ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਪੂਰਬੀ ਜ਼ਿਲ੍ਹੇ ਦੀ ਏ.ਏ.ਟੀ.ਐਸ. ਦੀ ਟੀਮ ਨੇ ਦੋ ਆਟੋ ਲਿਫਟਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਕੋਲੋਂ ਪੁਲਿਸ ਨੇ 6 ਮੋਟਰਸਾਈਕਲ (ਵੱਖ-ਵੱਖ ਕੰਪਨੀਆਂ ਦੇ) ਅਤੇ 5 ਚੋਰੀ ਕੀਤੇ ਮੋਬਾਈਲ (ਵੱਖ-ਵੱਖ ਕੰਪਨੀਆਂ) ਦੇ ਬਰਾਮਦ ਕੀਤੇ ਹਨ | ਇਨ੍ਹਾਂ ਦੋਸ਼ੀਆਂ ਦੇ ਨਾਂਅ ਮਨੋਜ ਉਰਫ਼ ਬਿਨੈ ਉਰਫ ਟਿੱਲੂ (35) ਰਾਜਬੀਰ ਕਾਲੋਨੀ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਇਹ ਪਹਿਲਾਂ ਕਈ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ | ਇਸ 'ਤੇ 15 ਮਾਮਲੇ ਕੇਵਲ ਅਪਰਾਧ ਦੇ ਹੀ ਹਨ | ਇਹ ਸ਼ਰਾਬ ਪੀਣ ਦਾ ਸ਼ੌਕੀਨ ਹੈ | ਦੂਸਰੇ ਦੋਸ਼ੀ ਦਾ ਨਾਂਅ ਅਨੁਰਾਗ ਉਰਫ਼ ਅੰਕਿਤ (36) ਹੈ ਅਤੇ ਇਹ ਵੀ ਦਿੱਲੀ ਦੇ ਇਲਾਕੇ ਰਾਜਬੀਰ ਕਾਲੋਨੀ ਦਾ ਰਹਿਣ ਵਾਲਾ ਹੈ | ਇਹ ਚੋਰੀ, ਲੁੱਟ-ਖਸੁੱਟ ਤੇ ਹੋਰ ਘਟਨਾਵਾਂ ਵਿਚ ਹੋਰਨਾਂ ਲੋਕਾਂ ਦੀ ਮਦਦ ਕਰਦਾ ਸੀ | ਦਿੱਲੀ ਦੇ ਪੂਰਬੀ ਜ਼ਿਲ੍ਹੇ ਵਿਚ ਆਟੋ ਲਿਫਟਿੰਗ, ਡਕੈਤੀ ਅਤੇ ਲੁੱਟ-ਖਸੁੱਟ ਦੀਆਂ ਘਟਨਾਵਾਂ ਪ੍ਰਤੀ ਪੁਲਿਸ ਨੇ ਪਿਛਲੇ ਦਿਨਾਂ ਤੋਂ ਮੁਹਿੰਮ ਚਲਾਈ ਹੋਈ ਸੀ ਅਤੇ ਉਨ੍ਹਾਂ ਨੂੰ ਇਕ ਬਾਈਕ 'ਤੇ ਸ਼ੱਕ ਪਿਆ | ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਿਸ ਨੇ ਇਨ੍ਹਾਂ ਦੋ ਬਾਈਕ ਸਵਾਰਾਂ ਨੂੰ ਫੜ ਲਿਆ, ਪੁਲਿਸ ਵਲੋਂ ਜਦੋਂ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਇਨ੍ਹਾਂ ਨੇ ਚੋਰੀ ਦੀਆਂ ਘਟਨਾਵਾਂ ਪ੍ਰਤੀ ਆਪਣੇ ਆਪ ਨੂੰ ਸ਼ਾਮਿਲ ਦੱਸਿਆ | ਇਨ੍ਹਾਂ ਨੇ ਚਾਰ ਮੋਟਰਸਾਈਕਲ ਜੋ ਕਿ ਕਿਤੇ ਛੁਪਾਏ ਹੋਏ ਸਨ | ਉਨ੍ਹਾਂ ਬਾਰੇ ਵੀ ਪੁਲਿਸ ਨੂੰ ਦੱਸਿਆ | ਪੁਲਿਸ ਨੇ ਇਹ ਬਾਈਕ ਵੀ ਆਪਣੇ ਕਬਜ਼ੇ ਵਿਚ ਲੈ ਲਏ ਹਨ | ਪੁਲਿਸ ਹੋਰ ਜਾਂਚ ਕਰ ਰਹੀ ਹੈ |