਡਾ. ਨਵੀਨ ਮਨੋਵਿਗਿਆਨੀ ਅਤੇ ਡੀ. ਡੀ. ਏ. ਆਦਿਤਿਆ ਪ੍ਰਤਾਪ ਡਬਾਸ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ |