ਸਿਰਸਾ, 14 ਮਈ (ਭੁਪਿੰਦਰ ਪੰਨੀਵਾਲੀਆ)- ਸੀਆਈਏ ਪੁਲਿਸ ਸਿਰਸਾ ਨੇ ਦੋ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਨਜਾਇਜ਼ ਅਸਲੇ ਸਮੇਤ ਗਿ੍ਫਤਾਰ ਕੀਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ਸੀਆਈਏ ਪੁਲਿਸ ਟੀਮ ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਦੀ ਇੱਕ ਪੁਲਿਸ ਟੀਮ ਗਸ਼ਤ ਅਤੇ ਚੈਕਿੰਗ ਦੌਰਾਨ ਨਾਥੂਸਰੀ ਚੌਪਾਟਾ ਤੋਂ ਪਿੰਡ ਨਾਹਰਾਣਾ ਵੱਲ ਜਾ ਰਹੀ ਸੀ | ਇਸੇ ਦੌਰਾਨ ਪਿੰਡ ਨਹਿਰਾਣਾ ਦੇ ਗਊਸ਼ਾਲਾ ਨੇੜੇ ਇੱਕ ਨੌਜਵਾਨ ਗਊਸ਼ਾਲਾ ਤੋਂ ਪੈਦਲ ਜਾਂਦਾ ਦਿਖਾਈ ਦਿੱਤਾ | ਪੁਲਿਸ ਦੀ ਗੱਡੀ ਦੇਖ ਕੇ ਨੌਜਵਾਨ ਅਚਾਨਕ ਪਿੱਛੇ ਮੁੜਿਆ ਅਤੇ ਪਿੰਡ ਦੇ ਗਊਸ਼ਾਲਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ | ਪੁਲਿਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਫੜ੍ਹ ਲਿਆ | ਪੁਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਪੰਕਜ ਵਾਸੀ ਨਹਿਰਾਣਾ ਦੱਸਿਆ | ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਕੋਲੋਂ ਇੱਕ ਨਜਾਇਜ਼ 32 ਬੋਰ ਦਾ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ | ਇੱਕ ਹੋਰ ਘਟਨਾ ਵਿੱਚ ਸੀਆਈਏ ਦੀ ਇੱਕ ਹੋਰ ਪੁਲਿਸ ਟੀਮ ਚਾਹਰਵਾਲਾ ਪਿੰਡ ਤੋਂ ਕਾਗਦਾਨ ਵੱਲ ਗਸ਼ਤ ਅਤੇ ਜਾਂਚ ਕਰ ਰਹੀ ਸੀ ਤਾਂ ਇੱਕ ਨੌਜਵਾਨ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਿਸ ਟੀਮ ਨੇ ਮੁਲਜ਼ਮ ਸ਼ਿਵ ਕੁਮਾਰ ਨੂੰ ਕਾਬੂ ਕਰ ਲਿਆ ਅਤੇ ਉਸਦੀ ਤਲਾਸ਼ੀ ਲੈਣ 'ਤੇ ਇੱਕ ਨਜਾਇਜ਼ 32 ਬੋਰ ਦਾ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ | ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |