ਨਵੀਂ ਦਿੱਲੀ, 30 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਟਰੈਫਿਕ ਪੁਲਿਸ ਨੇ ਹੁਣ ਟਰੈਫਿਕ ਨਿਯਮਾਂ ਦੇ ਪਾਲਣ ਨੂੰ ਹੋਰ ਵੀ ਪਾਰਦਰਸ਼ੀ ਅਤੇ ਤਕਨੀਕੀ ਰੂਪ ਤੋਂ ਆਸਾਨ ਬਣਾਉਣ ਦੇ ਉਦੇਸ਼ ਨਾਲ ਚਾਲਾਨ ਅਤੇ ਟਰੈਫਿਕ ਪ੍ਰਬੰਧਨ ਸਿਸਟਮ ਵਿਚ ਵੱਡਾ ਤਕਨੀਕੀ ਬਦਲਾਓ ਕੀਤਾ ਹੈ | ਹੁਣ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕ ਮੌਕੇ 'ਤੇ ਹੀ ਡਿਜੀਟਲ ਮਾਧਿਅਮ ਤੋਂ ਚਲਾਨ ਦਾ ਭੁਗਤਾਨ ਕਰ ਸਕਣਗੇ | ਇਸ ਪ੍ਰਕਿਰਿਆ ਪ੍ਰਤੀ ਟਰੈਫਿਕ ਪੁਲਿਸ ਕਰਮਚਾਰੀਆਂ ਨੂੰ ਈ-ਚਾਲਾਨ ਮਸ਼ੀਨਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਯੂ.ਪੀ.ਆਈ., ਡੈਬਿਟ ਕਾਰਡ ਅਤੇ ਕਰੈਡਿਟ ਕਾਰਡ ਤੋਂ ਉਸੇ ਸਮੇਂ ਭੁਗਤਾਨ ਕੀਤਾ ਜਾ ਸਕੇਗਾ | ਇਸ ਪ੍ਰਕਿਰਿਆ ਨਾਲ ਲੋਕਾਂ ਨੂੰ ਨਕਦ ਭੁਗਤਾਨ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ | ਦਿੱਲੀ ਟਰੈਫਿਕ ਪੁਲਿਸ ਨੇ ਡਿਜੀਟਲ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਤਕਰੀਬਨ 1500 ਨਵੀਆਂ ਮਸ਼ੀਨਾਂ ਖਰੀਦੀਆਂ ਹਨ ਅਤੇ ਫੀਲਡ ਵਿਚ ਡਿਊਟੀ ਦੇ ਰਹੇ ਆਪਣੇ ਕਰਮਚਾਰੀਆਂ ਨੂੰ ਦਿੱਤੀਆਂ ਹਨ | ਇਨ੍ਹਾਂ ਨਵੀਆਂ ਮਸ਼ੀਨਾਂ ਵਿਚ ਕਈ ਆਧੁਨਿਕ ਸਹੂਲਤਾਂ ਹਨ ਜਿਨ੍ਹਾਂ ਨਾਲ ਟਰੈਫਿਕ ਪੁਲਿਸ ਕਰਮਚਾਰੀਆਂ ਅਤੇ ਲੋਕਾਂ ਨੂੰ ਆਸਾਨੀ ਹੋਵੇਗੀ |