ਸਿਰਸਾ, 30 ਮਈ (ਭੁਪਿੰਦਰ ਪੰਨੀਵਾਲੀਆ)- ਪੁਲੀਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀਆਈਏ ਥਾਣਾ ਪੁਲੀਸ ਨੇ ਗਸ਼ਤ ਦੌਰਾਨ ਪਿੰਡ ਸ਼ਾਹਪੁਰ ਬੇਗੂ ਇਲਾਕੇ ਤੋਂ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਥਾਣਾ ਪੁਲੀਸ ਟੀਮ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਭਰਤ ਸਿੰਘ, ਰੋਹਿਤ, ਗੁਰਪ੍ਰੀਤ ਸਿੰਘ ਵਾਸੀ ਪਿੰਡ ਸ਼ਾਹਪੁਰ ਬੇਗੂ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਸੀਆਈਏ ਸਿਰਸਾ ਦੀ ਇੱਕ ਟੀਮ ਗਸ਼ਤ ਦੌਰਾਨ ਪਿੰਡ ਸ਼ਾਹਪੁਰ ਬੇਗੂ ਇਲਾਕੇ ਵਿੱਚ ਮੌਜੂਦ ਸੀ | ਉਸ ਸਮੇਂ ਸਾਹਮਣੇ ਤੋਂ ਤਿੰਨ ਨੌਜਵਾਨਾਂ ਨੂੰ ਇੱਕ ਮੋਟਰਸਾਈਕਲ 'ਤੇ ਆਉਂਦੇ ਦੇਖਿਆ ਗਿਆ | ਸਾਹਮਣੇ ਪੁਲੀਸ ਦੀ ਗੱਡੀ ਦੇਖ ਕੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅਚਾਨਕ ਮੋਟਰਸਾਈਕਲ ਪਿੱਛੇ ਮੋੜ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ | ਸ਼ੱਕ ਦੇ ਆਧਾਰ 'ਤੇ ਪੁਲੀਸ ਨੇ ਨੌਜਵਾਨਾਂ ਨੂੰ ਫੜ ਲਿਆ ਤੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਹੋਈ ਜੋ ਤੋਲਣ 'ਤੇ 7 ਗ੍ਰਾਮ 340 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ | ਸੀਆਈਏ ਇੰਚਾਰਜ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਸਦਰ ਥਾਣਾ ਵਿੱਚ ਨਾਰਕੋਟਿਕ ਡਰੱਗਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸਦਰ ਥਾਣਾ ਨੂੰ ਸੌਂਪ ਦਿੱਤੀ ਗਈ ਹੈ |