ਨਵੀਂ ਦਿੱਲੀ, 2 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਕਾਬਗੰਜ ਗੁਰਦੁਆਰਾ ਸਾਹਿਬ ਵਿਖੇ ਲੱਗੇ ਕੈਰੀਅਰ ਗਾਈਡੈਂਸ ਮੇਲੇ ਵਿਚ ਬੱਚਿਆਂ ਦਾ ਪੂਰਾ ਹੁੰਗਾਰਾ ਮਿਲ ਰਿਹਾ ਹੈ | ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਬੱਚਿਆਂ ਨੂੰ ਸਲਾਹ ਮਸ਼ਵਰਾ ਦਿੱਤਾ ਜਾ ਰਿਹਾ ਹੈ ਕਿ ਉਹ ਆਪਣਾ ਕੈਰੀਅਰ ਕਿਵੇਂ ਬਣਾਉਣ | ਮੇਲੇ ਵਿਚ ਲੱਗੇ ਵੱਖ-ਵੱਖ ਸਟਾਲਾਂ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮਾਹਿਰ ਉੱਥੇ ਆ ਰਹੇ ਬੱਚਿਆਂ ਦੇ ਨਿੱਜੀ ਪ੍ਰਸ਼ਨਾਂ ਦਾ ਉੱਤਰ ਵੀ ਦੇ ਰਹੇ ਹਨ ਅਤੇ ਨਾਲ ਇਹ ਵੀ ਦੱਸ ਰਹੇ ਹਨ ਕਿ ਪੰਜਾਬੀ ਸਾਹਿਤ ਨਾਲ ਸਿਵਲ ਸੇਵਾਵਾਂ ਦੇ ਦਰਵਾਜ਼ੇ ਖੁੱਲ੍ਹੇ ਹਨ ਅਤੇ ਯੂ.ਪੀ.ਐਸ.ਸੀ. ਉਮੀਦਵਾਰਾਂ ਲਈ ਆਈ.ਏ.ਐਸ./ਆਈ.ਪੀ.ਐਸ. ਬਣਨ ਦੇ ਮੌਕੇ ਵੀ ਮਿਲ ਸਕਦੇ ਹਨ | ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਸੀਨੀਅਰ ਲੈਕਚਰਾਰ ਪ੍ਰਕਾਸ਼ ਸਿੰਘ ਗਿੱਲ ਬੱਚਿਆਂ ਨੂੰ ਇਸ ਮੇਲੇ ਵਿਚ ਦੱਸ ਰਹੇ ਹਨ ਕਿ ਮਾਂ-ਬੋਲੀ ਪੰਜਾਬੀ ਨੂੰ ਆਪਣੀ ਸਫਲਤਾ ਦਾ ਜ਼ਰੀਆ ਬਣਾਓ | ਉਨ੍ਹਾਂ ਇਹ ਵੀ ਦੱਸਿਆ ਕਿ ਯੂ.ਪੀ.ਐਸ.ਸੀ. ਦੀ ਮੁੱਖ ਪ੍ਰੀਖਿਆ ਵਿਚ ਪੰਜਾਬੀ ਸਾਹਿਤ ਸਭ ਤੋਂ ਵੱਧ ਅੰਕ ਦਿਵਾਉਣ ਵਾਲੇ ਵਿਸ਼ਿਆਂ ਵਿਚੋਂ ਇਕ ਰਿਹਾ ਹੈ | ਇਸ ਤਰ੍ਹਾਂ ਹੋਰ ਵੀ ਅਨੇਕਾਂ ਸਟਾਲਾਂ ਤੋਂ ਵਿਦਿਆਰਥੀ ਗਾਈਡੈਂਸ ਲੈ ਰਹੇ ਹਨ |