ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੀ.ਬੀ.ਐਸ.ਈ. ਦੇ ਮੁਲਾਂਕਣ ਅਤੇ ਉੱਤਰ-ਪੱਤਰੀ ਦੀ ਜਾਂਚ ਪੋਰਟਲ 'ਤੇ ਤਕਨੀਕੀ ਦਿੱਕਤ ਦੂਸਰੇ ਦਿਨ ਵੀ ਬਣੀ ਰਹਿਣ 'ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਰੋਸ ਹੈ | ਉਨ੍ਹਾਂ ਨੇ ਆਪਣਾ ਗੁੱਸਾ ਸੋਸ਼ਲ ਮੀਡੀਆ ਰਾਹੀਂ ਕੱਢਿਆ ਹੈ | ਉਧਰ ਸੀ.ਬੀ.ਐਸ. ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ 12ਵੀਂ ਕਲਾਸ ਦੀ ਉੱਤਰ-ਪੱਤਰੀ ਦੀ ਸਕੈਨ ਕਾਪੀ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਤਕਨੀਕੀ ਖ਼ਰਾਬੀ ਦੇ ਕਾਰਨ ਕੰਮ ਨਹੀਂ ਕਰ ਰਹੀ | ਉਨ੍ਹਾਂ ਉਮੀਦ ਜਤਾਈ ਸੀ ਕਿ ਇਹ ਖ਼ਰਾਬੀ ਜਲਦੀ ਹੀ ਠੀਕ ਹੋ ਜਾਵੇਗੀ | ਵਿਦਿਆਰਥੀ ਇਸ ਤੋਂ ਬਾਅਦ ਵੀ ਲਗਾਤਾਰ ਲੱਗੇ ਰਹੇ ਪ੍ਰੰਤੂ ਫਿਰ ਵੀ ਪੋਰਟਲ 'ਤੇ ਉਹੀ ਖ਼ਰਾਬੀ ਬਣੀ ਰਹਿਣ 'ਤੇ ਵਿਦਿਆਰਥੀਆਂ ਦਾ ਗੁੱਸਾ ਹੋਰ ਜ਼ਿਆਦਾ ਵਧ ਰਿਹਾ ਹੈ | ਇਸ ਪ੍ਰਤੀ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਹਨ, ਕਿਉਂਕਿ ਵੈੱਬਸਾਈਟ ਹੀ ਨਹੀਂ ਖੁੱਲ੍ਹ ਰਹੀ | ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ | ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸੀ.ਬੀ.ਐਸ.ਈ. ਤੋਂ ਮੰਗ ਕੀਤੀ ਹੈ ਕਿ ਸੀ.ਬੀ.ਐਸ.ਈ. ਪੋਰਟਲ ਦੀ ਤਕਨੀਕੀ ਸਮੱਸਿਆ ਜਲਦੀ ਠੀਕ ਕਰੇ ਅਤੇ ਇਸ ਮਾਮਲੇ ਪ੍ਰਤੀ ਅਪਲਾਈ ਕਰਨ ਦੀ ਮਿਤੀ ਹੋਰ ਵਧਾਏ | ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੋਰਟਲ ਥੋੜ੍ਹੇ ਸਮੇਂ ਲਈ ਖੁੱਲਿ੍ਹਆ ਸੀ ਪ੍ਰੰਤੂ ਬਾਅਦ ਵਿਚ ਫਿਰ ਸਮੱਸਿਆ ਆ ਗਈ |