ਨਵੀਂ ਦਿੱਲੀ, 30 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪਾਣੀ ਪ੍ਰਤੀ ਜਲ ਬੋਰਡ ਕੋਲ ਵੱਡੀ ਗਿਣਤੀ ਵਿਚ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ | ਇਨ੍ਹਾਂ ਸ਼ਿਕਾਇਤਾਂ ਵਿਚ ਪਾਣੀ ਦੀ ਸਪਲਾਈ ਦਾ ਨਾ ਹੋਣਾ, ਗੰਦਾ ਪਾਣੀ ਆਉਣਾ, ਪਾਣੀ ਹੋਲੀ ਰਫਤਾਰ ਵਿਚ ਆਉਣਾ, ਪਾਣੀ ਦੀ ਪਾਈਪ ਵਿਚ ਲੀਕੇਜ ਆਦਿ ਸ਼ਾਮਿਲ ਹਨ | ਜਲ ਬੋਰਡ ਦਾ ਕਹਿਣਾ ਹੈ ਕਿ ਰੋਜ਼ਾਨਾ ਪਾਣੀ ਪ੍ਰਤੀ ਹਜ਼ਾਰਾਂ ਦੀ ਗਿਣਤੀ ਵਿਚ ਸ਼ਿਕਾਇਤਾਂ ਮਿਲ ਰਹੀਆਂ | ਪਾਣੀ ਦੇ ਟੈਂਕਰਾਂ ਪ੍ਰਤੀ ਇਸ ਦੀ ਸਪਲਾਈ ਪ੍ਰਤੀ 190 ਤੋਂ ਲੈ ਕੇ 200 ਦੇ ਕਰੀਬ ਸ਼ਿਕਾਇਤਾਂ ਆ ਰਹੀਆਂ ਹਨ | ਜਲ ਬੋਰਡ ਦੇ ਅਧਿਕਾਰੀ ਵੀ ਇਨ੍ਹਾਂ ਦਿਨਾਂ ਵਿਚ ਬੇਵਸ ਹਨ ਕਿਉਂਕਿ ਪਿੱਛੇ ਤੋਂ ਹੀ ਪਾਣੀ ਦੀ ਕਮੀ ਹੋ ਗਈ ਹੈ ਅਤੇ ਯਮੁਨਾ ਵਿਚ ਪਾਣੀ ਦਾ ਪੱਧਰ ਕਾਫੀ ਘੱਟ ਹੋਣ 'ਤੇ ਪਾਣੀ ਦੀ ਸਮੱਸਿਆ ਖੜ੍ਹੀ ਹੋ ਗਈ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਯਮੁਨਾ ਵਿਚ ਪਾਣੀ ਦਾ ਪੱਧਰ ਵਧੇਗਾ ਤਾਂ ਲੋਕਾਂ ਦੀਆਂ ਸ਼ਿਕਾਇਤਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ | ਜਲ ਬੋਰਡ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਹਰਿਆਣਾ ਤੋਂ ਯਮੁਨਾ ਲਈ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ ਅਤੇ ਉਹ ਹਰਿਆਣਾ ਸਰਕਾਰ ਨੂੰ ਪਾਣੀ ਦੇਣ ਬਾਰੇ ਕਹਿ ਵੀ ਚੁੱਕੇ ਹਨ ਪਰੰਤੂ ਅਜੇ ਤੱਕ ਇਸ ਦਾ ਹੱਲ ਨਹੀਂ ਹੋ ਸਕਿਆ | ਵਰਨਣਯੋਗ ਹੈ ਕਿ ਦਿੱਲੀ ਕੋਲ ਆਪਣਾ ਪਾਣੀ ਦਾ ਕੋਈ ਸਰੋਤ ਨਹੀਂ ਹੈ ਅਤੇ ਪਾਈਪਾਂ 'ਚੋਂ ਪਾਣੀ ਲੀਕ ਹੋਣਾ ਵੀ ਵੱਡੀ ਸਮੱਸਿਆ ਬਣੀ ਹੋਈ ਹੈ |