ਨਵੀਂ ਦਿੱਲੀ, 25 ਮਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਭਗੌੜੇ ਚੋਰ ਜੋਗਿੰਦਰ ਸਿੰਘ (36) ਨੂੰ ਦਿੱਲੀ ਦੇ ਅਲੀਪੁਰ ਇਲਾਕੇ ਵਿਚੋਂ ਗਿ੍ਫ਼ਤਾਰ ਕੀਤਾ ਹੈ ਜੋ ਕਿ ਚੋਰੀ ਅਤੇ ਅਪਰਾਧ ਦੇ 10 ਮਾਮਲਿਆਂ ਵਿਚ ਸ਼ਾਮਿਲ ਸੀ | ਇਹ ਚੋਰ ਤੀਸਰੀ ਕਲਾਸ ਤੱਕ ਪੜਿ੍ਹਆ ਹੋਇਆ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ | ਇਸ ਦੇ ਕੋਲ ਕੋਈ ਕੰਮ-ਧੰਦਾ ਨਹੀਂ ਸੀ, ਜਿਸ ਕਰਕੇ ਇਹ ਘਰਾਂ ਦੇ ਵਿਚ ਰਾਤ ਦੇ ਸਮੇਂ ਚੋਰੀਆਂ ਕਰਦਾ ਸੀ ਅਤੇ ਦਿਨ ਦੇ ਵਿਚ ਚਾਬੀ ਲਗਾਉਣ ਦੇ ਕੰਮ ਨਾਲ ਘਰਾਂ ਦੀ ਪਹਿਚਾਣ ਕਰਦਾ ਸੀ | ਇਹ ਪੁਲਿਸ ਦੀ ਨਜ਼ਰ ਤੋਂ ਬਚਣ ਦੇ ਲਈ ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਆਦਿ ਰਾਜਾਂ ਵਿਚ ਛੁਪਦਾ ਰਿਹਾ | ਇਹ ਆਪਣੇ ਟਿਕਾਣੇ ਲਗਾਤਾਰ ਬਦਲਦਾ ਰਹਿੰਦਾ ਸੀ | ਦਿੱਲੀ ਪੁਲਿਸ ਨੇ ਇਸ 'ਤੇ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ | ਪੁਲਿਸ ਨੇ ਇਸ ਚੋਰ ਨੂੰ ਲੱਭਣ ਦੇ ਲਈ ਤਕਨੀਕੀ ਨਿਗਰਾਨੀ, ਸਥਾਨਿਕ ਖੁਫ਼ੀਆ ਜਾਣਕਾਰੀ ਵੀ ਲਈ | ਇਸ ਚੋਰ ਨੇ ਮਾਲਵੀਆ ਨਗਰ ਦੇ ਇਲਾਕੇ ਵਿਚ ਇਕ ਘਰ ਦੇ ਅੰਦਰ ਚੋਰੀ ਕੀਤੀ ਅਤੇ ਉੱਥੋਂ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੈ ਗਿਆ | ਪੁਲਿਸ ਮਾਮਲਾ ਦਰਜ ਕਰ ਕੇ ਲਗਾਤਾਰ ਜਾਂਚ ਕਰ ਰਹੀ ਸੀ | ਪੁਲਿਸ ਇਸ ਤੋਂ ਹੋਰ ਚੋਰੀਆਂ ਅਤੇ ਅਪਰਾਧਿਕ ਮਾਮਲਿਆਂ ਦੇ ਬਾਰੇ ਪੁੱਛਗਿੱਛ ਕਰ ਰਹੀ ਹੈ |