ਨਵੀਂ ਦਿੱਲੀ, 25 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਏ. ਐਸ. ਬੀ. ਸੈੱਲ ਨੇ ਦਿੱਲੀ ਦੇ ਸਕਰਪੁਰ ਇਲਾਕੇ ਦੇ ਵਿਚ ਇਕ ਸੱਟਾ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ | ਇਸ ਦੇ ਪ੍ਰਤੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਅਤੇ ਪੁਲਿਸ ਨੇ ਛਾਪਾ ਮਾਰ ਕੇ ਸੱਟੇਬਾਜ਼ਾਂ ਨੂੰ ਕਾਬੂ ਕਰ ਲਿਆ | ਇਨ੍ਹਾਂ ਦੇ ਕੋਲੋਂ ਪੁਲਿਸ ਨੇ 8540 ਰੁਪਏ, ਇਸ ਅਸਮਾਨੀ ਨੀਲੇ ਰੰਗ ਦਾ ਆਫ਼ਿਕਸ 5-ਬੀ. ਪੈਨ, ਸੱਟੇਬਾਜ਼ੀ ਵਾਲੀਆਂ 9 ਸਲਿੱਪਾਂ ਅਤੇ ਇਕ ਹਿਸਾਬ-ਕਿਤਾਬ ਵਾਲੀ ਡਾਇਰੀ ਫੜੀ ਹੈ | ਇਨ੍ਹਾਂ ਫੜੇ ਗਏ ਦੋਸ਼ੀਆਂ ਦੇ ਨਾਂਅ ਸੰਭੂ ਦਾਸ (34) ਨਿਵਾਸੀ ਸ਼ਕਰਪੁਰ ਦਿੱਲੀ, ਵਿਜੈ ਅਹਿਰਵਾਰ (42) ਨਿਵਾਸੀ ਗਣੇਸ਼ ਨਗਰ ਦਿੱਲੀ, ਪ੍ਰਦੀਪ ਕੁਮਾਰ (50) ਨਿਵਾਸੀ ਸ਼ਕਰਪੁਰ ਦਿੱਲੀ, ਮਹੇਸ਼ ਕੁਮਾਰ ਅਹਿਰਵਾਰ (36) ਨਿਵਾਸੀ, ਸ਼ਕਰਪੁਰ ਦਿੱਲੀ ਅਤੇ ਸੂਰਜ ਬਿਸਵਾਸ਼ (31) ਨਿਵਾਸੀ ਸ਼ਕੂਰਪੁਰ ਦਿੱਲੀ ਹਨ | ਇਕ ਸੱਟੇਬਾਜ਼ ਨੇ ਪੁਲਿਸ ਨੂੰ ਦੱਸਿਆ ਕਿ ਉਹ 'ਸੱਟਾ ਕਿੰਗ' ਦੇ ਨਾਂਅ ਹੇਠ ਆਨਲਾਈਨ ਸੱਟਾ ਵੀ ਚਲਾਉਂਦਾ ਸੀ ਅਤੇ ਸਲਿੱਪਾਂ 'ਤੇ ਨੰਬਰ ਲਿਖ ਕੇ ਸੱਟਾ ਲਾਉਂਦਾ ਸੀ | ਪੁਲਿਸ ਨੇ ਇਨ੍ਹਾਂ ਨੂੰ ਉਦੋਂ ਛਾਪਾ ਮਾਰ ਕੇ ਫੜਿਆ ਜਦੋਂ ਸਕਰਪੁਰ ਦੇ ਇਲਾਕੇ ਵਿਚ ਇਹ ਲੋਕ ਸੱਟਾ ਲਗਾਉਂਦੇ ਸਨ | ਜਦੋਂ ਇਨ੍ਹਾਂ ਕੋਲ ਪੁਲਿਸ ਪੁੱਜੀ ਤਾਂ ਇਨ੍ਹਾਂ ਨੇ ਸੱਟਾ ਖੇਡਣ ਦਾ ਸਾਮਾਨ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ ਪੰ੍ਰਤੂ ਪੁਲਿਸ ਨੇ ਇਨ੍ਹਾਂ ਨੂੰ ਫੜ ਲਿਆ | ਪੁਲਿਸ ਇਨ੍ਹਾਂ ਤੋਂ ਹੋਰ ਵੀ ਜਾਣਕਾਰੀ ਲੈ ਰਹੀ ਹੈ |