ਨਵੀਂ ਦਿੱਲੀ, 25 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਥਾਣਾ ਅਸ਼ੋਕ ਨਗਰ ਦੀ ਪੁਲਿਸ ਨੇ ਇਕ ਵਿਜੈ (25) ਨਾਂਅ ਦੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਕਿ 9ਵੀਂ ਕਲਾਸ ਤੱਕ ਪੜਿ੍ਹਆ ਹੋਇਆ ਹੈ ਅਤੇ ਬੇਰੁਜ਼ਗਾਰ ਹੈ | ਇਸ 'ਤੇ ਥਾਣਾ ਗਾਜ਼ੀਪੁਰ ਵਿਖੇ 2 ਮਾਮਲੇ ਪਹਿਲਾਂ ਹੀ ਦਰਜ ਹਨ ਅਤੇ ਨਾਲ 6 ਹੋਰ ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ | ਇਸ ਕੋਲੋਂ ਪੁਲਿਸ ਨੇ ਇਕ ਝਪਟਿਆ ਹੋਇਆ ਮੋਬਾਈਲ ਅਤੇ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕੀਤਾ ਹੈ | ਅਸ਼ੋਕ ਨਗਰ ਥਾਣੇ ਦੀ ਪੁਲਿਸ ਕੋਲ ਇਕ ਲੜਕੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਆਪਣੇ ਦਫ਼ਤਰ ਜਾ ਰਹੀ ਸੀ ਅਤੇ ਉਹ ਪੁਰਾਣੀ ਕੋਂਡਲੀ ਇਲਾਕੇ ਵਿਚੋਂ ਲੰਘ ਰਹੀ ਸੀ ਕਿ ਇਕ ਅਣਪਛਾਤੇ ਵਿਅਕਤੀ ਜੋ ਕਿ ਮੋਟਰਸਾਈਕਲ 'ਤੇ ਸਵਾਰ ਸੀ, ਨੇ ਉਸਦਾ ਮੋਬਾਈਲ ਝਪਟ ਲਿਆ ਅਤੇ ਉਸੇ ਸਮੇਂ ਫ਼ਰਾਰ ਹੋ ਗਿਆ | ਪੁਲਿਸ ਨੇ ਆਪਣੀ ਟੀਮ ਬਣਾ ਕੇ ਤਕਰੀਬਨ 100 ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖੀ ਅਤੇ ਨਾਲ ਹੀ ਖ਼ੁਫੀਆ ਜਾਣਕਾਰੀ ਰਾਹੀਂ ਚੋਰ ਤੱਕ ਪੁਲਿਸ ਜਾ ਪੁੱਜੀ | ਪੁਲਿਸ ਨੇ ਚੋਰੀ ਕੀਤਾ ਮੋਟਰਸਾਈਕਲ ਤੇ ਮੋਬਾਈਲ ਬਰਾਮਦ ਕਰ ਲਿਆ | ਪੁਲਿਸ ਇਸ ਪ੍ਰਤੀ ਜਾਂਚ ਕਰਨ ਦੇ ਨਾਲ ਹੋਰ ਪੁੱਛ ਪੜਤਾਲ ਵੀ ਕਰ ਰਹੀ ਹੈ |